ਮੌਕਾ ਦਸਤਕ ਦਿੰਦਾ ਹੈ

1/12/2018 8:51:41 AM

ਜਲੰਧਰ— ਕੁਝ ਲੋਕ ਅਕਸਰ ਆਪਣੀ ਸੱਤਾ ਨੂੰ ਬਚਾਈ ਰੱਖਣ ਲਈ ਸਮਾਜ 'ਤੇ ਡਰ ਥੋਪਦੇ ਹਨ ਅਤੇ ਦੂਜਿਆਂ ਵਿਚ ਅਸੁਰੱਖਿਆ ਦੀ ਭਾਵਨਾ ਬਣਾਈ ਰੱਖਣਾ ਚਾਹੁੰਦੇ ਹਨ ਪਰ ਡਰੇ ਹੋਏ ਲੋਕ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅਜਿਹੇ ਮਾਹੌਲ ਨੂੰ ਬਣਾਉਣ ਦਾ ਕੰਮ ਸਾਡੇ ਵਿਚੋਂ ਹੀ ਕੁਝ ਲੋਕ ਕਰਦੇ ਹਨ। ਇਸ ਨੂੰ ਬਦਲਿਆ ਜਾ ਸਕਦਾ ਹੈ ਪਰ ਸ਼ਰਤ ਹੈ ਕਿ ਅਸੀਂ ਆਪਣੀ ਤਾਕਤ ਨੂੰ ਪਛਾਣ ਲਈਏ। ਇਸ ਨਾਲ ਨਾ ਸਿਰਫ ਅੱਜ ਨੂੰ ਸੁਆਰਿਆ ਜਾ ਸਕਦਾ ਹੈ, ਸਗੋਂ ਭਵਿੱਖ ਦੇ ਡਰ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਰਾਬਰਟ ਐੱਚ. ਸ਼ੁਲਕ ਨੇ ਬੜੀ ਚੰਗੀ ਗੱਲ ਕਹੀ ਹੈ ਕਿ—''ਸੁਪਨਿਆਂ ਵਿਚ ਵਿਸ਼ਵਾਸ ਕਰੋ, ਸਦਮਿਆਂ ਵਿਚ ਨਹੀਂ। ਨਿਰਾਸ਼ਾ ਦੇ ਤਜਰਬੇ ਨੂੰ ਆਪਣੇ ਭਵਿੱਖ ਨੂੰ ਆਕਾਰ ਦੇਣ ਦੀ ਇਜਾਜ਼ਤ ਨਾ ਦਿਓ।'' ਨਿਰਾਸ਼ਾ ਖੁਦ ਪ੍ਰਤੀ ਬੇਭਰੋਸਗੀ ਹੈ, ਜੋ ਅਸਥਿਰ ਤੇ ਅਸ਼ਾਂਤ ਕਰਦੀ ਹੈ। ਹਾਂਪੱਖੀ ਨਹੀਂ ਬਣਨ ਦਿੰਦੀ। ਹਰ ਕਿਸੇ ਨੂੰ ਪਤਾ ਹੈ ਕਿ ਹਾਂਪੱਖੀ ਵਿਚਾਰਾਂ ਵਿਚ ਚੰਗਿਆਈ ਦੀਆਂ ਅਣਗਿਣਤ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਹਨ, ਸਿਰਫ ਉਨ੍ਹਾਂ ਨੂੰ ਜਗਾਉਣ ਤੇ ਵਿਕਸਿਤ ਕਰਨ ਦੀ ਲੋੜ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕੁਝ ਮੁੰਡੇ-ਕੁੜੀਆਂ ਨੇ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ ਅਜਿਹਾ ਐਪ ਸ਼ੁਰੂ ਕੀਤਾ, ਜੋ ਖੂਨ ਦੀ ਕਮੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰ ਸਕੇ। ਇਨ੍ਹਾਂ ਮੁੰਡੇ-ਕੁੜੀਆਂ ਨੇ ਆਪਣੇ ਇਕ ਦੋਸਤ ਦੇ ਪਿਤਾ ਨੂੰ ਦੁਰਲੱਭ ਗਰੁੱਪ ਦੇ ਖੂਨ ਦੀ ਕਮੀ ਕਾਰਨ ਚੇਨਈ ਦੇ ਇਕ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਵਿਚਕਾਰ ਜੂਝਦੇ ਦੇਖਿਆ ਤਾਂ ਉਹ ਤੜਫ ਉੱਠੇ। ਸਾਰਿਆਂ ਦੇ ਦਿਮਾਗ ਵਿਚ ਇਹ ਗੱਲ ਆਈ ਕਿ ਮਹਾਨਗਰ ਵਿਚ ਇਹ ਹਾਲਤ ਹੈ ਤਾਂ ਪਿੰਡਾਂ ਵਿਚ ਕੀ ਹੋ ਰਿਹਾ ਹੋਵੇਗਾ?
