ਮਹਾਨ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ

5/1/2017 7:22:00 AM

ਮਹਾਨ ਕੌਮੀ ਸਿੱਖ ਜਰਨੈਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੀ ਭਾਰਤ ਦੇ 18ਵੀਂ ਸਦੀ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਹੈ, ਜਿਨ੍ਹਾਂ ਨੇ ਆਪਣੇ ਸਿੰਘਾਂ ਦੇ ਨਾਲ ਬਹੁਤ ਹੀ ਭਿਆਨਕ ਸਮੇਂ ਵਿਚ ਮੁਗਲ ਅਫਗਾਨ ਹਕੂਮਤ ਨਾਲ ਲੋਹਾ ਲਿਆ ਜੋ ਕਿ ਪੁਰਾਤਨ ਇਤਿਹਾਸ ਮੁਤਾਬਕ ਇਥੇ ਭਾਰਤ ''ਤੇ ਪੱਕਾ ਕਬਜ਼ਾ ਤਕਰੀਬਨ 800 ਸਾਲ ਤੋਂ ਕਰ ਕੇ ਇਥੇ ਬਹੁਤ ਹੀ ਜਬਰੋ-ਜ਼ੁਲਮ ਦੀ ਹਨੇਰੀ ਚਲਾ ਕੇ ਆਪਣਾ ਰਾਜ ਕਰ ਰਹੇ ਸਨ, ਦਾ ਮੁਕਾਬਲਾ ਬੜੀ ਦਲੇਰੀ ਤੇ ਸੂਝਬੂਝ ਦੇ ਨਾਲ ਕੀਤਾ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਕਾਫੀ ਸਮਾਂ ਪਹਿਲਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੋ ਕਿ ਉਸ ਸਮੇਂ 12 ਸਿੱਖ ਮਿਸਲਾਂ ਦੇ ਪ੍ਰਮੁੱਖ ਜਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵੀ ਜਥੇਦਾਰ ਸਨ, ਦੀ ਅਗਵਾਈ ਹੇਠ ਹੀ ਸਿੱਖ ਰਾਜ, ਭਾਰਤ ਨੂੰ ਮੁਗਲ ਹਕੂਮਤ ਤੋਂ ਸੁਤੰਤਰ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਕੇ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਲੰਬਾ ਸਮਾਂ ਸੰਘਰਸ਼ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਹੀ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਪਾਸੋਂ 2200 ਕੈਦੀ ਭਾਰਤ ਦੀਆਂ ਹਿੰਦੂ ਲੜਕੀਆਂ ਅਤੇ ਹਿੰਦੋਸਤਾਨ ਦੇ ਕੀਮਤੀ ਸਾਮਾਨ ਨੂੰ ਛੁਡਾ ਕੇ ਘਰੋ-ਘਰ ਪਹੁੰਚਾਇਆ। ਉਨ੍ਹਾਂ ਨੇ ਸਿੱਖ ਰਾਜ ਦਾ ਮੁੱਢ ਬੰਨ੍ਹਿਆ ਅਤੇ ਇਸ ਭਾਰਤ ਦੇਸ਼ ਦੀ ਆਜ਼ਾਦੀ ਲਈ ਜਦੋ-ਜਹਿਦ ਕੀਤੀ।
ਉਨ੍ਹਾਂ ਨੇ ਅਪ੍ਰੈਲ 1764 ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਇਮਾਰਤ ਦੀ ਦੁਬਾਰਾ ਉਸਾਰੀ ਕਰਵਾਈ, ਜਦੋਂ ਕਿ ਇਸ ਮਹਾਨ ਤੇ ਪਵਿੱਤਰ ਅਸਥਾਨ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਫੌਜ ਨਾਲ ਢਹਿ-ਢੇਰੀ ਕਰ ਦਿੱਤਾ ਸੀ।
ਇਸ ਅਣਖੀਲੇ ਤੇ ਮਹਾਨ ਕੌਮੀ ਯੋਧੇ ਦਾ ਜਨਮ 3 ਮਈ 1718 ਨੂੰ ਮਾਤਾ ਜੀਵਨ ਕੌਰ ਜੀ ਦੀ ਕੁੱਖੋਂ ਪਿਤਾ ਸ. ਬਦਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਆਹਲੂ ਜ਼ਿਲਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਬਾਲਕ ਜੱਸਾ ਸਿੰਘ ਦੇ ਸਿਰ ਤੋਂ ਪਿਤਾ ਦਾ ਹੱਥ ਛੋਟੀ ਉਮਰੇ ਹੀ ਉੱਠ ਗਿਆ। ਆਪ ਜੀ ਦੇ ਵਡੇਰਿਆਂ ਦੇ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚੱਲੇ ਆ ਰਹੇ ਸਨ। ਆਪ ਜੀ ਦੇ ਮਾਤਾ ਅਤੇ ਮਾਮਾ ਬਾਘ ਸਿੰਘ ਉਨ੍ਹਾਂ ਨੂੰ ਨਾਲ ਲੈ ਕੇ ਸਮੇਤ ਸੰਗਤਾਂ ਦਿੱਲੀ ਵਿਖੇ ਪੂਜਨੀਕ ਜਗਤ ਮਾਤਾ ਸੁੰਦਰ ਕੌਰ ਸੁਪਤਨੀ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਸੰਨ 1723 ਨੂੰ ਪਹੁੰਚੇ, ਜਿਥੇ ਕਿ ਉਨ੍ਹਾਂ ਦਾ ਪਾਲਣ ਪੋਸ਼ਣ ਆਪ ਜੀ ਦੇ ਬੱਚਿਆਂ ਵਾਂਗ ਕੀਤਾ। ਇਥੇ ਰਹਿ ਕੇ ਉਨ੍ਹਾਂ ਨੇ ਸ਼ਸਤਰ ਵਿੱਦਿਆ ਹਾਸਲ ਕੀਤੀ। ਸੰਨ 1729 ਵਿਚ ਉਨ੍ਹਾਂ ਦੇ ਮਾਮਾ ਬਾਘ ਸਿੰਘ ਦਿੱਲੀ ਤੋਂ ਮਾਤਾ ਸੁੰਦਰ ਕੌਰ ਜੀ ਦੀ ਆਗਿਆ ਲੈ ਕੇ ਜਦੋਂ ਪੰਜਾਬ ਦੇ ਵੱਲ ਆਏ, ਉਸ ਸਮੇਂ ਬਾਲਕ ਜੱਸਾ ਸਿੰਘ ਨੂੰ ਤੋਹਫੇ ਦੇ ਤੌਰ ''ਤੇ ਦਸਤਾਰ, ਕਿਰਪਾਨ, ਤੀਰ-ਕਮਾਨ ਆਦਿ ਦਿੱਤੇ ਤੇ ਕਿਹਾ ਕਿ ਇਹ ਗੁਰੂ ਕਾ ਲਾਲ ਹੈ।
ਮਾਤਾ ਸੁੰਦਰ ਕੌਰ ਜੀ ਨੇ ਉਸ ਸਮੇਂ ਸਿੱਖ ਪੰਥ ਦੇ ਮਹਾਨ ਜਥੇਦਾਰ ਨਵਾਬ ਕਪੂਰ ਸਿੰਘ ਜੋ ਉਸ ਸਮੇਂ ਕਰਤਾਰਪੁਰ (ਪੰਜਾਬ) ਵਿਖੇ ਆਪਣੇ ਸਿੰਘਾਂ ਦੇ ਨਾਲ ਰਹਿੰਦੇ ਸਨ, ਵੱਲ ਇਕ ਪੱਤਰ ਲਿਖ ਕੇ ਜੱਸਾ ਸਿੰਘ ਨੂੰ ਆਪਣੇ ਪਾਸ ਰੱਖਣ ਦੀ ਹਦਾਇਤ ਕੀਤੀ। ਸੰਨ 1729 ਪਿੱਛੋਂ ਜੱਸਾ ਸਿੰਘ ਆਹਲੂਵਾਲੀਆ ਲਗਭਗ ਨਵਾਬ ਕਪੂਰ ਸਿੰਘ ਦੀਆਂ ਸਾਰੀਆਂ ਮੁਹਿੰਮਾਂ-ਯੁੱਧਾਂ ਵਿਚ ਨਾਲ ਰਹੇ।
