ਹਾਰ ਨਾ ਮੰਨੋ, ਕਾਮਯਾਬੀ ਜ਼ਰੂਰ ਮਿਲੇਗੀ

7/11/2017 11:16:27 AM

ਇਕ ਵਾਰ ਇਕ ਸਮੁੰਦਰ ਵਿਗਿਆਨੀ ਨੇ ਤਜਰਬਾ ਕੀਤਾ। ਉਸ ਨੇ ਸ਼ਾਰਕ ਮੱਛੀ ਨੂੰ ਪਾਣੀ ਦੇ ਵੱਡੇ ਟੈਂਕ ਵਿਚ ਪਾਇਆ ਅਤੇ ਨਾਲ ਹੀ ਉਸ ਵਿਚ ਕੁਝ ਛੋਟੀਆਂ ਮੱਛੀਆਂ ਵੀ ਪਾ ਦਿੱਤੀਆਂ। 
ਜਿਸ ਤਰ੍ਹਾਂ ਦੀ ਆਸ ਸੀ, ਸ਼ਾਰਕ ਨੇ ਜਲਦੀ ਹੀ ਝਪੱਟਾ ਮਾਰ ਕੇ ਉਨ੍ਹਾਂ ਸਾਰੀਆਂ ਮੱਛੀਆਂ ਦਾ ਸਫਾਇਆ ਕਰ ਦਿੱਤਾ। ਇਸ ਤੋਂ ਬਾਅਦ ਉਸ ਸਮੁੰਦਰ ਵਿਗਿਆਨੀ ਨੇ ਟੈਂਕ ਦੇ ਵਿਚਕਾਰ ਕੱਚ ਦੀ ਮਜ਼ਬੂਤ ਕੰਧ ਬਣਾਈ ਅਤੇ ਉਸ ਦੇ ਇਕ ਹਿੱਸੇ ਵਿਚ ਸ਼ਾਰਕ ਨੂੰ ਪਾ ਦਿੱਤਾ। ਦੂਜੇ ਹਿੱਸੇ ਵਿਚ ਪਹਿਲਾਂ ਵਾਂਗ ਛੋਟੀਆਂ ਮੱਛੀਆਂ ਨੂੰ ਛੱਡ ਦਿੱਤਾ।
ਜਿਵੇਂ ਹੀ ਸ਼ਾਰਕ ਦੀ ਨਜ਼ਰ ਉਨ੍ਹਾਂ ਮੱਛੀਆਂ 'ਤੇ ਪਈ, ਉਹ ਆਸ ਅਨੁਸਾਰ ਤੁਰੰਤ ਉਨ੍ਹਾਂ ਵੱਲ ਵਧੀ ਪਰ ਇਸ ਵਾਰ ਉਹ ਕੱਚ ਦੀ ਮਜ਼ਬੂਤ ਕੰਧ ਨਾਲ ਟਕਰਾਈ ਅਤੇ ਉਥੇ ਹੀ ਰੁਕ ਗਈ ਪਰ ਸ਼ਾਰਕ ਨੇ ਹਾਰ ਨਾ ਮੰਨੀ। ਉਹ ਥੋੜ੍ਹੀ-ਥੋੜ੍ਹੀ ਦੇਰ ਵਿਚ ਤੈਰਦੀ ਹੋਈ ਮੁੜ ਉਨ੍ਹਾਂ ਮੱਛੀਆਂ ਵੱਲ ਆਉਂਦੀ ਪਰ ਹਰ ਵਾਰ ਕੱਚ ਦੀ ਕੰਧ ਉਸ ਦਾ ਰਸਤਾ ਰੋਕ ਲੈਂਦੀ।
ਦੂਜੇ ਪਾਸੇ ਮੱਛੀਆਂ ਆਰਾਮ ਨਾਲ ਪਾਣੀ ਵਿਚ ਤੈਰ ਰਹੀਆਂ ਸਨ। ਆਖਿਰ ਇਕ-ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸ਼ਾਰਕ ਨੇ ਹਾਰ ਮੰਨ ਲਈ। 