ਕਹੈ ਫਰੀਦੁ ਸਹੇਲੀਹੋ

9/18/2017 7:46:07 AM

ਹਜ਼ਰਤ ਬਾਬਾ ਫਰੀਦ ਸ਼ਕਰਗੰਜ ਨੂੰ ਪੰਜਾਬੀ ਦੇ ਆਦਿ-ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬੀ ਦੇ ਸੂਫੀ ਕਵੀਆਂ ਵਿਚ ਵੀ ਉਨ੍ਹਾਂ ਦਾ ਸਥਾਨ ਸਭ ਤੋਂ ਪਹਿਲਾ ਹੈ। ਆਪਦੇ ਜੀਵਨ-ਕਾਲ ਬਾਰੇ ਵਿਭਿੰਨ ਵਿਦਵਾਨਾਂ ਦੇ ਅੱਡ-ਅੱਡ ਵਿਚਾਰ ਹਨ। ਭਾਈ ਕਾਨ੍ਹ ਸਿੰਘ ਨਾਭਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰੋ. ਪਿਆਰਾ ਸਿੰਘ ਪਦਮ ਆਦਿ ਨੇ ਆਪਦੇ ਜੀਵਨ ਕਾਲ ਬਾਰੇ ਜੋ ਵਿਚਾਰ ਦਿੱਤੇ ਹਨ, ਉਹ ਇਕ-ਦੂਜੇ ਨਾਲ ਨਹੀਂ ਮਿਲਦੇ। ਸਰਬਸੰਮਤੀ ਨਾਲ ਉਨ੍ਹਾਂ ਦਾ ਸਮਾਂ 1173 ਈ. ਤੋਂ 1266 ਈ. ਮੰਨਿਆ ਗਿਆ ਹੈ। ਆਪਦਾ ਜਨਮ ਖੋਤਵਾਲ, ਮੁਲਤਾਨ (ਪਾਕਿਸਤਾਨ) ਵਿਖੇ ਸ਼ੇਖ ਜਮਾਲੁਦੀਨ ਦੇ ਘਰ ਬੀਬੀ ਕੁਰਸ਼ਮ ਦੀ ਕੁੱਖੋਂ ਹੋਇਆ। ਇਤਿਹਾਸਕ ਹਵਾਲਿਆਂ ਮੁਤਾਬਕ ਉਨ੍ਹਾਂ ਦੀਆਂ ਤਿੰਨ ਬੇਗ਼ਮਾਂ ਸਨ - ਬੀਬੀ ਹਜਬਰਾ (ਸੁਲਤਾਨ ਬਲਬਨ ਦੀ ਬੇਟੀ), ਬੀਬੀ ਸ਼ਾਰਦਾ ਅਤੇ ਬੀਬੀ ਸ਼ਕਰ। ਇਸੇ ਪ੍ਰਕਾਰ ਉਨ੍ਹਾਂ ਦੇ ਪੰਜ ਪੁੱਤਰਾਂ (ਖਵਾਜਾ ਨਸੀਰੁੱਦੀਨ, ਖਵਾਜਾ ਸ਼ਹਾਬੁੱਦੀਨ, ਸ਼ੇਖ ਬਦਰੁੱਦੀਨ ਸੁਲੇਮਾਨ, ਸ਼ੇਖ ਨਿਜ਼ਾਮੁੱਦੀਨ, ਸ਼ੇਖ ਯਾਕੂਬ) ਅਤੇ ਦੋ ਪੁੱਤਰੀਆਂ (ਬੀਬੀ ਸ਼ਰੀਫਾ ਅਤੇ ਬੀਬੀ ਫਾਤਿਮਾ) ਬਾਰੇ ਵੀ ਜਾਣਕਾਰੀ ਮਿਲਦੀ ਹੈ। ਬਾਬਾ ਫਰੀਦ ਜੀ ਦੇ ਪੁੱਤਰਾਂ ਤੇ ਪੁੱਤਰੀਆਂ ਨੇ ਵੀ ਸੂਫੀ ਦਰਵੇਸ਼ੀ ਜੀਵਨ ਧਾਰਨ ਕੀਤਾ ਅਤੇ ਅਧਿਆਤਮਕ ਮਾਰਗ ਦੇ ਪਾਂਧੀ ਬਣ ਕੇ ਇਸੇ ਜੀਵਨ ਜਾਚ ਦੇ ਪ੍ਰਚਾਰ-ਪ੍ਰਸਾਰ ਲਈ ਕਾਰਜਸ਼ੀਲ ਰਹੇ।
