ਸਿੱਖਿਆ ਨੂੰ ਆਪਣੇ ਵਤੀਰੇ ਵਿਚ ਉਤਾਰੋ

8/14/2017 1:41:15 PM

ਮਹਾਭਾਰਤ ਕਾਲ ਦੀ ਕਥਾ ਹੈ। ਆਚਾਰੀਆ ਦ੍ਰੋਣਾਚਾਰੀਆ ਕੋਲ ਕਈ ਰਾਜਕੁਮਾਰ ਗਿਆਨ ਹਾਸਿਲ ਕਰਨ ਲਈ ਆਉਂਦੇ ਸਨ। ਇਨ੍ਹਾਂ ਵਿਚ ਮਹਾਰਾਜ ਯੁਧਿਸ਼ਠਰ ਸਭ ਤੋਂ ਵੱਡੇ ਸਨ। ਦ੍ਰੋਣਾਚਾਰੀਆ ਦਾ ਪਹਿਲਾ ਪਾਠ ਸੀ ਕਿ ਮਨੁੱਖ ਨੂੰ ਗੁੱਸਾ ਤਿਆਗ ਦੇਣਾ ਚਾਹੀਦਾ ਹੈ  ਕਿਉਂਕਿ ਗੁੱਸੇ ਸਮਾਨ ਦੁਸ਼ਟ ਕੋਈ ਨਹੀਂ ਜੋ ਖੁਦ ਆਪਣੇ ਜਨਮਦਾਤੇ ਨੂੰ ਖਾ ਜਾਂਦਾ ਹੈ।
ਯੁਧਿਸ਼ਠਰ ਦਾ ਮਨ ਇਸ ਵਾਕ 'ਤੇ ਅਟਕ ਗਿਆ। ਉਸ ਨੇ ਪ੍ਰਣ ਲਿਆ ਕਿ ਭਾਵੇਂ ਜਾਨ ਚਲੀ ਜਾਵੇ ਪਰ ਗੁੱਸਾ ਨਹੀਂ ਕਰਾਂਗਾ ਅਤੇ ਜਦੋਂ ਤਕ ਗੁੱਸੇ ਨੂੰ ਜਿੱਤ ਨਹੀਂ ਲਵਾਂਗਾ, ਅੱਗੇ ਦੀ ਪੜ੍ਹਾਈ ਕਰਨੀ ਵੀ ਮੇਰੇ ਵੱਸ ਤੋਂ ਬਾਹਰ ਹੈ। ਇਸ ਤੋਂ ਬਾਅਦ ਉਸ ਨੇ ਰਸਮੀ ਪੜ੍ਹਾਈ ਤੋਂ ਮੂੰਹ ਮੋੜ ਲਿਆ।
ਕੁਝ ਸਮਾਂ ਬੀਤਣ 'ਤੇ ਪ੍ਰੀਖਿਅਕ ਨੇ ਸਾਰੇ ਰਾਜਕੁਮਾਰਾਂ ਦੀ ਪ੍ਰੀਖਿਆ ਲਈ। ਵਾਰੀ-ਵਾਰੀ ਸਾਰਿਆਂ ਨੇ ਆਪਣੇ ਪਾਠ ਸੁਣਾ ਦਿੱਤੇ ਪਰ ਯੁਧਿਸ਼ਠਰ ਨੇ ਕਿਹਾ,''ਮੈਨੂੰ ਤਾਂ ਪਹਿਲਾ ਹੀ ਪਾਠ ਯਾਦ ਹੈ, ਹੋਰ ਕੋਈ ਪਾਠ ਯਾਦ ਨਹੀਂ।''
ਪ੍ਰੀਖਿਅਕ ਨੂੰ ਗੁੱਸਾ ਆ ਗਿਆ ਅਤੇ ਉਹ ਯੁਧਿਸ਼ਠਰ ਨੂੰ ਬੈਂਤ ਮਾਰਨ ਲੱਗਾ। ਜਦੋਂ ਪ੍ਰੀਖਿਅਕ ਬੈਂਤ ਮਾਰਦਾ-ਮਾਰਦਾ ਥੱਕ ਗਿਆ ਤਾਂ ਵੀ ਯੁਧਿਸ਼ਠਰ ਦੇ ਚਿਹਰੇ 'ਤੇ ਗੁੱਸੇ ਦੀ ਜ਼ਰਾ ਵੀ ਝਲਕ ਨਜ਼ਰ ਨਹੀਂ ਆਈ।