2-3 ਦਿਨਾਂ ਬਾਅਦ ਸਮੁੰਦਰ ਵਿਗਿਆਨੀ ਨੇ ਕੱਚ ਦੀ ਮਜ਼ਬੂਤ ਕੰਧ ਹਟਾ ਕੇ ਉਸ ਥਾਂ 'ਤੇ ਥੋੜ੍ਹੇ ਪਤਲੇ ਕੱਚ ਦੀ ਪੱਟੀ ਲਾ ਦਿੱਤੀ। ਸ਼ਾਰਕ ਹੁਣ ਵੀ ਕਦੇ-ਕਦੇ ਇਨ੍ਹਾਂ ਮੱਛੀਆਂ ਵੱਲ ਆਉਣ ਦੀ ਕੋਸ਼ਿਸ਼ ਕਰਦੀ, ਹਾਲਾਂਕਿ ਉਸ ਦੀ ਰਫਤਾਰ ਸੁਸਤ ਤੇ ਹਮਲੇ ਕਮਜ਼ੋਰ ਹੁੰਦੇ ਅਤੇ ਉਹ ਕੱਚ ਦੀ ਪੱਟੀ ਨੂੰ ਪਾਰ ਨਹੀਂ ਕਰ ਸਕਦੀ ਸੀ।
ਹੌਲੀ-ਹੌਲੀ ਸ਼ਾਰਕ ਦੇ ਹਮਲੇ ਘੱਟ ਹੁੰਦੇ ਗਏ। ਹੁਣ ਉਹ ਜ਼ਿਆਦਾ ਜ਼ੋਰ ਵੀ ਨਹੀਂ ਲਾਉਂਦੀ ਸੀ। ਕੁਝ ਦਿਨਾਂ ਬਾਅਦ ਸਮੁੰਦਰ ਵਿਗਿਆਨੀ ਨੇ ਉਥੋਂ ਕੱਚ ਦੀ ਕੰਧ ਹਟਾ ਕੇ ਪਤਲੀ ਜਿਹੇ ਪਾਰਦਰਸ਼ੀ ਪਾਲੀਥੀਨ ਲਿਫਾਫੇ ਦਾ ਪਾਰਟੀਸ਼ਨ ਲਾ ਦਿੱਤਾ ਪਰ ਸ਼ਾਰਕ ਨੇ ਤਾਂ ਜਿਵੇਂ ਇਸ ਪਾਸੇ ਧਿਆਨ ਦੇਣਾ ਹੀ ਛੱਡ ਦਿੱਤਾ ਸੀ।
ਉਸ ਨੇ ਇਸ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁਝ ਦਿਨਾਂ ਬਾਅਦ ਇਹ ਪਰਦਾ ਵੀ ਹਟਾ ਦਿੱਤਾ ਗਿਆ ਪਰ ਸ਼ਾਰਕ ਹੁਣ ਪਹਿਲਾਂ ਵਾਂਗ ਟੈਂਕ ਦੇ ਅੱਧੇ ਹਿੱਸੇ ਵਿਚ ਹੀ ਤੈਰਦੀ ਰਹਿੰਦੀ ਅਤੇ ਇਨ੍ਹਾਂ ਮੱਛੀਆਂ ਵੱਲ ਨਾ ਆਉਂਦੀ।
ਅਸਲ ਵਿਚ ਸ਼ਾਰਕ ਮੰਨ ਚੁੱਕੀ ਸੀ ਕਿ ਉਹ ਇਨ੍ਹਾਂ ਮੱਛੀਆਂ ਤਕ ਨਹੀਂ ਪਹੁੰਚ ਸਕਦੀ, ਇਸ ਲਈ ਉਸ ਨੇ ਕੋਸ਼ਿਸ਼ ਕਰਨੀ ਵੀ ਛੱਡ ਦਿੱਤੀ। ਇਸੇ ਤਰ੍ਹਾਂ ਜਿਹੜੇ ਲੋਕ ਮੁਸ਼ਕਿਲਾਂ ਤੋਂ ਹਾਰ ਕੇ ਬੈਠ ਜਾਂਦੇ ਹਨ, ਉਨ੍ਹਾਂ ਤੋਂ ਸਫਲਤਾ ਦੂਰ ਹੀ ਰਹਿੰਦੀ ਹੈ। ਅਸੀਂ ਸਥਿਤੀਆਂ ਦਾ ਸਹੀ ਢੰਗ ਨਾਲ ਅੰਦਾਜ਼ਾ ਲਾ ਕੇ ਅੱਗੇ ਵਧੀਏ ਤਾਂ ਕਾਮਯਾਬੀ ਜ਼ਰੂਰ ਮਿਲੇਗੀ।