ਸ਼ੇਖ ਫਰੀਦ ਦਾ ਪੂਰਾ ਨਾਂ ਸ਼ੇਖ ਫਰੀਦੁੱਦੀਨ ਮਸਊਦ ਗੰਜ-ਏ-ਸ਼ਕਰ ਸੀ। ਉਨ੍ਹਾਂ ਦੀ ਮਾਂ, ਜੋ ਖੁਦ ਧਾਰਮਿਕ ਬਿਰਤੀ ਵਾਲੀ ਨੇਕ ਦਿਲ ਔਰਤ ਸੀ, ਨੇ ਫਰੀਦ ਜੀ ਨੂੰ ਪੰਜ ਵੇਲੇ ਦੀ ਨਮਾਜ਼ ਅਦਾ ਕਰਨ ਦੀ ਸੋਝੀ ਦਿੱਤੀ। ਫਰੀਦ ਜੀ ਨੇ ਮੁੱਢਲੀ ਵਿੱਦਿਆ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ ਤੇ ਪਿੱਛੋਂ 18 ਸਾਲ ਦੀ ਉਮਰ ਵਿਚ ਮੁਲਤਾਨ ਆ ਕੇ ਅਰਬੀ, ਫਾਰਸੀ, ਕੁਰਾਨ, ਹਦੀਸ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਛੇਤੀ ਹੀ ਕੁਰਾਨ ਸ਼ਰੀਫ ਜ਼ੁਬਾਨੀ ਕੰਠ ਕਰ ਲਈ। ਮੁਲਤਾਨ ਰਹਿੰਦਿਆਂ ਹੀ ਉਹ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦੇ ਮੁਖੀ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਨੂੰ ਮਿਲੇ ਅਤੇ ਪਿੱਛੋਂ ਚਿਸ਼ਤੀ ਸੰਪਰਦਾਇ ਦੀ ਵਾਗਡੋਰ ਸੰਭਾਲੀ।
ਸ਼ੇਖ ਫਰੀਦ ਜੀ ਦੀ ਪ੍ਰਮਾਣਿਕ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਪਾਕਪਟਨ ਤੋਂ ਸ਼ੇਖ ਬ੍ਰਹਮ ਪਾਸੋਂ ਹਾਸਲ ਕੀਤਾ ਅਤੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ (1604 ਈ.) ਸਮੇਂ ਇਸਨੂੰ ਢੁੱਕਵਾਂ ਸਥਾਨ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫਰੀਦ ਦੇ ਚਾਰ ਸ਼ਬਦ (ਰਾਗ ਆਸਾ ਅਤੇ ਰਾਗ ਸੂਹੀ ਵਿਚ ਦੋ-ਦੋ) ਅਤੇ 'ਸਲੋਕ ਫਰੀਦ' ਸਿਰਲੇਖ ਹੇਠ 130 ਸਲੋਕ ਪ੍ਰਾਪਤ ਹੁੰਦੇ ਹਨ, ਇਨ੍ਹਾਂ 'ਚੋਂ ਫਰੀਦ ਜੀ ਦੇ ਆਪਣੇ ਲਿਖੇ ਸਲੋਕ 113 ਹਨ, ਜਦਕਿ 17 ਸਲੋਕ ਵੱਖ-ਵੱਖ ਗੁਰੂ ਸਾਹਿਬਾਨ ਦੇ ਹਨ। ਇਨ੍ਹਾਂ 17 ਸਲੋਕਾਂ ਦਾ ਵੇਰਵਾ ਇਸ ਪ੍ਰਕਾਰ ਹੈ :
 * ਗੁਰੂ ਨਾਨਕ ਦੇਵ ਜੀ ਦੇ 4 ਸਲੋਕ : ਨੰ. 32, 113, 120, 124.