1753 ਵਿਚ ਜਦੋਂ ਨਵਾਬ ਕਪੂਰ ਸਿੰਘ ਜੀ ਚੜ੍ਹਾਈ ਕਰ ਗਏ, ਇਸ ਤੋਂ ਬਾਅਦ 10 ਅਪ੍ਰੈਲ 1754 ਨੂੰ ਵਿਸਾਖੀ ''ਤੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਖਾਲਸੇ ਦੇ ਇਕੱਠ ਵਿਚ ਸਰਬਸੰਮਤੀ ਨਾਲ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਪੰਥ ਦਾ ਸ਼੍ਰੋਮਣੀ ਜਥੇਦਾਰ ਚੁਣਿਆ ਗਿਆ ਅਤੇ ਨਵਾਬ ਕਪੂਰ ਸਿੰਘ ਵਾਲਾ ਨਵਾਬੀ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਸਾਕਾ ਵੱਡਾ ਘੱਲੂਘਾਰਾ ਕੁੱਪ ਰਹੀੜਾ ਨਜ਼ਦੀਕ ਮਾਲੇਰਕੋਟਲਾ (ਪੰਜਾਬ), ਮਿਤੀ 5 ਫਰਵਰੀ 1762 ਤੇ ਛੋਟਾ ਘੱਲੂਘਾਰਾ 1746 ਵਿਚ ਕਾਹਨੂੰਵਾਨ ਛੰਬ (ਬਟਾਲਾ) ਉਨ੍ਹਾਂ ਦੀ ਅਗਵਾਈ ਤੇ ਕਮਾਂਡ ਹੇਠ ਯੁੱਧ ਮੁਗਲ ਹਕੂਮਤ ਦੇ ਨਾਲ ਲੜੇ ਗਏ ਅਤੇ ਭਾਰੀ ਮੁਸ਼ਕਿਲਾਂ ਦੇ ਬਾਵਜੂਦ ਜਿੱਤ ਹਾਸਿਲ ਕੀਤੀ।
ਸੰਨ 1764 ਵਿਚ ਉਨ੍ਹਾਂ ਦੀ ਅਗਵਾਈ ਵਿਚ ਖਾਲਸਾ ਪੰਥ ਨੇ ਸਰਹੰਦ ਫਤਿਹ ਕੀਤੀ ਅਤੇ ਉਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿਚ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਉਸਾਰੀ ਕਰਵਾਈ। 11 ਮਾਰਚ 1783 ਨੂੰ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਲ ਖਾਲਸੇ ਦੇ ਸਿੱਖ ਯੋਧਿਆਂ ਨੇ ਦਿੱਲੀ ਫਤਿਹ ਕਰਕੇ ਉਸ ਸਮੇਂ ਲਾਲ ਕਿਲਾ ਦਿੱਲੀ ''ਤੇ ਖਾਲਸਾ ਪੰਥ ਦਾ ਕੇਸਰੀ ਝੰਡਾ ਸਿੱਖ ਜਰਨੈਲ ਬਘੇਲ ਸਿੰਘ ਨੇ ਲਹਿਰਾਇਆ। ਇਸ ਮੌਕੇ ''ਤੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਵੀ ਮੌਜੂਦ ਸਨ। ਇਹ ਮਹਾਨ ਸਿੱਖ ਯੋਧਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
—ਨਰਿੰਦਰ ਸਿੰਘ ਆਹਲੂਵਾਲੀਆ
(99154-70130)