ਆਪਣੀਆਂ ਖੁਸ਼ੀਆਂ ਨੂੰ ਉਮੀਦਾਂ ਦੀਆਂ ਮੁਥਾਜ ਨਾ ਬਣਨ ਦਿਓ

9/20/2016 9:17:21 AM

ਲੋਕਾਂ ਨੂੰ ਡਿਪ੍ਰੈਸ਼ਨ ਵਿਚ ਘਿਰ ਕੇ ਆਪਣੀ ਜ਼ਿੰਦਗੀ ਖਤਮ ਕਰਦੇ ਦੇਖਣਾ ਇਨ੍ਹੀਂ ਦਿਨੀਂ ਆਮ ਹੋ ਗਿਆ ਹੈ। ਅਜਿਹੀਆਂ ਘਟਨਾਵਾਂ ਦਾ ਕੇਂਦਰ ਬਿੰਦੂ ਇਹੀ ਹੁੰਦਾ ਹੈ ਕਿ ਅਸੀਂ ਅਸਲੀਅਤ ਨੂੰ ਅਣਦੇਖਿਆਂ ਕਰ ਦਿੰਦੇ ਹਾਂ। ਇਕ ਕੰਪਨੀ ਦੇ ਸੀ. ਈ. ਓ. ਦੀ ਬੜੀ ਇੱਛਾ ਸੀ ਕਿ ਉਨ੍ਹਾਂ ਦਾ ਬੇਟਾ ਫਾਈਨਾਂਸ ਦੀ ਪੜ੍ਹਾਈ ਕਰ ਕੇ ਉਨ੍ਹਾਂ ਦਾ ਬਿਜ਼ਨੈੱਸ ਸੰਭਾਲੇ ਪਰ ਉਨ੍ਹਾਂ ਦੀ ਉਮੀਦ ਤੋਂ ਉਲਟ ਬੇਟੇ ਨੇ ਸਪੋਰਟਸ ਵਿਚ ਆਪਣਾ ਕੈਰੀਅਰ ਬਣਾ ਲਿਆ ਅਤੇ ਪਿਤਾ ਇਸੇ ਫੈਸਲੇ ਦੇ ਸਦਮੇ ਕਾਰਨ ਡਿਪ੍ਰੈਸ਼ਨ ਵਿਚ ਚਲੇ ਗਏ।
ਨਿਰਾਸ਼ਾ ਤੇ ਗੁੱਸਾ ਸਾਨੂੰ ਉਸ ਵੇਲੇ ਹੀ ਘੇਰਦੇ ਹਨ ਜਦੋਂ ਦੂਜੇ ਵਿਅਕਤੀ ਤੋਂ ਉਮੀਦ ਅਨੁਸਾਰ ਜਵਾਬ ਨਹੀਂ ਮਿਲਦਾ। ਸੱਚ ਪੁੱਛਿਆ ਜਾਵੇ ਤਾਂ ਸਾਡੀਆਂ ਖੁਸ਼ੀਆਂ ਉਮੀਦਾਂ ਦੀਆਂ ਮੁਥਾਜ ਹਨ। ਬੇਟੇ ਦਾ ਉਮੀਦ ਅਨੁਸਾਰ ਨਤੀਜਾ ਆਇਆ ਤਾਂ ਖੁਸ਼ੀਆਂ ਦੁੱਗਣੀਆਂ, ਨਹੀਂ ਤਾਂ ਨਹੀਂ। ਸਮੇਂ ਅਨੁਸਾਰ ਪ੍ਰਮੋਸ਼ਨ ਮਿਲੀ ਤਾਂ ਖੁਸ਼, ਨਹੀਂ ਤਾਂ ਉਦਾਸੀ ਹੀ ਉਦਾਸੀ। ਅਸਲੀ ਤੇ ਅੰਦਰੂਨੀ ਖੁਸ਼ੀ ਦਾ ਅਹਿਸਾਸ ਕਰਨਾ ਹੋਵੇ ਤਾਂ ਆਪਣੀਆਂ ਉਮੀਦਾਂ ਨੂੰ ਕਾਬੂ ਵਿਚ ਰੱਖਣਾ ਸਿੱਖੋ। ਫਿਰ ਆਪਣੀਆਂ ਅਸਫਲਤਾਵਾਂ ਤੋਂ ਦੁੱਖ ਨਹੀਂ, ਸਗੋਂ ਸਿੱਖਿਆ ਮਿਲੇਗੀ।
ਅਸਲ ਵਿਚ ਅਸੀਂ ਖੁਦ ਨੂੰ ਹੱਦਾਂ ਵਿਚ ਬੰਨ੍ਹ ਲੈਂਦੇ ਹਾਂ ਪਰ ਦੂਜਿਆਂ ਤੋਂ ਹੱਦੋਂ ਵੱਧ ਉਮੀਦ ਕਰਨ ਲਗਦੇ ਹਾਂ। ਹਾਲਾਂਕਿ ਦੂਜਾ ਪਹਿਲੂ ਇਹ ਵੀ ਹੈ ਕਿ ਉਮੀਦਾਂ ਸਾਨੂੰ ਕਰਮ ਦੇ ਰਸਤੇ ਵੱਲ ਵਧਾਉਂਦੀਆਂ ਹਨ। ਉਮੀਦਾਂ ਮਨੋਬਲ ਵਧਾਉਂਦੀਆਂ ਹਨ। ਵਿਦਿਆਰਥੀ ਆਪਣੇ ਮਾਪਿਆਂ ਦੀਆਂ ਉਮੀਦਾਂ ਅਨੁਸਾਰ ਢਲਣ ਵਿਚ ਊਰਜਾ ਦੇ ਨਾਲ-ਨਾਲ ਪ੍ਰਸੰਨਤਾ ਮਹਿਸੂਸ ਕਰਦੇ ਹਨ। ਕਰਮਚਾਰੀ ਆਪਣੇ ਮਾਲਕ ਦੀਆਂ ਉਮੀਦਾਂ ਅਨੁਸਾਰ ਢਲ ਕੇ ਦੇਸ਼ ਦੀ ਤਰੱਕੀ ਵਿਚ ਮਦਦਗਾਰ ਬਣਦੇ ਹਨ। ਬਸ ਇਨ੍ਹਾਂ ਉਮੀਦਾਂ ਦੀ ਪੂਰਤੀ ਲਈ ਬਹੁਤ ਜ਼ਿਆਦਾ ਦਬਾਅ ਨਹੀਂ ਬਣਾਉਣਾ ਚਾਹੀਦਾ।
ਉਮੀਦ ਕਿਸੇ ਦੀ ਯੋਗਤਾ ਤੋਂ ਉਲਟ ਵੀ ਨਹੀਂ ਬਣਾਉਣੀ ਚਾਹੀਦੀ। ਇਸ ਲਈ ਜਿਸ ਤੋਂ ਉਮੀਦਾਂ ਰੱਖਦੇ ਹਾਂ, ਉਸ ਦੀ ਯੋਗਤਾ ਤੇ ਕਾਰਜ-ਸਮਰੱਥਾ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਕਿਸੇ ਦੂਜੇ ਲਈ ਟੀਚਾ ਮਿੱਥਣਾ ਵੀ ਗਲਤ ਹੈ। ਕਿਸੇ ਤੋਂ ਸਹਿਯੋਗ ਦੀ ਉਮੀਦ ਰੱਖਣੀ ਜਾਂ ਆਪਣੀ ਉਮੀਦ ਅਨੁਸਾਰ ਦੂਜਿਆਂ ਨੂੰ ਢਾਲਣ ਨਾਲੋਂ ਚੰਗਾ ਹੈ ਕਿ ਖੁਦ ਨੂੰ ਹੀ ਸਮਰੱਥ ਬਣਾ ਲਵੋ। ਇਕ ਮਿੱਥੇ ਟੀਚੇ ਨੂੰ ਧਾਰਨ ਕਰਦਿਆਂ ਉਮੀਦਾਂ ''ਤੇ ਲਗਾਮ ਲਗਾ ਕੇ ਸੰਘਰਸ਼ ਦਾ ਸਹਿਜਤਾ ਨਾਲ ਸਾਹਮਣਾ ਕਰੋ। ਉਸ ਨਾਲ ਮਿਲੀ ਸਫਲਤਾ ਜਾਂ ਅਸਫਲਤਾ ਕਦੇ ਪ੍ਰੇਸ਼ਾਨ ਨਹੀਂ ਕਰੇਗੀ।