ਫਿਰ ਪ੍ਰੀਖਿਅਕ ਨੇ ਦ੍ਰੋਣਾਚਾਰੀਆ ਨੂੰ ਸੱਦ ਕੇ ਕਿਹਾ,''ਹੇ ਗੁਰੂਵਰ, ਦੇਖੋ ਯੁਧਿਸ਼ਟਰ ਸਾਰੇ ਰਾਜਕੁਮਾਰਾਂ ਤੋਂ ਵੱਡਾ ਹੈ ਪਰ ਉਸ ਨੇ ਸਿਰਫ ਇਕੋ ਪਾਠ ਯਾਦ ਕੀਤਾ ਹੈ ਅਤੇ ਸਭ ਤੋਂ ਘੱਟ ਵਾਕ ਲਿਖੇ ਹਨ।''
ਇਸ 'ਤੇ ਦ੍ਰੋਣਾਚਾਰੀਆ ਬੋਲੇ,''ਭੁੱਲ ਤਾਂ ਤੁਹਾਡੇ ਕੋਲੋਂ ਹੋ ਰਹੀ ਹੈ। ਯੁਧਿਸ਼ਠਰ ਨੇ ਭਾਵੇਂ ਇਕੋ ਪਾਠ ਯਾਦ ਕੀਤਾ ਹੋਵੇ ਪਰ ਉਸ ਨੇ ਉਹ ਪਾਠ ਆਪਣੇ ਵਤੀਰੇ ਵਿਚ ਇੰਨਾ ਡੂੰਘਾ ਉਤਾਰ ਲਿਆ ਹੈ ਕਿ ਇੰਨੀ ਜ਼ਿਆਦਾ ਕੁੱਟ ਖਾਣ 'ਤੇ ਵੀ ਉਸ ਦੇ ਚਿਹਰੇ 'ਤੇ ਗੁੱਸੇ ਦਾ ਨਾਮੋ-ਨਿਸ਼ਾਨ ਨਹੀਂ ਹੈ, ਜਦੋਂਕਿ ਗੁੱਸਾ ਤਾਂ ਤੁਹਾਨੂੰ ਆ ਗਿਆ ਅਤੇ ਤੁਸੀਂ ਇਹ ਸਾਬਿਤ ਕਰ ਦਿੱਤਾ ਕਿ ਤੁਸੀਂ ਪ੍ਰੀਖਿਅਕ ਹੋਣ ਦੇ ਬਾਵਜੂਦ ਮੇਰਾ ਪਹਿਲਾ ਪਾਠ ਵੀ ਠੀਕ ਤਰ੍ਹਾਂ ਸਿੱਖ ਕੇ ਆਪਣੇ ਵਤੀਰੇ ਵਿਚ ਨਹੀਂ ਉਤਾਰ ਸਕੇ।''
ਇਹ ਸੁਣ ਕੇ ਪ੍ਰੀਖਿਅਕ ਸ਼ਰਮਿੰਦਾ ਹੋ ਗਏ। ਉਹ ਕੁਝ ਵੀ ਬੋਲ ਨਾ ਸਕੇ ਅਤੇ ਅਖੀਰ ਵਿਚ ਉਨ੍ਹਾਂ ਯੁਧਿਸ਼ਠਰ ਤੋਂ ਮੁਆਫੀ ਮੰਗੀ। ਸਾਰ ਇਹ ਹੈ ਕਿ ਜਦੋਂ ਤਕ ਅਸੀਂ ਸਿੱਖਿਆਵਾਂ ਨੂੰ ਵਤੀਰੇ ਵਿਚ ਨਹੀਂ ਉਤਾਰਾਂਗੇ, ਉਸ ਵੇਲੇ ਤਕ ਅਸੀਂ ਉਨ੍ਹਾਂ ਨੂੰ ਭਾਵੇਂ ਕਿੰਨੀ ਹੀ ਚੰਗੀ ਤਰ੍ਹਾਂ ਯਾਦ ਕਰ ਲਈਏ, ਉਨ੍ਹਾਂ ਤੋਂ ਕੋਈ ਫਾਇਦਾ ਨਹੀਂ ਹੋਣ ਵਾਲਾ।