ਰੱਬ ਦੀ ਹੋਂਦ ਅਤੇ ਜਾਣਕਾਰੀ

4/17/2017 6:01:40 AM

ਰੱਬ ਨੂੰ ਪੂਜਣ ਵਾਲੇ ਲੋਕਾਂ ਦੀ ਤਾਦਾਦ ਸੰਸਾਰ ''ਚ ਕਾਫੀ ਜ਼ਿਆਦਾ ਹੈ ਪਰ ਕੁਝ ਲੋਕ ਐਸੇ ਵੀ ਹਨ, ਜੋ ਰੱਬ ਦੀ ਹੋਂਦ ਤੋਂ ਮੁਨਕਰ ਹਨ। ਉਹ ਅਨੇਕ ਤਰ੍ਹਾਂ ਦੀਆਂ ਮਿਸਾਲਾਂ ਦੇ ਕੇ ਰੱਬ ਦੀ ਅਣਹੋਂਦ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ 1947 ਦੇ ਫਸਾਦਾਂ ''ਚ ਅਣਗਿਣਤ ਬੰਦੇ ਮਰ ਗਏ, ਗਰੀਬ ਲੋਕ ਭੁੱਖ ਨਾਲ ਸਾਰੇ ਸੰਸਾਰ ''ਚ ਤੜਫ-ਤੜਫ ਕੇ ਮਰ ਰਹੇ ਹਨ। ਦੰਗਿਆਂ ''ਚ ਅਤੇ ਝਗੜਿਆਂ ''ਚ ਅਨੇਕਾਂ ਬੰਦੇ ਮਰ ਰਹੇ ਹਨ। ਜੇਕਰ ਕਿਤੇ ਰੱਬ ਹੋਵੇ ਤਾਂ ਇਹ ਸਭ ਕੁਝ ਦੇਖ ਕੇ ਇਸ ਦਾ ਹੱਲ ਨਾ ਕਰੇ ਪਰ ਜੋ ਲੋਕ ਰੱਬ ਦੀ ਹੋਂਦ ਨੂੰ ਮੰਨ ਕੇ ਪੂਜਦੇ ਹਨ, ਵਿਸ਼ਵਾਸ ਕਰਦੇ ਹਨ, ਦਿਨ-ਰਾਤ ਧਰਮ ਦੇ ਨਾਂ ''ਤੇ ਅਨੇਕ ਪੂਜਾ-ਪਾਠ ਕਰ ਰਹੇ ਹਨ, ਉਹ ਰੱਬ ਦੀ ਹੋਂਦ ਨੂੰ ਮੰਨ ਕੇ ਅਤੇ ਵਿਸ਼ਵਾਸ ਕਰਕੇ ਹੀ ਪੂਜਦੇ ਹਨ।
ਪੀਰਾਂ, ਪੈਗੰਬਰਾਂ ਅਤੇ ਸੰਤਾਂ-ਮਹਾਤਮਾਵਾਂ ਦੀਆਂ ਅਮਰ ਬਾਣੀਆਂ ਇਹ ਦਰਸਾਉਂਦੀਆਂ ਹਨ ਕਿ ਉਪਰੋਕਤ ਦੋਵਾਂ ਤਰ੍ਹਾਂ ਦੇ ਲੋਕ ਰੱਬ ਦੀ ਹੋਂਦ ਨੂੰ ਜਾਣਦੇ ਨਹੀਂ ਹਨ, ਸਿਰਫ ਆਪਣੇ-ਆਪਣੇ ਧਿਆਨ ''ਚ ਮੰਨ ਕੇ ਪੂਜਦੇ ਅਤੇ ਵਿਰੋਧ ਕਰਦੇ ਹਨ। ਧਰਮ ਗ੍ਰੰਥਾਂ ''ਚ ਲਿਖਿਆ ਮਿਲਦਾ ਹੈ ਕਿ ਪਰਮਾਤਮਾ ਹਰ ਸਮੇਂ ਹਰ ਜਗ੍ਹਾ ਹਾਜ਼ਰ ਹੁੰਦਾ ਹੈ। ਇਸ ਗੱਲ ਦੀ ਪ੍ਰੋੜਤਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ''ਚ ਪੰਨਾ ਨੰਬਰ 1429 ''ਤੇ ਕੀਤੀ ਗਈ ਹੈ।