* ਗੁਰੂ ਅਮਰਦਾਸ ਜੀ ਦੇ 4 ਸਲੋਕ : ਨੰ. 13, 52, 104, 122.
* ਗੁਰੂ ਰਾਮਦਾਸ ਜੀ ਦਾ 1 ਸਲੋਕ : ਨੰ. 121
* ਗੁਰੂ ਅਰਜਨ ਦੇਵ ਜੀ ਦੇ 8 ਸਲੋਕ : ਨੰ. 75, 82, 83, 105, 108, 109, 110, 111.

ਸਲੋਕਾਂ ਦੀ ਗਿਣਤੀ ਬਾਰੇ ਵੀ ਵਿਦਵਾਨ ਇਕਮੱਤ ਨਹੀਂ ਹਨ। ਬਹੁਤੇ ਲੇਖਕਾਂ ਨੇ ਫਰੀਦ ਜੀ ਦੇ ਸਲੋਕਾਂ ਦੀ ਗਿਣਤੀ 112 ਦੱਸੀ ਹੈ ਅਤੇ ਗੁਰੂਆਂ ਵਲੋਂ ਰਚੇ ਸਲੋਕਾਂ ਦੀ ਗਿਣਤੀ 18 ਮੰਨੀ ਹੈ।
ਜਿਥੇ ਬਾਬਾ ਫਰੀਦ ਜੀ ਆਪਣੇ ਸ਼ਬਦ (ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ...) ਵਿਚ ਸਮੱਸਿਆ ਦਾ ਜ਼ਿਕਰ ਕਰਦੇ ਹਨ, ਉਥੇ ਗੁਰੂ ਨਾਨਕ ਦੇਵ ਜੀ ਨੇ (ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ) ਸਮੱਸਿਆ ਦਾ ਹੱਲ ਦੱਸਿਆ ਹੈ।
ਬੇਸ਼ੱਕ ਬਾਬਾ ਫਰੀਦ ਜੀ ਇਸਲਾਮ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਦੀ ਰਚਨਾ ਵਿਚ ਇਸਲਾਮਿਕ ਸ਼ਬਦਾਵਲੀ ਦੀ ਬਹੁਤਾਤ ਹੈ, ਜਿਵੇਂ : ਜੀਰਾਣ, ਗੋਰ, ਮੁਸਲਾ, ਸੂਫ, ਦਰਵੇਸੁ, ਅਜਰਾਈਲੁ, ਉਜੂ, ਮਸੀਤਿ, ਦੋਜਕ, ਪੀਰ, ਮਲਕੁਲ ਮਉਤ, ਖੁਦਾਇ ਆਦਿ ਪਰ ਉਨ੍ਹਾਂ ਦੇ ਉਪਦੇਸ਼ ਅਤੇ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਹਨ। ਉਨ੍ਹਾਂ ਦੀ ਬਾਣੀ ਵਿਚ ਇਸ਼ਕ, ਬਿਰਹਾ, ਸਬਰ-ਸੰਤੋਖ, ਸਹਿਣਸ਼ੀਲਤਾ, ਨਿਮਰਤਾ, ਖਿਮਾ, ਮਿੱਠਾ ਬੋਲਣਾ, ਪ੍ਰਭੂ ਭਗਤੀ, ਜੀਵਨ ਦੀ ਨਾਸ਼ਮਾਨਤਾ, ਪਰਿਪੱਕਤਾ, ਨੇਕੀ, ਸਮੇਂ ਦੀ ਸਾਰਥਕਤਾ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਪ੍ਰਾਪਤ ਹੈ ਅਤੇ ਇਨ੍ਹਾਂ ਹੀ ਵਿਸ਼ਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਵਿਭਿੰਨ ਸਲੋਕਾਂ ਦੀ ਸਿਰਜਣਾ ਕੀਤੀ ਹੈ। ਇਹੋ ਜਿਹੇ ਵਿਸ਼ਿਆਂ ਨੂੰ ਪ੍ਰਸਤੁਤ ਕਰਦੇ ਕੁਝ ਇਕ ਸਲੋਕ ਇਸ ਪ੍ਰਕਾਰ ਹਨ :
