ਕਰਮਾਂ ਦਾ ਫਲ

7/4/2017 11:23:53 AM

ਇਕ ਵਾਰ ਦੇਵਰਿਸ਼ੀ ਨਾਰਦ ਆਪਣੇ ਚੇਲੇ ਤੁੰਬੁਰੂ ਨਾਲ ਕਿਤੇ ਜਾ ਰਹੇ ਸਨ। ਗਰਮੀਆਂ ਦੇ ਦਿਨ ਸਨ। ਇਕ ਪਿਆਊ ਤੋਂ ਉਨ੍ਹਾਂ ਪਾਣੀ ਪੀਤਾ ਅਤੇ ਪਿੱਪਲ ਦੇ ਦਰੱਖਤ ਦੀ ਛਾਂ ਹੇਠ ਬੈਠੇ ਹੀ ਸੀ ਕਿ ਅਚਾਨਕ ਇਕ ਕਸਾਈ ਉਥੋਂ 25-30 ਬੱਕਰੇ ਲੈ ਕੇ ਲੰਘਿਆ। ਉਨ੍ਹਾਂ ਵਿਚੋਂ ਇਕ ਬੱਕਰਾ ਇਕ ਦੁਕਾਨ 'ਤੇ ਚੜ੍ਹ ਕੇ ਘਾਹ ਖਾਣ ਲਈ ਦੌੜ ਪਿਆ।
ਦੁਕਾਨ ਸ਼ਹਿਰ ਦੇ ਮਸ਼ਹੂਰ ਸੇਠ ਸ਼ਾਗਾਲਚੰਦ ਦੀ ਸੀ। ਦੁਕਾਨਦਾਰ ਦਾ ਬੱਕਰੇ ਵੱਲ ਧਿਆਨ ਜਾਂਦਿਆਂ ਹੀ ਉਸ ਨੇ ਬੱਕਰੇ ਦੇ ਕੰਨ 'ਤੇ ਜ਼ੋਰ ਨਾਲ ਮਾਰਿਆ। ਬੱਕਰਾ ਚੀਕਾਂ ਮਾਰਨ ਲੱਗਾ। ਦੁਕਾਨਦਾਰ ਨੇ ਬੱਕਰਾ ਫੜ ਕੇ ਕਸਾਈ ਨੂੰ ਸੌਂਪ ਦਿੱਤਾ ਅਤੇ ਬੋਲਿਆ ਕਿ ਜਦੋਂ ਤੂੰ ਬੱਕਰੇ ਨੂੰ ਕੱਟੇਂਗਾ ਤਾਂ ਇਸ ਦਾ ਸਿਰ ਮੈਨੂੰ ਦੇ ਦੇਵੀਂ ਕਿਉਂਕਿ ਇਹ ਮੇਰਾ ਘਾਹ ਖਾ ਗਿਆ ਹੈ।
ਦੇਵਰਿਸ਼ੀ ਨਾਰਦ ਨੇ ਜ਼ਰਾ ਧਿਆਨ ਲਾ ਕੇ ਦੇਖਿਆ ਅਤੇ ਜ਼ੋਰ ਨਾਲ ਹੱਸ ਪਏ। ਤੁੰਬੁਰੂ ਪੁੱਛਣ ਲੱਗਾ, ''ਗੁਰੂ ਜੀ, ਤੁਸੀਂ ਹੱਸੇ ਕਿਉਂ? ਉਸ ਬੱਕਰੇ ਨੂੰ ਜਦੋਂ ਕੁੱਟ ਪੈ ਰਹੀ ਸੀ ਤਾਂ ਤੁਸੀਂ ਦੁਖੀ ਹੋ ਗਏ ਸੀ ਪਰ ਧਿਆਨ ਕਰਨ ਤੋਂ ਬਾਅਦ ਤੁਸੀਂ ਹੱਸ ਪਏ, ਇਸ ਵਿਚ ਕੀ ਭੇਤ ਹੈ?''