ਰਾਮ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦ
ਕਹੁ ਨਾਨਕ ਇਹ ਜਗਤ ਮਹਿ ਕਿਨ ਜਪਿਓ ਗੁਰਮੰਤ
ਬ੍ਰਹਮ ਦੀ ਹੋਂਦ ਅਤੇ ਜਾਣਕਾਰੀ ਬਾਰੇ ਹੋਰ ਵੀ ਅਨੇਕਾਂ ਜਗ੍ਹਾ ''ਤੇ ਵਰਣਨ ਮਿਲਦਾ ਹੈ: ਸਵਾਮੀ ਵਿਵੇਕਾਨੰਦ ਨੇ ਆਪਣੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ ਜੀ ਤੋਂ ਪੁੱਛਿਆ ਸੀ ਕਿ ਕੀ ਆਪ ਨੇ ਪਰਮਾਤਮਾ ਦੇਖਿਆ ਹੈ? ਉਨ੍ਹਾਂ ਨੇ ਕਿਹਾ ਕਿ ਹਾਂ, ਮੈਂ ਪਰਮਾਤਮਾ ਨੂੰ ਦੇਖਿਆ ਹੈ, ਉਵੇਂ ਹੀ ਦੇਖਿਆ ਹੈ ਜਿਵੇਂ ਮੈਂ ਤੈਨੂੰ ਦੇਖ ਰਿਹਾ ਹਾਂ ਬਲਕਿ ਹੋਰ ਵੀ ਜ਼ਿਆਦਾ ਤੀਬਰਤਾ ਨਾਲ।
ਪੀਟਰ ਮਾਰਸ਼ਲ ਨੇ ਕਿਹਾ ਸੀ ਕਿ ‘Spritiual Reality is a matter of perception, not Proof.’ (ਭਾਵ ਅਧਿਆਤਮਕ ਸੱਚਾਈ ਅਨੁਭਵ ਦਾ ਵਿਸ਼ਾ ਹੈ, ਸਬੂਤਾਂ ਦਾ ਨਹੀਂ)
ਭਗਵਦ ਗੀਤਾ ਦੇ ਚੌਥੇ ਅਧਿਆਇ ਦੇ 34ਵੇਂ ਸਲੋਕ ਵਿਚ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਸਮਝਾਉਂਦੇ ਹਨ ਕਿ ਗਿਆਨ ਦੀ ਪ੍ਰਾਪਤੀ ਤੈਨੂੰ ਅਧਿਆਤਮਕ ਗੁਰੂਆਂ ਦੀ ਸੰਗਤ ਪ੍ਰਾਪਤ ਕਰਕੇ ਹੋ ਸਕਦੀ ਹੈ, ਤੂੰ ਉਨ੍ਹਾਂ ਕੋਲ ਸ਼ਰਧਾ ਨਾਲ ਜਾ, ਉਨ੍ਹਾਂ ਨੂੰ ਪ੍ਰਣਾਮ ਕਰਨ ਨਾਲ, ਉਨ੍ਹਾਂ ਤੋਂ ਪ੍ਰਸ਼ਨ ਪੁੱਛਣ ਨਾਲ ਅਤੇ ਉਨ੍ਹਾਂ ਦੀ ਸੇਵਾ ਨਾਲ ਇਹ ਤੱਤਵ ਦਰਸ਼ਨ ਗਿਆਨੀ ਤੈਨੂੰ ਬ੍ਰਹਮ ਦਾ ਅਨੁਭਵ ਕਰਵਾਉਣਗੇ।
ਵਾਸਤਵ ਵਿਚ ਬ੍ਰਹਮ ਦਾ ਅਨੁਭਵ ਜੀਵਨ ਦੀ ਕਾਇਆ-ਕਲਪ ਕਰ ਦਿੰਦਾ ਹੈ। ਸੰਤਾਂ ਦਾ ਮਿਲਾਪ ਸੇਵਾ ਦੀ ਲਗਨ ਤੇ ਸਿਮਰਨ ਦੀ ਲਗਾਤਾਰਤਾ ਇਸ ਨੂੰ ਉੱਚੀਆਂ ਮੰਜ਼ਿਲਾਂ ''ਤੇ ਪਹੁੰਚਾ ਦਿੰਦੀ ਹੈ। ਜਿਸ ਤਰ੍ਹਾਂ ਹਨੇਰੀ ਦਾ ਬੁੱਲਾ ਰੇਤ ਦੇ ਕਣਾਂ ਨੂੰ ਆਸਮਾਨ ''ਤੇ ਪਹੁੰਚਾ ਦਿੰਦਾ ਹੈ ਪਰ ਉਹੀ ਰੇਤ ਪਾਣੀ ਵਿਚ ਭਿੱਜ ਕੇ ਚਿੱਕੜ ਬਣ ਜਾਂਦੀ ਹੈ। ਜਿਸ ਬ੍ਰਹਮ ਅਨੁਭਵੀ ਦਾ ਹਰ ਪਲ ਪਰਮਾਤਮਾ ਦੀ ਯਾਦ ਵਿਚ ਗੜੂੰਦ ਰਹਿੰਦਾ ਹੈ, ਉਹ ਰਹਿੰਦੀ ਦੁਨੀਆ ਤੱਕ ਸਿਤਾਰੇ ਵਾਂਗ ਚਮਕਦਾ ਹੈ।
ਬ੍ਰਹਮ ਦਾ ਗਿਆਨ ਇਕ ਐਸਾ ਅਨੁਭਵ ਹੈ, ਜਿਹੜਾ ਕਿ ਮਨੁੱਖ ਦੇ ਅੰਤਰੀਵ ਤੋਂ ਚਸ਼ਮੇ ਦੀ ਤਰ੍ਹਾਂ ਫੁੱਟਦਾ ਹੈ ਤੇ ਵਹਿ ਤੁਰਦਾ ਹੈ, ਜਿਸ ਵਿਚ ਤਾਰੀਆਂ ਲਾਉਂਦਾ ਮਨੁੱਖ ਇਕ ਅਗੰਮੀ ਆਨੰਦ ਦਾ ਅਹਿਸਾਸ ਕਰਦਾ ਹੈ। ਸਾਰਾ ਆਲਾ-ਦੁਆਲਾ ਪਿਆਰ ਨਾਲ ਭਿੱਜ ਜਾਂਦਾ ਹੈ। ਸੁਪਨਮਈ ਅਵਸਥਾ ਦਾ ਅਹਿਸਾਸ ਹੁੰਦਾ ਹੈ। ਪਿਆਰ ਵਿਚ ਪਿਆਰੇ ਨੂੰ ਗਲਵੱਕੜੀ ਪਾਉਣ ਨੂੰ ਜੀਅ ਲੋਚਦਾ ਹੈ ਪਰ ਇਹ ਤਾਂ ਨਿਰਾ-ਨੂਰ ਹੈ। ਹੱਥ ਵਿਚ ਆਉਣ ਵਾਲਾ ਨਹੀਂ। ਇਸ ਨੇ ਤਾਂ ਸਾਰਿਆਂ ਨੂੰ ਆਪਣੀ ਬੁੱਕਲ ਵਿਚ ਲਿਆ ਹੋਇਆ ਹੈ। ਇਸ ਨੂੰ ਟਿਕਟਿਕੀ ਲਾ ਕੇ ਵੇਖੀ ਜਾਣ ਨੂੰ ਜੀਅ ਸਕਦਾ ਹੈ। ਇਸ ਦੀ ਹੋਂਦ ਦਾ ਅਹਿਸਾਸ ਕਰਵਾਉਣ ਵਾਲੇ ਮਹਾਤਮਾ ਦੇ ਚਰਨਾਂ ''ਤੇ ਸਿਰ ਰੱਖ ਕੇ ਵਾਰੇ-ਵਾਰੇ ਜਾਣ ਨੂੰ ਜੀਅ ਕਰਦਾ ਹੈ।
—ਕੇ. ਐੱਲ. ਗੋਇਲ (ਡਾ.)