* ਨੇਕੀ : ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨਾ ਹਢਾਇ£
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ£ (ਪੰਨਾ 1381)
—ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨਾ ਮਾਰੇ ਘੁੰਮਿ£ ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ£ (ਪੰਨਾ 1378)
* ਸਬਰ-ਸੰਤੋਖ : ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ£
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ£ (ਪੰਨਾ 1384)
—ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ£
ਫਰੀਦਾ ਦੇਖਿ ਪਰਾਈ ਚੋਪੜੀ ਨ ਤਰਸਾਏ ਜੀਉ£ (ਪੰਨਾ 1379)
* ਮਿੱਠਾ ਬੋਲਣਾ : ਇਕ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ£
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ£                     (ਪੰਨਾ 1384)
—ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ£
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ£ (ਪੰਨਾ 1384)

ਬਾਬਾ ਫਰੀਦ ਜੀ ਦੇ ਪਾਵਨ ਚਰਨਾਂ ਨਾਲ ਵਰੋਸਾਈ ਧਰਤੀ ਫਰੀਦਕੋਟ ਵਿਖੇ ਪਿਛਲੇ ਕਈ ਵਰ੍ਹਿਆਂ ਤੋਂ 'ਬਾਬਾ ਫਰੀਦ ਆਗਮਨ ਪੁਰਬ' ਮਨਾਇਆ ਜਾ ਰਿਹਾ ਹੈ। 800 ਸਾਲ ਪਹਿਲਾਂ ਇਥੇ ਮੋਹਕਲ ਨਾਂ ਦਾ ਰਾਜਾ ਰਾਜ ਕਰਦਾ ਸੀ। ਉਹਨੇ ਮੋਹਕਲਗੜ੍ਹ ਨਾਂ ਦਾ ਇਕ ਕਿਲਾ ਬਣਵਾਇਆ। ਉਸਾਰੀ ਸਮੇਂ ਰਾਜੇ ਦੇ ਸੈਨਿਕਾਂ ਨੇ ਬਾਬਾ ਫਰੀਦ ਜੀ ਨੂੰ ਵਗਾਰ ਦੇ ਕੰਮ ਵਿਚ ਲਾ ਦਿੱਤਾ। ਇਕ ਦਰਵੇਸ਼ ਨੂੰ ਇਸ ਕੰਮ ਵਿਚ ਲੱਗਿਆ ਵੇਖ ਕੇ ਜਨਤਾ ਨੇ ਰਾਜੇ ਨੂੰ ਸੂਚਿਤ ਕੀਤਾ ਤਾਂ ਰਾਜੇ ਨੇ ਫਰੀਦ ਜੀ ਤੋਂ ਖਿਮਾ ਮੰਗੀ ਅਤੇ ਰਾਜੇ ਨੇ ਇਸ ਸ਼ਹਿਰ ਦਾ ਨਾਂ ਫਰੀਦ ਜੀ ਦੇ ਨਾਂ 'ਤੇ 'ਫਰੀਦਕੋਟ' ਰੱਖ ਦਿੱਤਾ। ਫਰੀਦਕੋਟ ਵਿਖੇ ਹਰ ਸਾਲ 19 ਸਤੰਬਰ ਤੋਂ 23 ਸਤੰਬਰ ਤਕ ਬਾਬਾ ਫਰੀਦ ਜੀ ਦੀ ਯਾਦ ਵਿਚ ਕੌਮੀ ਪੱਧਰ ਦੇ ਸਮਾਗਮ ਆਯੋਜਿਤ ਹੁੰਦੇ ਹਨ, ਜਿਸ ਵਿਚ ਜ਼ਿਲਾ ਪ੍ਰਸ਼ਾਸਨ ਦੀ ਵੱਡੀ ਭੂਮਿਕਾ ਹੁੰਦੀ ਹੈ। ਇਥੇ ਸੈਮੀਨਾਰ, ਕੁਸ਼ਤੀਆਂ, ਹਾਕੀ, ਕਵੀ-ਦਰਬਾਰ, ਕੱਵਾਲੀਆਂ ਆਦਿ ਦੇ ਪ੍ਰੋਗਰਾਮ ਹੁੰਦੇ ਹਨ। ਇਥੇ ਕਿਲੇ ਦੇ ਬਿਲਕੁਲ ਨੇੜੇ ਚਿੱਲਾ ਬਾਬਾ ਫਰੀਦ ਬਣਿਆ ਹੋਇਆ ਹੈ, ਜਿਥੇ ਹਰ ਵੀਰਵਾਰ ਭਾਰੀ ਮੇਲਾ ਲੱਗਦਾ ਹੈ। ਸੰਗਤਾਂ ਦੂਰ-ਦੁਰਾਡੇ ਤੋਂ ਇਸ ਅਸਥਾਨ ਦੀ ਜਿਆਰਤ ਕਰਦੀਆਂ ਹਨ ਅਤੇ ਮਹਾਨ ਸੂਫੀ ਫਕੀਰ ਦੇ ਦਰ 'ਤੇ ਆ ਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੀਆਂ ਹਨ। ਇਸ ਅਸਥਾਨ 'ਤੇ ਇਕ ਗੁਰਦੁਆਰਾ, ਇਕ ਲੰਗਰ ਹਾਲ, ਮਸਜਿਦ ਅਤੇ ਵਣ ਦਾ ਪੁਰਾਤਨ ਰੁੱਖ ਮੌਜੂਦ ਹੈ। ਹਰ ਮਜ਼੍ਹਬ, ਜਾਤ ਤੇ ਫਿਰਕੇ ਤੇ ਲੋਕੀਂ ਇਥੇ ਸਿਜਦਾ ਕਰਨ ਆਉਂਦੇ ਹਨ।
ਸ਼ਹਿਰ ਤੋਂ ਬਾਹਰਵਰ ਫਰੀਦਕੋਟ-ਕੋਟਕਪੂਰਾ ਸੜਕ 'ਤੇ ਗੁਰਦੁਆਰਾ ਗੋਦੜੀ ਸਾਹਿਬ ਦੀ ਸੁੰਦਰ ਇਮਾਰਤ ਹੈ। ਇਥੇ ਇਕ ਸਰੋਵਰ ਵੀ ਮੌਜੂਦ ਹੈ। ਇਨ੍ਹਾਂ ਸਾਰੀਆਂ ਇਮਾਰਤਾਂ ਦਾ ਪ੍ਰਬੰਧ ਸਥਾਨਕ ਪ੍ਰਬੰਧਕ ਕਮੇਟੀ ਕੋਲ ਹੈ, ਜਿਸ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖਾਲਸਾ ਹਨ। ਕਮੇਟੀ ਹਰ ਵਰ੍ਹੇ ਇਮਾਨਦਾਰ ਅਤੇ ਵਧੀਆ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਦੀ ਹੈ। ਸਤੰਬਰ ਮਹੀਨੇ ਵਿਚ ਹੀ ਬੱਚਿਆਂ ਦੇ ਕੁਇੱਜ਼, ਭਾਸ਼ਣ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਕਈ-ਕਈ ਹਜ਼ਾਰ ਦੇ ਨਕਦ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ।