ਗੰਗਾ ਦੁਸਹਿਰਾ

5/29/2017 7:56:27 AM

ਜੇਠ ਸੁਦੀ ਦਸਵੀਂ ਨੂੰ ਗੰਗਾ ਦੁਸਹਿਰਾ ਕਿਹਾ ਜਾਂਦਾ ਹੈ। ਇਸੇ ਦਿਨ ਨਦੀਆਂ ''ਚੋਂ ਪਵਿੱਤਰ ਤੇ ਪ੍ਰਸਿੱਧ ਗੰਗਾ ਜੀ ਨੂੰ ਭਗੀਰਥ ਦੁਆਰਾ ਸਵਰਗ ਲੋਕ ਤੋਂ ਧਰਤੀ ''ਤੇ ਲਿਆਂਦਾ ਗਿਆ ਸੀ। ਇਸ ਦਿਨ ਸ਼੍ਰੀ ਗੰਗਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੰਗਾ ਦੁਸਹਿਰਾ ਦੇ ਦਿਨ ਗੰਗਾ ਵਿਚ ਇਸ਼ਨਾਨ ਕਰਨ ਨਾਲ ਪਾਪਾਂ ਦਾ ਨਾਸ਼ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਨਾ ਹੋ ਸਕੇ ਤਾਂ ਜ਼ਰੂਰੀ ਨਹੀਂ ਕਿ ਦੁਸਹਿਰੇ ਨੂੰ ਗੰਗਾ ਵਿਚ ਹੀ ਇਸ਼ਨਾਨ ਕੀਤਾ ਜਾਵੇ। ਗੰਗਾ ਤੋਂ ਸੌ ਯੋਜਨ ਦੂਰ ਬੈਠ ਕੇ ਵੀ ਜੇਕਰ ਕੋਈ ਵਿਅਕਤੀ ਸੱਚੀ ਸ਼ਰਧਾ ਨਾਲ ਗੰਗਾ ਜੀ ਦੇ ਨਾਮ ਦਾ ਉਚਾਰਨ ਕਰੇ ਤਾਂ ਉਹ ਪਾਪਾਂ ਤੋਂ ਮੁਕਤ ਹੋ ਕੇ ਵਿਸ਼ਨੂੰ ਲੋਕ ਦੀ ਪ੍ਰਾਪਤੀ ਕਰਦਾ ਹੈ, ਜਿਸ ਕਾਰਨ ਸ਼੍ਰੀ ਗੰਗਾ ਜੀ ਦਾ ਸਾਡੇ ਇਤਿਹਾਸ ਵਿਚ ਬੜਾ ਮਹੱਤਵਪੂਰਨ ਸਥਾਨ ਹੈ।
ਗੰਗਾ ਜੀ ਦੀ ਕਥਾ ਇਸ ਪ੍ਰਕਾਰ ਹੈ—ਪੁਰਾਣੇ ਸਮੇਂ ਵਿਚ ਅਯੁੱਧਿਆ ਦੇ ਰਾਜਾ ਸਗਰ ਨੂੰ ਆਪਣੀ ਪਰਜਾ ਪ੍ਰਾਣਾਂ ਤੋਂ ਵੀ ਪਿਆਰੀ ਸੀ। ਪਰਜਾ ਦੇ ਜਲ ਸੰਕਟ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਗੰਗਾ ਮਾਤਾ ਨੂੰ ਲੋਕ ਕਲਿਆਣ ਲਈ ਧਰਤੀ ''ਤੇ ਲਿਆਉਣ ਦਾ ਦ੍ਰਿੜ੍ਹ ਸੰਕਲਪ ਲਿਆ। ਰਾਜਾ ਸਗਰ ਦੇ ਸੱਠ ਹਜ਼ਾਰ ਪੁੱਤਰਾਂ ਨੇ ਮਿਲ ਕੇ ਇਸ ਨਿਸ਼ਚੇ ਦੀ ਪ੍ਰਾਪਤੀ ਲਈ ਕੀਤਾ ਗਿਆ ਯੱਗ ਸਫਲ ਬਣਾਇਆ। ਇਸ ਯੱਗ ਦਾ ਸੰਪੂਰਨ ਵਰਣਨ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਨੂੰ ਜਨਕਪੁਰੀ ਦੀ ਪੈਦਲ ਯਾਤਰਾ ਕਰਦੇ ਸਮੇਂ ਗੰਗਾ ਦੇ ਕਿਨਾਰੇ ਖੜ੍ਹੇ ਹੋ ਕੇ ਸੁਣਾਇਆ ਸੀ, ਜੋ ਇਸ ਪ੍ਰਕਾਰ ਹੈ : ਇਕ ਵਾਰ ਰਾਜਾ ਸਗਰ ਨੇ ਬਹੁਤ ਵੱਡਾ ਯੱਗ ਕੀਤਾ, ਯੱਗ ਦੀ ਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ਅੰਸ਼ੂਭਾਨ ਨੇ ਆਪਣੇ ਉਪਰ ਲਈ। ਸਗਰ ਦੇ ਯੱਗ ਵਾਲੇ ਘੋੜੇ ਨੂੰ ਦੇਵਰਾਜ ਇੰਦਰ ਨੇ ਚੁਰਾ ਲਿਆ, ਚੋਰੀ ਨੂੰ ਯੱਗ ਵਿਚ ਵਿਘਨ ਮੰਨ ਕੇ ਅੰਸ਼ੂਭਾਨ ਨੇ ਪਰਜਾ ਦੇ ਸੱਠ ਹਜ਼ਾਰ ਪੁਰਸ਼ਾਂ ਨੂੰ ਨਾਲ ਲੈ ਕੇ ਘੋੜੇ ਦੀ ਖੋਜ ਸ਼ੁਰੂ ਕੀਤੀ। ਸਾਰੀ ਧਰਤੀ ''ਤੇ ਘੋੜੇ ਦਾ ਕਿਤੇ ਵੀ ਪਤਾ ਨਾ ਚੱਲਿਆ। ਪਾਤਾਲ ਲੋਕ ਵਿਚ ਤਲਾਸ਼ ਕਰਨ ਲਈ ਉਨ੍ਹਾਂ ਧਰਤੀ ਦਾ ਬਹੁਤ ਵੱਡਾ ਹਿੱਸਾ ਖੋਦ ਦਿੱਤਾ। ਪਾਤਾਲ ਵਿਚ ਸਨਾਤਨ ਭਗਵਾਨ ਵਾਸੂਦੇਵ ਮਹਾਰਿਸ਼ੀ ਕਪਿਲ ਦੇ ਰੂਪ ਵਿਚ ਬੈਠੇ ਤਪ ਕਰ ਰਹੇ ਸਨ। ਸਗਰ ਦਾ ਚੋਰੀ ਹੋਇਆ ਘੋੜਾ ਵੀ ਉੱਥੇ ਹੀ ਚਰ ਰਿਹਾ ਸੀ। ਘੋੜਾ ਦੇਖ ਕੇ ਸਭ ਖੁਸ਼ ਹੋ ਉੱਠੇ, ਮਹਾਰਿਸ਼ੀ ਕਪਿਲ ਦੀ ਸਮਾਧੀ ਭੰਗ ਹੋ ਗਈ। ਯੋਗ ਨੀਂਦ ਤੋਂ ਜਾਗਦੇ ਹੀ ਉਨ੍ਹਾਂ ਦੀਆਂ ਅੱਖਾਂ ਦੀ ਅਗਨੀ ਨਾਲ ਸਾਰੇ ਹੀ ਜਲ ਗਏ।
