ਵਿਸ਼ਵ ਪ੍ਰਸਿੱਧ ਤਿਉਹਾਰ ਗਣੇਸ਼ ਚਤੁਰਥੀ

9/4/2017 6:12:19 AM

ਮਹਾਰਾਸ਼ਟਰ ਦਾ ਪ੍ਰਸਿੱਧ ਲੋਕ ਤਿਉਹਾਰ ਗਣੇਸ਼ ਚਤੁਰਥੀ ਇਸ ਵਾਰ 25 ਅਗਸਤ ਤੋਂ ਸ਼ੁਰੂ ਹੋ ਕੇ 5 ਸਤੰਬਰ ਤਕ ਮਨਾਇਆ ਜਾ ਰਿਹਾ ਹੈ ਅਤੇ 5 ਸਤੰਬਰ ਨੂੰ ਗਣਪਤੀ ਬੱਪਾ ਦੀਆਂ ਮੂਰਤੀਆਂ ਦੇ ਜਲ ਵਿਸਰਜਣ ਨਾਲ ਸੰਪੂਰਨ ਹੋਵੇਗਾ। ਇਹ ਤਿਉਹਾਰ ਐਨਾ ਮਕਬੂਲ ਹੈ ਕਿ ਹਰੇਕ ਜਾਤ-ਧਰਮ ਦੇ ਲੋਕ ਭਾਰੀ ਉਤਸ਼ਾਹ ਨਾਲ ਇਸ 'ਚ ਸ਼ਮੂਲੀਅਤ ਕਰਦੇ ਹਨ। ਘਰਾਂ, ਵਪਾਰਕ ਸਥਾਨਾਂ ਅਤੇ ਜਨਤਕ ਥਾਵਾਂ 'ਤੇ ਆਲੀਸ਼ਾਨ ਪੰਡਾਲ ਲਗਾ ਕੇ ਗਣੇਸ਼ ਦੀਆਂ ਮੂਰਤੀਆਂ ਸਜਾਈਆਂ ਜਾਂਦੀਆਂ ਹਨ ਅਤੇ ਦਸ ਦਿਨ ਤੱਕ ਪੂਜਾ ਕੀਤੀ ਜਾਂਦੀ ਹੈ। ਦਸਵੇਂ ਦਿਨ ਮੂਰਤੀਆਂ ਦੀ ਵਿਧੀਵਤ ਪੂਜਾ ਅਰਚਨਾ ਕਰਕੇ ਸਮੁੰਦਰ, ਦਰਿਆਵਾਂ ਅਤੇ ਝੀਲਾਂ ਆਦਿ 'ਚ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਹਨ। ਲੋਕਾਂ 'ਚ ਐਨੀ ਸ਼ਰਧਾ ਅਤੇ ਚਾਅ ਹੁੰਦਾ ਹੈ ਕਿ ਕਈ ਪੰਡਾਲਾਂ 'ਚ ਮੂਰਤੀਆਂ ਨੂੰ 50-50 ਕਿਲੋ ਸ਼ੁੱਧ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਜਾਂਦਾ ਹੈ। ਐਨਾ ਖਰਚਾ ਕੀਤਾ ਜਾਂਦਾ ਹੈ ਕਿ ਇਸ ਸਾਲ ਮੁੰਬਈ ਦੇ ਗਣਪਤੀ ਪੰਡਾਲਾਂ ਦਾ ਕਰੀਬ 500 ਕਰੋੜ ਰੁਪਏ ਦਾ ਤਾਂ ਸਿਰਫ ਬੀਮਾ ਹੀ ਹੋਇਆ ਹੈ। ਸਭ ਤੋਂ ਮਸ਼ਹੂਰ ਪੰਡਾਲ ਲਾਲ ਬਾਗਚਾ ਬਾਦਸ਼ਾਹ ਦਾ ਬੀਮਾ 51 ਕਰੋੜ 'ਚ ਹੋਇਆ ਹੈ। ਹਿੰਦੂ ਮਾਨਤਾਵਾਂ ਅਨੁਸਾਰ ਗਣੇਸ਼ ਨੂੰ ਵਿਘਨ ਖਤਮ ਕਰਨ ਵਾਲਾ ਦੇਵਤਾ (ਵਿਘਨੇਸ਼ਵਰ) ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਅਰਚਨਾ ਕਰਨ ਨਾਲ ਸਾਰੇ ਵਿਘਨ ਆਪਣੇ ਆਪ ਖਤਮ ਹੋ ਜਾਂਦੇ ਹਨ। ਹੁਣ ਭਾਵੇਂ ਇਹ ਤਿਉਹਾਰ ਭਾਰਤ ਦੇ ਕਈ ਹੋਰ ਹਿੱਸਿਆਂ 'ਚ ਵੀ ਮਨਾਇਆ ਜਾਣਾ ਸ਼ੁਰੂ ਹੋ ਗਿਆ ਹੈ, ਪਰ ਮਹਾਰਾਸ਼ਟਰ ਦੀ ਸ਼ਾਨ ਅਲੱਗ ਹੀ ਹੈ। ਇਸ ਉਤਸਵ ਦੀ ਤਿਆਰੀ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਮਾਹਿਰ ਕਾਰੀਗਰ ਘਰਾਂ 'ਚ ਸਥਾਪਿਤ ਕਰਨ ਲਈ ਕੁਝ ਇੰਚ ਤੋਂ ਲੈ ਕੇ ਪੰਡਾਲਾਂ ਲਈ 70-80 ਫੁੱਟ ਆਕਾਰ ਤੱਕ ਦੀਆਂ ਮੂਰਤੀਆਂ ਤਿਆਰ ਕਰਦੇ ਹਨ। ਇਹ ਮੂਰਤੀਆਂ ਚਤੁਰਥੀ ਤੋਂ 15-20 ਦਿਨ ਪਹਿਲਾਂ ਵੈਦਿਕ ਵਿਧੀ  ਵਿਧਾਨ ਦੁਆਰਾ ਪ੍ਰਾਣ ਪ੍ਰਤਿਸ਼ਠਾ ਕਰਕੇ ਪੰਡਾਲਾਂ, ਦੁਕਾਨਾਂ ਅਤੇ ਘਰਾਂ 'ਚ ਸਜਾ ਦਿੱਤੀਆਂ ਜਾਂਦੀਆਂ ਹਨ। ਗਣਪਤੀ ਦੀ ਉਸਤਤ 'ਚ ਰਿਗਵੇਦ, ਉਪਨਿਸ਼ਦ ਅਤੇ ਨਾਰਦ ਪੁਰਾਣ ਆਦਿ ਪਵਿੱਤਰ ਗ੍ਰੰਥਾਂ ਦੇ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਹੈ। ਸ਼ਾਮ ਸਵੇਰੇ ਵਿਧੀਪੂਰਵਕ ਆਰਤੀ ਅਤੇ ਸੰਧਿਆ ਹੁੰਦੀ ਹੈ। ਗਣਪਤੀ ਨੂੰ ਕੋਮਲ ਫੁੱਲ, ਤਾਜ਼ਾ ਹਰੇ ਕਚੂਰ ਘਾਹ ਦੀਆਂ ਕਰੂੰਬਲਾਂ ਅਤੇ ਮੋਦਕ ਨਾਮ ਦੀ ਮਠਿਆਈ ਨਾਲ ਭੋਗ ਲਗਾਏ ਜਾਂਦੇ ਹਨ। ਸੰਤ ਸਮਰੱਥ ਰਾਮਦਾਸ ਜੀ ਦੁਆਰਾ 17ਵੀਂ ਸਦੀ 'ਚ ਗਣਪਤੀ ਉਸਤਤ 'ਚ ਰਚੀ ਗਈ ਆਰਤੀ (ਸੁੱਖਕਰਤਾ-ਦੁੱਖਹਰਤਾ) ਗਾਇਨ ਕੀਤੀ ਜਾਂਦੀ ਹੈ। ਘਰਾਂ 'ਚ ਸਥਾਪਿਤ ਮੂਰਤੀ ਨੂੰ ਚਤੁਰਥੀ ਤੋਂ 1, 3, 5, 7 ਜਾਂ 11 ਦਿਨਾਂ ਬਾਅਦ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ।
ਵੈਸੇ ਤਾਂ ਇਸ ਤਿਉਹਾਰ ਦਾ ਇਤਿਹਾਸ ਬਹੁਤ ਪੁਰਾਤਨ ਹੈ ਪਰ ਛਤਰਪਤੀ ਸ਼ਿਵਾ ਜੀ ਮਰਾਠਾ ਦੇ ਸ਼ਾਸਨ ਕਾਲ (1630-1680) ਸਮੇਂ ਇਸ ਦੀ ਪ੍ਰਸਿੱਧੀ ਵਿਚ ਅਥਾਹ ਵਾਧਾ ਹੋਇਆ। ਸ਼ਿਵਾ ਜੀ ਤੋਂ ਬਾਅਦ ਮਰਾਠਾ ਰਾਜਨੀਤਿਕ ਸ਼ਕਤੀ ਪੇਸ਼ਵਿਆਂ ਦੇ ਹੱਥ ਆ ਗਈ। ਗਣਪਤੀ ਪੇਸ਼ਵਿਆਂ ਦਾ ਕੁੱਲ ਦੇਵਤਾ ਸੀ। ਉਨ੍ਹਾਂ ਨੇ ਰਾਜਧਾਨੀ ਪੂਨੇ ਵਿਖੇ ਲੋਕਾਂ ਨੂੰ ਗਣੇਸ਼ ਪੂਜਾ ਲਈ ਉਤਸ਼ਾਹਿਤ ਕੀਤਾ ਅਤੇ ਇਸ ਕਾਰਨ ਮਹਾਰਾਸ਼ਟਰ ਵਿਚ ਗਣੇਸ਼ ਪੂਜਾ ਵੱਡੇ ਪੱਧਰ 'ਤੇ ਹੋਣ ਲੱਗੀ। ਪੇਸ਼ਵਿਆਂ ਦੇ ਪਤਨ ਦੇ ਨਾਲ ਹੀ ਇਸ ਤਿਉਹਾਰ ਨੂੰ ਮਿਲਣ ਵਾਲੀ ਸਰਕਾਰੀ ਸਰਪ੍ਰਸਤੀ ਖਤਮ ਹੋ ਗਈ ਅਤੇ ਇਹ ਸਿਰਫ ਘਰਾਂ ਵਿਚ ਨਿੱਜੀ ਪੱਧਰ 'ਤੇ ਮਨਾਇਆ ਜਾਣ ਲੱਗਾ। ਮੌਜੂਦਾ ਰੂਪ ਵਿਚ ਇਸ ਦੀ ਦੁਬਾਰਾ ਸ਼ੁਰੁਆਤ 1892 ਈ. ਵਿਚ ਪ੍ਰਸਿੱਧ ਸਮਾਜ ਸੁਧਾਰਕ ਭਾਊ ਸਾਹਿਬ ਲਕਸ਼ਮਣ ਜਾਵਲੇ ਦੇ ਅਣਥੱਕ ਯਤਨਾਂ ਨਾਲ ਹੋਈ।  ਉਸ ਨੇ ਆਪਣੇ ਸਾਥੀਆਂ ਬਾਲਾ ਸਾਹਿਬ ਨਾਟੂ ਅਤੇ ਕ੍ਰਿਸ਼ਨਾ ਜੀ ਪੰਤ ਖਾਸਗੀਵਾਲੇ ਨਾਲ ਮਿਲ ਕੇ ਆਧੁਨਿਕ ਗਣੇਸ਼ ਚਤੁਰਥੀ ਦੀ ਨੀਂਹ ਰੱਖੀ। ਇਸ ਲਈ ਉਨ੍ਹਾਂ ਦੀ ਗਵਾਲੀਅਰ ਦੇ ਮਹਾਰਾਜਾ ਮਾਧੋ ਰਾਉ ਸਿੰਧੀਆ ਨੇ ਖੁੱਲ੍ਹ ਕੇ ਵਿੱਤੀ ਮਦਦ ਕੀਤੀ। ਇਸ ਨੂੰ ਦੁਬਾਰਾ ਲੋਕਪ੍ਰਿਯ ਬਣਾਉਣ ਲਈ ਮਹਾਨ ਦੇਸ਼ ਭਗਤ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਤਿਲਕ ਨੇ ਸਮਾਜ ਵਿਚ ਬੁਰੀ ਤਰ੍ਹਾਂ ਜੜ੍ਹਾਂ ਜਮਾਈ ਬੈਠੀ ਜਾਤ-ਪਾਤ ਦੀ ਕੁਰੀਤੀ ਨੂੰ ਖਤਮ ਕਰਨ ਲਈ ਗਣਪਤੀ ਨੂੰ ਸਾਰੀਆਂ ਜਾਤਾਂ ਦੇ ਸਾਂਝੇ ਦੇਵਤੇ ਦੇ ਤੌਰ 'ਤੇ ਪ੍ਰਚਾਰਿਆ। ਇਸ ਉਤਸਵ ਦੌਰਾਨ ਹੋਣ ਵਾਲੇ ਭਾਰੀ ਇਕੱਠਾਂ ਦਾ ਲਾਭ ਉਠਾ ਕੇ ਉਸ ਨੇ ਲੋਕਾਂ ਨੂੰ ਬ੍ਰਿਟਿਸ਼ ਰਾਜ ਦਾ ਵਿਰੋਧ ਕਰਨ ਲਈ ਲਲਕਾਰਿਆ। ਉਸ ਨੇ ਹੀ ਪੰਡਾਲਾਂ ਵਿਚ ਗਣਪਤੀ ਦੀਆਂ ਵਿਸ਼ਾਲ ਮੂਰਤੀਆਂ ਸਜਾਉਣ ਅਤੇ 10ਵੇਂ ਦਿਨ ਜਲ ਪ੍ਰਵਾਹ ਕਰਨ ਦੀ ਰਵਾਇਤ ਸ਼ੁਰੂ ਕੀਤੀ। ਅੰਗਰੇਜ਼ ਸਰਕਾਰ ਕਦੇ ਵੀ ਅਜਿਹੇ ਬ੍ਰਿਟਿਸ਼ ਵਿਰੋਧੀ ਇਕੱਠ ਬਰਦਾਸ਼ਤ ਨਹੀਂ ਸੀ ਕਰ ਸਕਦੀ ਪਰ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਣ ਦੇ ਡਰ ਕਾਰਨ ਉਹ ਇਸ ਆਯੋਜਨ ਵਿਚ ਅੜੰਗਾ ਪਾਉਣ ਦੀ ਹਿੰਮਤ ਨਾ ਕਰ ਸਕੀ।
ਸਮਾਜ ਵਿਚ ਲਾਲਚ ਦਾ ਬੋਲਬਾਲਾ ਹੋ ਜਾਣ ਕਾਰਨ ਇਸ ਤਿਉਹਾਰ ਕਾਰਨ ਜਲ ਪ੍ਰਦੁਸ਼ਣ ਬਹੁਤ ਵਧ ਗਿਆ ਹੈ। ਜਨਤਾ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ ਮੂਰਤੀਆਂ ਨੂੰ ਸਮੁੰਦਰ, ਦਰਿਆਵਾਂ ਅਤੇ ਝੀਲਾਂ ਆਦਿ ਵਿਚ ਪ੍ਰਵਾਹ ਕਰਨ ਦੀ ਬਜਾਏ ਘਰਾਂ ਵਿਚ ਹੀ ਜਲ ਸਮਾਧੀ ਦੇ ਦੇਣ। ਮਹਾਰਾਸ਼ਟਰ ਵਿਚ ਲੋਕਾਂ ਨੇ ਇਸ ਪ੍ਰਤੀ ਬਹੁਤ ਸਾਕਾਰਾਤਮਕ ਹੁੰਗਾਰਾ ਭਰਿਆ ਹੈ।        
—ਬਲਰਾਜ ਸਿੰਘ ਸਿੱਧੂ ਐੱਸ. ਪੀ. (9815124449)