ਨਿਰਾਸ਼ਾ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ
7/22/2017 5:02:27 PM
ਜਦੋਂ ਵੀ ਨਿਰਾਸ਼ਾ ਤੁਹਾਨੂੰ ਘੇਰਦੀ ਹੈ ਤਾਂ ਤੁਸੀਂ ਖੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹੋ ਪਰ ਖੁਦ ਨੂੰ ਇਹ ਵੀ ਦੱਸੋ ਕਿ ਤੁਸੀਂ ਇਸ ਨਿਰਾਸ਼ਾ ਦਾ ਮੁਕਾਬਲਾ ਕਰੋਗੇ।
ਲੋਕਾਂ ਨੂੰ ਦੁੱਖ ਹੁੰਦਾ ਹੈ ਅਤੇ ਉਹ ਨਿਰਾਸ਼ ਵੀ ਹੋ ਜਾਂਦੇ ਹਨ। ਉਨ੍ਹਾਂ ਨੂੰ ਜੀਵਨ ਵਿਚ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਅਤੇ ਉਹ ਡਿਪ੍ਰੈਸ਼ਨ ਵਿਚ ਘਿਰ ਜਾਂਦੇ ਹਨ ਪਰ ਨਿਰਾਸ਼ ਹੋਣਾ ਇਕ ਗੱਲ ਹੈ ਅਤੇ ਨਿਰਾਸ਼ਾ ਵਿਚ ਹੀ ਬੈਠੇ ਰਹਿਣਾ ਦੂਜੀ।
ਅਸਲ ਵਿਚ ਤੁਸੀਂ ਤਾਂ ਹੀ ਨਿਰਾਸ਼ ਹੋਵੋਗੇ ਜਦੋਂ ਤੁਸੀਂ ਨਿਰਾਸ਼ਾ ਨੂੰ ਆਪਣੇ ਉੱਪਰ ਹਾਵੀ ਹੋਣ ਦਿਓਗੇ। ਜੇ ਤੁਸੀਂ ਉਸ ਬਾਰੇ ਬਹੁਤੀ ਪ੍ਰਵਾਹ ਨਹੀਂ ਕਰਦੇ ਤਾਂ ਉਹ ਇਕ ਜਾਂ 2 ਮਿੰਟ ਤੋਂ ਜ਼ਿਆਦਾ ਤੁਹਾਨੂੰ ਨਹੀਂ ਘੇਰ ਸਕਦੀ। ਕੋਈ ਕੰਮ ਨਹੀਂ ਬਣ ਸਕਿਆ ਕੋਈ ਗੱਲ ਨਹੀਂ, ਕੱਲ ਮੁੜ ਕੋਸ਼ਿਸ਼ ਕਰਾਂਗੇ। ਇਸ ਸੋਚ ਨਾਲ ਜਿਊਣ ਵਾਲੇ ਨਿਰਾਸ਼ਾ ਦੇ ਆਉਣ 'ਤੇ ਵੀ ਉਸ ਨੂੰ ਪਰ੍ਹੇ ਧੱਕ ਦਿੰਦੇ ਹਨ।
ਜਦੋਂ ਨਿਰਾਸ਼ਾ ਮਹਿਸੂਸ ਹੋਵੇ ਤਾਂ ਖੁਦ ਨਾਲ ਗੱਲ ਕਰੋ ਅਤੇ ਖੁਦ ਨੂੰ ਤਿਆਰ ਕਰੋ ਕਿ ਤੁਸੀਂ ਅੱਗੇ ਵਧ ਸਕੋ। ਖੁਦ ਨੂੰ ਹਾਂਪੱਖੀ ਬਣਾਓ ਤਾਂ ਜੋ ਤੁਸੀਂ ਉਤਰਾਅ-ਚੜ੍ਹਾਅ ਦਾ ਚੰਗੀ ਤਰ੍ਹਾਂ ਸਾਹਮਣਾ ਕਰ ਸਕੋ। ਨਿਰਾਸ਼ਾ ਤੋਂ ਪਾਰ ਪਾਉਣ ਦਾ ਢੰਗ ਹਾਂਪੱਖੀ ਹੋਣਾ ਹੀ ਹੈ।
