ਅਸਫਲਤਾ ਦਾ ਡਰ ਮਨ ''ਚੋਂ ਕੱਢ ਦਿਓ

Tuesday, April 18, 2017 9:44 AM
ਅਸਫਲਤਾ ਦਾ ਡਰ ਮਨ ''ਚੋਂ ਕੱਢ ਦਿਓ
ਇਕ ਦੁਖੀ ਆਦਮੀ ਰੋਜ਼ ਘਰ ਤੋਂ ਮੰਦਰ ਲਈ ਨਿਕਲਦਾ ਅਤੇ ਬਿਨਾਂ ਰੱਬ ਦੇ ਦਰਸ਼ਨ ਕੀਤਿਆਂ ਪੌੜੀਆਂ ਤੋਂ ਹੀ ਮੁੜ ਆਉਂਦਾ। ਘਰੋਂ ਨਿਕਲਣ ਵੇਲੇ ਉਸ ਦੇ ਚਿਹਰੇ ''ਤੇ ਉਦਾਸੀ ਹੁੰਦੀ ਪਰ ਵਾਪਸ ਆਉਣ ''ਤੇ ਉਹ ਉਤਸ਼ਾਹ ਤੇ ਉਮੀਦ ਨਾਲ ਭਰਿਆ ਹੁੰਦਾ ਸੀ।
ਇਕ ਦਿਨ ਪੁਜਾਰੀ ਤੋਂ ਰਿਹਾ ਨਾ ਗਿਆ। ਉਸ ਨੇ ਪੁੱਛ ਹੀ ਲਿਆ ਕਿ ਹਰ ਕੋਈ ਇਥੇ ਰੱਬ ਤੋਂ ਮੰਗਣ ਆਉਂਦਾ ਹੈ ਪਰ ਤੁਸੀਂ ਬਿਨਾਂ ਮੰਗੇ ਹੀ ਵਾਪਸ ਚਲੇ ਜਾਂਦੇ ਹੋ, ਉਹ ਵੀ ਖੁਸ਼ੀ-ਖੁਸ਼ੀ।
ਉਸ ਆਦਮੀ ਨੇ ਜਵਾਬ ਦਿੱਤਾ,''''ਅਜੇ ਮੈਂ ਮੁਸ਼ਕਿਲ ਸਮੇਂ ''ਚੋਂ ਲੰਘ ਰਿਹਾ ਹਾਂ। ਜਦੋਂ ਸਫਲਤਾ ਦਾ ਸਵਾਦ ਚੱਖਣ ਦਾ ਮੌਕਾ ਮਿਲ ਜਾਵੇਗਾ ਤਾਂ ਰੱਬ ਨੂੰ ਧੰਨਵਾਦ ਦੇਣ ਲਈ ਅੰਦਰ ਜਾਵਾਂਗਾ।''''
ਇਹ ਜਵਾਬ ਕਿਸੇ ਨੂੰ ਵੀ ਹੈਰਾਨ ਕਰ ਸਕਦਾ ਹੈ ਪਰ ਇਸ ਜਵਾਬ ਵਿਚ ਉਸ ਦੇ ਆਤਮ ਵਿਸ਼ਵਾਸ ਦੀ ਝਲਕ ਮਿਲਦੀ ਹੈ। ਉਸ ਨੂੰ ਲਗਦਾ ਹੈ ਕਿ ਮੰਗਣ ਵਾਲਾ ਆਦਮੀ ਹਮੇਸ਼ਾ ਕਮਜ਼ੋਰ ਹੁੰਦਾ ਹੈ।
ਇਹ ਸੱਚ ਹੈ ਕਿ ਸਫਲਤਾ ਤੇ ਮੁਸ਼ਕਿਲਾਂ ਵਿਚਕਾਰ ਛੱਤੀ ਦਾ ਅੰਕੜਾ ਰਹਿੰਦਾ ਹੈ ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਿਨਾਂ ਮੁਸ਼ਕਿਲਾਂ ਦੇ ਸਫਲਤਾ ਦੇ ਦਰਵਾਜ਼ੇ ਅਸੀਂ ਨਹੀਂ ਖੜਕਾ ਸਕਦੇ। ਜ਼ਿੰਦਗੀ ਵਿਚ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਤਾਂ ਮੰਗਣ ਦੀ ਲੋੜ ਹੀ ਨਾ ਪੈਂਦੀ। ਅਸੀਂ ਮੰਗਦੇ ਤਾਂ ਹੀ ਹਾਂ ਜਦੋਂ ਮਜਬੂਰ ਹੋ ਜਾਂਦੇ ਹਨ। ਜਦੋਂ ਸਾਡਾ ਆਤਮ ਵਿਸ਼ਵਾਸ ਘਟਣ ਲਗਦਾ ਹੈ। ਤਜਰਬਾ ਦੱਸਦਾ ਹੈ ਕਿ ਮੁਸ਼ਕਿਲਾਂ ਨਾ ਹੁੰਦੀਆਂ ਤਾਂ ਅੱਗੇ ਦਾ ਰਸਤਾ ਲੱਭਣਾ ਆਸਾਨ ਨਾ ਹੁੰਦਾ।