ਬਹੁਤ ਚਿਰ ਬਾਅਦ ਉਨ੍ਹਾਂ ਮਰੇ ਹੋਏ ਲੋਕਾਂ ਦੀ ਚਿੰਤਾ ਨਾਲ ਵਿਆਕੁਲ ਮਹਾਰਾਜਾ ਦਲੀਪ (ਜੋ ਰਾਜਾ ਸਗਰ ਦੇ ਪੁੱਤਰ ਅੰਸ਼ੂਭਾਨ ਦੇ ਪੁੱਤਰ ਸਨ) ਦੇ ਪੁੱਤਰ ਭਗੀਰਥ ਨੇ ਕਠਿਨ ਤਪੱਸਿਆ ਕੀਤੀ। ਉਨ੍ਹਾਂ ਦੇ ਪਿਤਾ, ਦਾਦਾ ਸਭ ਹੀ ਗੰਗਾ ਨੂੰ ਲਿਆਉਣ ਵਿਚ ਅਸਫਲ ਰਹੇ ਸਨ। ਭਗੀਰਥ ਨੇ ਇਸ ਅਸਫਲਤਾ ਨੂੰ ਸਫਲਤਾ ਵਿਚ ਬਦਲਣ ਲਈ ਹੀ ਇਹ ਤਪੱਸਿਆ ਕੀਤੀ। ਵਕਤ ਆਉਣ ''ਤੇ ਉਨ੍ਹਾਂ ਨੇ ਪ੍ਰਜਾਪਤੀ ਬ੍ਰਹਮਾ ਤੋਂ ਗੰਗਾ ਦੀ ਮੰਗ ਕੀਤੀ। ਪ੍ਰਜਾਪਤੀ ਨੇ ਕਿਹਾ—ਰਾਜਨ, ਤੂੰ ਗੰਗਾ ਨੂੰ ਸਵਰਗ ਤੋਂ ਧਰਤੀ ''ਤੇ ਉਤਾਰਨਾ ਚਾਹੁੰਦਾ ਹੈਂ ਪਰ ਕੀ ਤੂੰ ਕਦੇ ਇਹ ਵੀ ਸੋਚਿਆ ਹੈ ਕਿ ਧਰਤੀ ਗੰਗਾ ਦਾ ਭਾਰ ਤੇ ਚਾਲ ਸੰਭਾਲ ਵੀ ਸਕੇਗੀ ਜਾਂ ਨਹੀਂ? ਇਸ ਦਾ ਭਾਰ ਤਾਂ ਸਿਰਫ ਸ਼ਿਵ ਜੀ ਹੀ ਸੰਭਾਲ ਸਕਦੇ ਹਨ, ਜੇਕਰ ਤੂੰ ਉਨ੍ਹਾਂ ਕੋਲੋਂ ਗੰਗਾ ਦਾ ਭਾਰ ਸੰਭਾਲ ਲੈਣ ਦਾ ਵਰ ਲੈ ਕੇ ਆਵੇਂ ਤਾਂ ਗੰਗਾ ਧਰਤੀ ''ਤੇ ਆ ਜਾਏਗੀ।
ਮਹਾਰਿਸ਼ੀ ਭਗੀਰਥ ਨੇ ਆਪਣੇ ਤਪ ਨਾਲ ਸ਼ਿਵ ਜੀ ਨੂੰ ਪ੍ਰਸੰਨ ਕਰਕੇ ਗੰਗਾ ਦਾ ਭਾਰ ਮਸਤਕ ''ਤੇ ਸੰਭਾਲਣ ਦਾ ਵਰ ਪ੍ਰਾਪਤ ਕਰ ਲਿਆ। ਆਪਣੇ ਵਚਨ ਦੇ ਅਨੁਸਾਰ ਪ੍ਰਜਾਪਤੀ ਨੇ ਆਪਣੇ ਕਰਮੰਡਲ (ਮਾਨ ਸਰੋਵਰ) ਤੋਂ ਗੰਗਾ ਜੀ ਦੀ ਧਾਰਾ ਨੂੰ ਛੱਡਿਆ। ਸ਼ਿਵ ਜੀ ਨੇ ਆਪਣੀਆਂ ਸੰਘਣੀਆਂ ਜਟਾਵਾਂ ਵਿਚ ਗੰਗਾ ਜਲ ਲੈ ਕੇ ਜਟਾਵਾਂ ਬੰਨ੍ਹ ਲਈਆਂ। ਗੰਗਾ ਜੀ ਨੂੰ ਇਨ੍ਹਾਂ ਜਟਾਵਾਂ ''ਚੋਂ ਦੀ ਜਾਣ ਦਾ ਰਸਤਾ ਨਹੀਂ ਮਿਲ ਸਕਿਆ, ਜਿਸ ਕਾਰਨ ਮਹਾਰਾਜਾ ਭਗੀਰਥ ਕਾਫੀ ਚਿੰਤਾ ਵਿਚ ਡੁੱਬ ਗਏ। ਆਪਣੇ ਪੂਰਵਜ਼ਾਂ ਦੀ ਕਾਮਨਾ ਪੂਰੀ ਕਰਨ ਲਈ ਕੀਤਾ ਗਿਆ ਤਪ ਸ਼ਿਵ ਜੀ ਦੇ ਪ੍ਰਾਕਰਮ ਨਾਲ ਅਧੂਰਾ ਹੀ ਰਹਿ ਗਿਆ। ਉਨ੍ਹਾਂ ਦੀ ਦੁਬਾਰਾ ਤਪੱਸਿਆ ਕਰਨ ''ਤੇ ਸ਼ਿਵ ਜੀ ਪ੍ਰਸੰਨ ਹੋਏ ਅਤੇ ਸ਼ਿਵ ਜੀ ਦੀਆਂ ਜਟਾਵਾਂ ਵਿਚੋਂ ਨਿਕਲ ਕੇ ਗੰਗਾ ਹਿਮਾਚਲ ਦੀਆਂ ਘਾਟੀਆਂ ਨਾਲ ਟਕਰਾਉਂਦੀ ਹੋਈ ਮੈਦਾਨ ਵੱਲ ਵਧ ਚੱਲੀ। ਇਸ ਤਰ੍ਹਾਂ ਧਰਤੀ ''ਤੇ ਗੰਗਾ ਦਾ ਆਗਮਨ ਹੋਇਆ। ਉਸ ਸਮੇਂ ਪ੍ਰਜਾਪਤੀ ਬ੍ਰਹਮਾ ਨੇ ਪ੍ਰਸੰਨ ਹੋ ਕੇ ਮਹਾਰਾਜਾ ਭਗੀਰਥ ਨੂੰ ਕਿਹਾ ਕਿ—ਹੇ ਸ਼ਤਰੂਨਾਸ਼ਕ ਗੰਗਾ ਨੂੰ ਧਰਤੀ ''ਤੇ ਲਿਆਉਣ ਵਿਚ ਆਪ ਜੋ ਸਮਰੱਥ ਹੋਏ ਹੋ, ਇਸ ਨਾਲ ਆਪ ਬਹੁਤ ਵੱਡੇ ਧਰਮ ਦੇ ਭਾਗੀ ਬਣੋਗੇ। ਗੰਗਾ ਵਿਚ ਇਸ਼ਨਾਨ ਸਦਾ ਕਲਿਆਣਕਾਰੀ ਹੈ ਅਤੇ ਭਵਿੱਖ ਵਿਚ ਇਸ ਦੀ ਇਕ-ਇਕ ਬੂੰਦ ਜਲ ਨਾਲ ਮਨੁੱਖ ਦਾ ਜੀਵਨ ਸਫਲ ਹੋਵੇਗਾ। ਆਪ ਖ਼ੁਦ ਪਵਿੱਤਰ ਹੋਵੋਗੇ ਅਤੇ ਦੂਸਰਿਆਂ ਨੂੰ ਪਵਿੱਤਰ ਕਰੋਗੇ। ਆਪ ਦਾ ਕਲਿਆਣ ਹੋਵੇ, ਇਹੀ ਗੰਗਾ ਯੁੱਗਾਂ ਤਕ ਆਪ ਦੀ ਮਿਹਨਤ ਦੀ ਗਾਥਾ ਨਿਰੰਤਰ ਲੋਕਾਂ ਨੂੰ ਸੁਣਾਉਂਦੀ ਰਹੇਗੀ।
ਪਿਆਸੀ ਧਰਤੀ ''ਤੇ ਗੰਗਾ ਨੂੰ ਲਿਆਉਣਾ ਮਰੇ ਹੋਏ ਵਿਅਕਤੀਆਂ ਨੂੰ ਜੀਵਨ ਦਾਨ ਦੇਣ ਦੇ ਬਰਾਬਰ ਹੈ। ਤਦ ਤੋਂ ਹੀ ਭਗੀਰਥ ਦਾ ਯਸ਼ਗਾਨ ਦੇਸ਼ ਦੇ ਕੋਨੇ-ਕੋਨੇ ਵਿਚ ਹੋ ਰਿਹਾ ਹੈ।
—ਸੱਤ ਪ੍ਰਕਾਸ਼ ਸਿੰਗਲਾ