ਵੱਡਿਆਂ-ਵੱਡਿਆਂ ਨੂੰ ਡੇਗ ਦਿੰਦਾ ਹੈ ਹੰਕਾਰ

11/13/2017 11:01:01 AM

ਗੀਤਾ ਦੇ ਤੀਜੇ ਅਧਿਆਏ ਵਿਚ ਕਿਹਾ ਗਿਆ ਹੈ ਕਿ ਸਾਰੇ ਕਰਮ ਅਸਲ ਵਿਚ ਕੁਦਰਤ ਦੇ ਗੁਣਾਂ ਦੀ ਮਦਦ ਨਾਲ ਕੀਤੇ ਜਾਂਦੇ ਹਨ ਪਰ ਜਿਹੜੇ ਅਗਿਆਨੀ ਹੁੰਦੇ ਹਨ ਅਤੇ ਜਿਨ੍ਹਾਂ 'ਤੇ ਹੰਕਾਰ ਦਾ ਅਸਰ ਹੁੰਦਾ ਹੈ, ਉਹ ਸਮਝਦੇ ਹਨ ਕਿ ਕਰਮ ਉਨ੍ਹਾਂ ਹੀ ਕੀਤਾ ਹੈ। ਭਾਵ ਮੈਂ ਕਰਦਾ ਹਾਂ, ਇਹ ਹੰਕਾਰ ਰੱਖ ਕੇ ਉਹ ਖੁਦ ਨੂੰ ਕਈ ਤਰ੍ਹਾਂ ਦੇ ਬੰਧਨਾਂ ਵਿਚ ਬੰਨ੍ਹ ਲੈਂਦੇ ਹਨ। ਜੋ ਵੀ ਹੰਕਾਰ ਦੀ ਇਸ ਮੈਂ-ਮੈਂ ਵਿਚ ਫਸਦੇ ਹਨ, ਉਨ੍ਹਾਂ ਦਾ ਜੀਵਨ ਅਖੀਰ ਨਰਕ ਸਮਾਨ ਬਣ ਜਾਂਦਾ ਹੈ। ਆਖਿਰ ਕੀ ਹੈ ਇਹ ਹੰਕਾਰ, ਜੋ ਨੁਕਸਾਨਦੇਹ ਹੁੰਦੇ ਹੋਏ ਵੀ ਅਸੀਂ ਉਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ?
ਪ੍ਰਸਿੱਧ ਨਾਵਲਕਾਰ ਸੀ. ਐੱਸ. ਲੁਇਸ ਨੇ ਲਿਖਿਆ ਹੈ ਕਿ ''ਹੰਕਾਰ ਦੀ ਤ੍ਰਿਪਤੀ ਕਿਸੇ ਚੀਜ਼ ਨੂੰ ਹਾਸਿਲ ਕਰਨ ਨਾਲ ਨਹੀਂ, ਸਗੋਂ ਉਸ ਚੀਜ਼ ਨੂੰ ਕਿਸੇ ਦੂਜੇ ਦੇ ਮੁਕਾਬਲੇ ਜ਼ਿਆਦਾ ਹਾਸਿਲ ਕਰਨ ਨਾਲ ਹੁੰਦੀ ਹੈ।'' ਹੰਕਾਰ ਦਾ ਅਰਥ ਹੀ ਖੁਦ ਨੂੰ ਦੂਜਿਆਂ ਤੋਂ ਸ੍ਰੇਸ਼ਠ ਸਾਬਿਤ ਕਰਨ ਦਾ ਦਾਅਵਾ ਹੈ। ਇਸੇ ਕਾਰਨ ਲੋਕ ਲਾਲਚ ਕਰਦੇ ਹਨ ਤਾਂ ਜੋ ਉਹ ਦੂਜਿਆਂ ਤੋਂ ਅਮੀਰ ਹੋ ਜਾਣ। ਉਹ ਦੂਜਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਆਪਣਾ ਦਬਦਬਾ ਸਾਬਿਤ ਕਰ ਸਕਣ। ਉਹ ਦੂਜਿਆਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ ਤਾਂ ਜੋ ਖੁਦ ਸਿਆਣੇ ਸਾਬਿਤ ਹੋ ਸਕਣ।
ਯਾਦ ਰੱਖੋ ਹੰਕਾਰ ਹਮੇਸ਼ਾ ਦੂਜਿਆਂ ਨੂੰ ਮਾਪਦੰਡ ਬਣਾ ਕੇ ਚੱਲਦਾ ਹੈ। ਦੂਜਿਆਂ ਨਾਲ ਤੁਲਨਾ ਕਰ ਕੇ ਖੁਦ ਨੂੰ ਸ੍ਰੇਸ਼ਠ ਸਾਬਿਤ ਕਰਨ ਦੀ ਆਦਤ ਦਾ ਨਾਂ ਹੀ ਹੰਕਾਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਮਹਾਨ ਸੱਭਿਅਤਾਵਾਂ, ਸ਼ਕਤੀਸ਼ਾਲੀ ਰਾਜਵੰਸ਼ਾਂ ਤੇ ਸਾਮਰਾਜਾਂ ਨੇ ਹੰਕਾਰੀ ਤੇ ਘੁਮੰਡੀ ਰਾਜਿਆਂ ਦੇ ਹੱਥਾਂ ਵਿਚ ਡਿਗ ਕੇ ਆਪਣੀ ਮੂਲ ਹੋਂਦ ਨੂੰ ਹੀ ਮਿਟਾ ਦਿੱਤਾ।
ਮਹਾਭਾਰਤ ਵਿਚ ਇਸ ਤਰ੍ਹਾਂ ਦੇ ਕਈ ਪ੍ਰਸੰਗ ਆਉਂਦੇ ਹਨ ਜਦੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਦੇ ਹੰਕਾਰ ਨੂੰ ਤੋੜਿਆ ਅਤੇ ਉਸ ਨੂੰ ਭਗਵਦ ਪ੍ਰਾਪਤੀ ਵਿਚ ਸਭ ਤੋਂ ਵੱਡੀ ਰੁਕਾਵਟ ਦੱਸਿਆ। ਇਸੇ ਤਰ੍ਹਾਂ ਰਾਮਾਇਣ ਵਿਚ ਵੀ ਨਾਰਦ ਦੇ ਹੰਕਾਰ ਦਾ ਪ੍ਰਸੰਗ ਆਉਂਦਾ ਹੈ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਿੱਥਿਆ ਹੰਕਾਰ ਕਾਰਨ ਉਹ ਰੱਬ ਤੋਂ ਕਿੰਨੇ ਦੂਰ ਹੁੰਦੇ ਜਾ ਰਹੇ ਹਨ।
ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੁਨੀਆ ਵਿਚ ਸਭ ਤੋਂ ਵੱਡਾ ਜੇ ਕੋਈ ਹੈ ਤਾਂ ਉਹ ਸਰਬ ਸ਼ਕਤੀਮਾਨ ਪ੍ਰਮਾਤਮਾ ਹੈ, ਜਿਸ ਨੂੰ ਆਪਣੀ ਸੱਤਾ ਦਾ ਹੰਕਾਰ ਨਹੀਂ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਹੰਕਾਰ ਤੋਂ ਹਮੇਸ਼ਾ ਲਈ ਛੁਟਕਾਰਾ ਹਾਸਿਲ ਕਰੀਏ, ਨਹੀਂ ਤਾਂ ਇਹ ਅਜਿਹੀ ਖਤਰਨਾਕ ਬੀਮਾਰੀ ਹੈ ਜੋ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਉਜਾੜ ਸਕਦੀ ਹੈ।