ਸਾਰਿਆਂ ਨੇ ਮਿਲ ਕੇ ਉਸੇ ਦਿਨ ਇਹ ਫੈਸਲਾ ਕਰ ਲਿਆ ਕਿ ਖੂਨ ਦੀ ਕਮੀ ਦੇ ਸੰਕਟ ਨੂੰ ਦੂਰ ਕਰਨ ਲਈ ਉਹ ਕੋਈ ਆਧੁਨਿਕ ਤਰੀਕਾ ਕੱਢਣਗੇ। ਇਨ੍ਹਾਂ ਸਾਰਿਆਂ ਨੇ ਨਾ ਤਾਂ ਮਾਹੌਲ ਨੂੰ ਕੋਸਿਆ ਅਤੇ ਨਾ ਹੀ ਸਰਕਾਰ ਨੂੰ ਗਾਲ੍ਹਾਂ ਕੱਢੀਆਂ, ਸਗੋਂ ਆਪਣੇ ਪੱਧਰ 'ਤੇ ਇਨਸਾਨੀਅਤ ਲਈ ਇਕ-ਦੂਜੇ ਦਾ ਹੱਥ ਫੜਿਆ ਅਤੇ ਚੱਲ ਪਏ ਆਪਣੇ ਰਸਤੇ 'ਤੇ। ਅੱਜ ਇਨ੍ਹਾਂ ਮੁੰਡੇ-ਕੁੜੀਆਂ ਨੇ ਉਹ ਕਾਮਯਾਬੀ ਹਾਸਲ ਕੀਤੀ ਹੈ, ਜੋ ਦੂਜਿਆਂ ਲਈ ਵੀ ਪ੍ਰੇਰਣਾ ਬਣੀ ਹੋਈ ਹੈ।
ਮੁਸੀਬਤ ਵਿਚ ਪਏ ਇਨਸਾਨ ਦੀ ਮਦਦ ਕਰ ਕੇ ਅਸੀਂ ਵੀ ਅਨੋਖੇ ਸਾਬਿਤ ਹੋ ਸਕਦੇ ਹਾਂ। ਬਸ ਤੁਹਾਡੇ ਮਨ ਵਿਚ ਜ਼ਿੱਦ ਤੇ ਸੰਵੇਦਨਾ ਹੋਣੀ ਚਾਹੀਦੀ ਹੈ। ਇਸ ਦੇ ਲਈ ਸਮੇਂ ਦੀ ਉਡੀਕ ਨਹੀਂ ਕਰਨੀ ਪੈਂਦੀ। ਕਿਹਾ ਜਾਂਦਾ ਹੈ ਕਿ ਮੌਕਾ ਦਸਤਕ ਨਹੀਂ ਦਿੰਦਾ, ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਉਹ ਖੁਦ ਨੂੰ ਪੇਸ਼ ਕਰ ਦਿੰਦਾ ਹੈ। ਆਪਣਾ ਨਜ਼ਰੀਆ ਬਦਲੋ। ਤੁਸੀਂ ਦੇਖੋਗੇ ਕਿ ਤੁਹਾਡੇ ਆਸ-ਪਾਸ ਦਾ ਮਾਹੌਲ ਉਹ ਨਹੀਂ, ਜੋ ਤੁਹਾਡੇ ਮਨ ਵਿਚ ਹੈ।