ਨਾਰਦ ਜੀ ਬੋਲੇ, ''ਇਹ ਤਾਂ ਸਭ ਕਰਮਾਂ ਦਾ ਫਲ ਹੈ। ਇਸ ਦੁਕਾਨ 'ਤੇ ਜੋ ਨਾਂ ਲਿਖਿਆ ਹੈ 'ਸ਼ਾਗਾਲਚੰਦ ਸੇਠ', ਉਹ ਸ਼ਾਗਾਲਚੰਦ ਸੇਠ ਖੁਦ ਇਹ ਬੱਕਰਾ ਸੀ। ਇਹ ਦੁਕਾਨਦਾਰ ਸ਼ਾਗਾਲਚੰਦ ਸੇਠ ਦਾ ਹੀ ਪੁੱਤਰ ਹੈ। ਸੇਠ ਮਰ ਕੇ ਬੱਕਰਾ ਬਣਿਆ ਹੋਇਆ ਹੈ ਅਤੇ ਇਸ ਦੁਕਾਨ ਨਾਲ ਆਪਣਾ ਪੁਰਾਣਾ ਰਿਸ਼ਤਾ ਸਮਝ ਕੇ ਘਾਹ ਖਾਣ ਗਿਆ ਸੀ। ਉਸ ਦੇ ਬੇਟੇ ਨੇ ਹੀ ਉਸ ਨੂੰ ਮਾਰ ਕੇ ਭਜਾ ਦਿੱਤਾ। ਮੈਂ ਦੇਖਿਆ ਕਿ 30 ਬੱਕਰਿਆਂ ਵਿਚੋਂ ਕੋਈ ਦੁਕਾਨ 'ਤੇ ਨਹੀਂ ਗਿਆ। ਇਸ ਬੱਕਰੇ ਦਾ ਪੁਰਾਣਾ ਰਿਸ਼ਤਾ ਸੀ, ਇਸ ਲਈ ਇਹ ਗਿਆ। ਇਸੇ ਲਈ ਧਿਆਨ ਕਰ ਕੇ ਦੇਖਿਆ ਤਾਂ ਪਤਾ ਲੱਗਾ ਕਿ ਇਸ ਦਾ ਪੁਰਾਣਾ ਰਿਸ਼ਤਾ ਸੀ। ਜਿਸ ਬੇਟੇ ਲਈ ਸ਼ਾਗਾਲਚੰਦ ਸੇਠ ਨੇ ਇੰਨਾ ਕਮਾਇਆ ਸੀ, ਉਹੋ ਬੇਟਾ ਘਾਹ ਖਾਣ ਨਹੀਂ ਦਿੰਦਾ ਅਤੇ ਗਲਤੀ ਨਾਲ ਖਾ ਲਿਆ ਤਾਂ ਸਿਰ ਮੰਗ ਰਿਹਾ ਹੈ। ਪਿਤਾ ਦੀ ਇਹ ਕਰਮ ਗਤੀ ਅਤੇ ਮਨੁੱਖ ਦੇ ਮੋਹ 'ਤੇ ਮੈਨੂੰ ਹਾਸਾ ਆ ਰਿਹਾ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਆਪਣੇ-ਆਪਣੇ ਕਰਮਾਂ ਦਾ ਫਲ ਤਾਂ ਹਰੇਕ ਪ੍ਰਾਣੀ ਨੂੰ ਭੋਗਣਾ ਹੀ ਪੈਂਦਾ ਹੈ ਅਤੇ ਇਸ ਜਨਮ ਦੇ ਰਿਸ਼ਤੇ-ਨਾਤੇ ਮੌਤ ਦੇ ਨਾਲ ਹੀ ਮਿਟ ਜਾਂਦੇ ਹਨ, ਕੋਈ ਕੰਮ ਨਹੀਂ ਆਉਂਦਾ। ਇਸ ਲਈ ਚੰਗੇ ਕਰਮ ਕਰਨੇ ਚਾਹੀਦੇ ਹਨ।