ਰਾਬਰਟ ਐੱਚ. ਸ਼ੁਲਰ ਨੇ ਤਾਂ ਇਸ ਤੋਂ ਵੀ ਅੱਗੇ ਜਾ ਕੇ ਕਿਹਾ ਹੈ ਕਿ ਮੁਸ਼ਕਿਲਾਂ ਹਮੇਸ਼ਾ ਹਾਰਦੀਆਂ ਹਨ, ਸੰਘਰਸ਼ ਕਰਨ ਵਾਲੇ ਹਮੇਸ਼ਾ ਜਿੱਤਦੇ ਹਨ।
ਇਹ ਸੰਘਰਸ਼ ਹੀ ਹੈ ਜੋ ਸਾਨੂੰ ਉੱਠ ਖੜ੍ਹੇ ਹੋਣ ਲਈ ਤਿਆਰ ਕਰਦਾ ਹੈ। ਉਸ ਵੇਲੇ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕੋਈ ਕਿੰਨੀ ਵਾਰ ਡਿਗਦਾ ਹੈ, ਅਹਿਮੀਅਤ ਇਸ ਗੱਲ ਦੀ ਹੁੰਦੀ ਹੈ ਕਿ ਉਹ ਕਿੰਨੀ ਵਾਰ ਉੱਪਰ ਉੱਠ ਸਕਦਾ ਹੈ ਪਰ ਸਾਡੇ ਵਿਚੋਂ ਜ਼ਿਆਦਾਤਰ ਲੋਕਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਆਰਜ਼ੀ ਅਸਫਲਤਾ ਤੋਂ ਇੰਨਾ ਪ੍ਰੇਸ਼ਾਨ ਹੋ ਜਾਂਦੇ ਹਾਂ ਕਿ ਸਾਡੀ ਹਿੰਮਤ ਵੀ ਜਵਾਬ ਦੇਣ ਲਗਦੀ ਹੈ।
ਇਕ ਵਾਰ ਟਾਮਸ ਅਲਵਾ ਐਡੀਸਨ ਦੇ 2 ਸਹਾਇਕਾਂ ਨੇ ਨਿਰਾਸ਼ ਹੋ ਕੇ ਕਿਹਾ,''''ਅਸੀਂ ਹੁਣ ਤਕ 700 ਤਜਰਬੇ ਕਰ ਚੁੱਕੇ ਹਾਂ ਪਰ ਅਸਫਲਤਾ ਹੀ ਹੱਥ ਲੱਗੀ ਹੈ।''''
ਐਡੀਸਨ ਨੇ ਜਵਾਬ ਦਿੱਤਾ,''''ਅਸੀਂ ਅਸਫਲ ਨਹੀਂ ਹੋਏ, ਸੱਚਾਈ ਇਹ ਹੈ ਕਿ ਅਸੀਂ ਇਸ ਵਿਸ਼ੇ ਵਿਚ ਬਾਕੀ ਲੋਕਾਂ ਦੇ ਮੁਕਾਬਲੇ 700 ਗੁਣਾ ਜ਼ਿਆਦਾ ਜਾਣਦੇ ਹਾਂ।''''
ਇਸੇ ਹਾਂ-ਪੱਖੀ ਸੋਚ ਤੇ ਆਤਮ ਵਿਸ਼ਵਾਸ ਦਾ ਸਾਡੇ ਅੰਦਰ ਵੀ ਹੋਣਾ ਜ਼ਰੂਰੀ ਹੈ। ਇਹ ਖੁਦ ਪ੍ਰਤੀ ਆਸਥਾ ਦੀ ਭਾਵਨਾ ਪੈਦਾ ਕਰਦਾ ਹੈ ਅਤੇ ਮਨ ਨੂੰ ਸ਼ਸ਼ੋਪੰਜ ਤੋਂ ਦੂਰ ਕਰਦਾ ਹੈ। ਤੁਸੀਂ ਸਿਰਫ ਇਕ ਡਰ ਮਨ ਵਿਚੋਂ ਕੱਢਣਾ ਹੈ ਅਤੇ ਉਹ ਹੈ ਅਸਫਲਤਾ ਦਾ ਡਰ। ਇਹ ਡਰ ਤੁਹਾਨੂੰ ਮਨੋਵਿਗਿਆਨਕ ਤੌਰ ''ਤੇ ਅਸੁਰੱਖਿਅਤ ਕਰ ਦਿੰਦਾ ਹੈ ਅਤੇ ਤੁਸੀਂ ਰਸਤਾ ਨਹੀਂ ਲੱਭ ਸਕਦੇ। ਇਸ ਡਰ ਤੋਂ ਬਾਹਰ ਹੁੰਦਿਆਂ ਹੀ ਤੁਸੀਂ ਖੁਦ ਨੂੰ ਆਜ਼ਾਦ ਤੇ ਮਜ਼ਬੂਤ ਸਥਿਤੀ ਵਿਚ ਦੇਖੋਗੇ।