ਪਰ ਸਵਾਲ ਇਹ ਵੀ ਉੱਠਦਾ ਹੈ ਕਿ ਆਖਰ ਸਾਡਾ ਦਿਮਾਗ ਨਿਰਾਸ਼ਾ ਨੂੰ ਬਹੁਤ ਗੰਭੀਰਤਾ ਨਾਲ ਕਿਉਂ ਲੈਂਦਾ ਹੈ? ਤਾਂ ਜਵਾਬ ਹੈ ਕਿ ਮਨ ਸਾਡੀਆਂ ਆਦਤਾਂ ਦਾ ਗੁਲਾਮ ਹੁੰਦਾ ਹੈ। ਆਦਤਾਂ ਨੂੰ ਜਾਣ ਵਿਚ ਸਮਾਂ ਲਗਦਾ ਹੈ। ਅਭਿਆਸ ਕਰਨ ਨਾਲ ਹੀ ਆਦਤਾਂ 'ਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ। ਜੇ ਤੁਹਾਡੇ ਵਿਚ ਕੋਈ ਬੁਰੀ ਆਦਤ ਹੈ ਤਾਂ ਅਭਿਆਸ ਰਾਹੀਂ ਉਸ ਨੂੰ ਬਦਲੋ। ਜੇ ਅਸੀਂ ਆਦਤਾਂ ਨੂੰ ਬਦਲਾਂਗੇ ਤਾਂ ਮਨ ਨੂੰ ਵੀ ਕਾਬੂ ਵਿਚ ਕਰ ਲਵਾਂਗੇ।
ਕੋਸ਼ਿਸ਼ ਕਰ ਕੇ ਇਸ ਕੰਮ ਵਿਚ ਵੀ ਮਜ਼ਾ ਲਓ। ਸੋਚੋ ਕਿ ਤੁਸੀਂ ਇਸ ਨੂੰ ਵੀ ਬਹੁਤ ਵਧੀਆ ਢੰਗ ਨਾਲ ਕਰੋਗੇ। ਮਨ ਪੁਰਾਣੀਆਂ ਆਦਤਾਂ 'ਚੋਂ ਬਾਹਰ ਨਿਕਲ ਸਕਦਾ ਹੈ ਪਰ ਤਾਂ ਹੀ ਜੇ ਤੁਸੀਂ ਉਸ ਨੂੰ ਨਵੇਂ ਰਸਤੇ 'ਤੇ ਅੱਗੇ ਵਧਾਓ।
ਲੋਕ ਸਿਧਾਂਤਾਂ ਤੇ ਭਾਸ਼ਣਾਂ ਨੂੰ ਪਸੰਦ ਕਰਦੇ ਹਨ ਪਰ ਉਹ ਵਤੀਰੇ ਨੂੰ ਬਦਲਣਾ ਨਹੀਂ ਚਾਹੁੰਦੇ। ਆਪਣੀਆਂ ਆਦਤਾਂ ਵਿਚ ਤਬਦੀਲੀ ਨਹੀਂ ਲਿਆਉਣੀ ਚਾਹੁੰਦੇ ਅਤੇ ਇਹੋ ਸਭ ਤੋਂ ਵੱਡੀ ਮੁਸ਼ਕਿਲ ਹੈ। ਜੇ ਤੁਸੀਂ ਆਪਣਾ ਵਤੀਰਾ ਤੇ ਆਦਤਾਂ ਬਦਲੋਗੇ ਤਾਂ ਵਿਵਸਥਾ ਆਪਣੇ-ਆਪ ਕਾਇਮ ਹੋ ਜਾਵੇਗੀ। ਤੁਸੀਂ ਬਸ ਮਨ ਨੂੰ ਰੋਕਣਾ ਸਿੱਖੋ।