ਵਿਚਾਰਾਂ ਨੂੰ ਬੋਝ ਨਾ ਬਣਨ ਦਿਓ

4/11/2017 10:37:27 AM

ਸਾਡੀ ਚੇਤਨਾ ''ਤੇ ਜਦੋਂ ਵਿਚਾਰਾਂ ਦਾ ਬੋਝ ਹੁੰਦਾ ਹੈ, ਮਨ ਦੁਚਿੱਤੀ ''ਚ ਹੁੰਦਾ ਹੈ ਤਾਂ ਸਮਝੋ ਕਿ ਚੇਤਨਾ ਕੈਦ ਹੋ ਗਈ ਹੈ, ਉਸ ''ਤੇ ਤਾਲਾ ਲੱਗ ਗਿਆ ਹੈ। ਇਹ ਅਜਿਹੀ ਕੈਦ ਹੈ, ਜਿਸ ਦੇ ਜੇਲਰ ਅਸੀਂ ਖੁਦ ਹਾਂ। ਅਜਿਹੇ ਵੇਲੇ ਤੜਫ ਜਿਹੀ ਪੈਦਾ ਹੁੰਦੀ ਹੈ। ਇਸ ਕੈਦ ਤੋਂ ਪਰ੍ਹੇ ਜਾਣ ''ਤੇ ਹੀ ਆਨੰਦ ਮਿਲ ਸਕਦਾ ਹੈ।
ਜ਼ਿੰਦਗੀ ਜਿਊਣ ਦੇ 2 ਹੀ ਢੰਗ ਹਨ—ਇਕ ਢੰਗ ਹੈ ਚਿੰਤਨ ਦਾ, ਵਿਚਾਰ ਦਾ ਅਤੇ ਦੂਜਾ ਹੈ ਅਹਿਸਾਸ ਦਾ। ਜ਼ਿਆਦਾਤਰ ਲੋਕਾਂ ''ਤੇ ਮਨ ਦਾ ਦਬਾਅ ਹੁੰਦਾ ਹੈ। ਉਹ ਸੋਚ-ਵਿਚਾਰ ''ਚ ਉਲਝ ਜਾਂਦੇ ਹਨ। ਉਹ ਸੋਚਦੇ ਜ਼ਿਆਦਾ ਤੇ ਜਿਊਂਦੇ ਘੱਟ ਹਨ ਕਿਉਂਕਿ ਉਹ ਸੋਚਣ ਨੂੰ ਹੀ ਜ਼ਿੰਦਗੀ ਸਮਝ ਲੈਂਦੇ ਹਨ। ਬੌਧਿਕਤਾ ਨੂੰ ਹੀ ਅਹਿਸਾਸ ਸਮਝ ਲੈਂਦੇ ਹਨ। ਉਹ ਧਰਮ ਗ੍ਰੰਥ ਤੇ ਦਰਸ਼ਨ ਪੜ੍ਹਦੇ ਹਨ ਅਤੇ ਸਮਝਦੇ ਹਨ ਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ। ਸਾਰੇ ਸਿਧਾਂਤਾਂ ਦੀ ਜਾਣਕਾਰੀ ਉਨ੍ਹਾਂ ਵਿਚ ਭੁਲੇਖਾ ਪੈਦਾ ਕਰ ਦਿੰਦੀ ਹੈ ਕਿ ਉਹ ਬ੍ਰਹਮ ਗਿਆਨੀ ਬਣ ਗਏ ਹਨ। ਇਸੇ ਭੁਲੇਖੇ ਕਾਰਨ ਉਹ ਦੂਜਿਆਂ ਨਾਲ ਜਾਣਕਾਰੀ ਵੰਡਣ ਲੱਗਦੇ ਹਨ।
ਉਨ੍ਹਾਂ ਨੂੰ ਇਹ ਧਿਆਨ ਨਹੀਂ ਰਹਿੰਦਾ ਕਿ ਇਹ ਸਾਰੀ ਜਾਣਕਾਰੀ ਉਧਾਰ ਦੀ ਹੈ, ਬੇਹੀ ਹੈ। ਇਸ ਜਾਣਕਾਰੀ ਨਾਲ ਕਿਸੇ ਦੀ ਵੀ ਜ਼ਿੰਦਗੀ ਅਲੌਕਿਕ ਨਹੀਂ ਹੋ ਸਕਦੀ, ਸਗੋਂ ਇਹ ਡਰ ਰਹਿੰਦਾ ਹੈ ਕਿ ਕਿਤੇ ਹੰਕਾਰ ਨਾ ਘੇਰ ਲਵੇ। ਉਹ ਆਪਣੇ ਹੰਕਾਰ ਦੀ ਕੈਦ ਵਿਚ ਫਸ ਜਾਂਦੇ ਹਨ।
ਅਜਿਹੀ ਸਥਿਤੀ ''ਚ ਵਿਅਕਤੀ ਜੋ ਕੁਝ ਵੀ ਕਰਦਾ ਹੈ, ਉਹ ਮਨ ਦੇ ਘੇਰੇ ਵਿਚ ਹੀ ਹੁੰਦਾ ਹੈ। ਉਸ ਨਾਲ ਮਨ ਦੇ ਕੈਦਖਾਨੇ ਦੀਆਂ ਕੰਧਾਂ ਟੁੱਟਦੀਆਂ ਨਹੀਂ, ਸਗੋਂ ਹੋਰ ਮਜ਼ਬੂਤ ਹੁੰਦੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਉਸ ਨੂੰ ਨਾ ਕੋਈ ਹੱਲ ਮਿਲਦਾ ਹੈ ਅਤੇ ਨਾ ਕੋਈ ਮੁਕਤੀ, ਸਗੋਂ ਨਿਰਾਸ਼ਾ, ਅਤ੍ਰਿਪਤੀ ਤੇ ਤਣਾਅ ਵਧਦਾ ਜਾਂਦਾ ਹੈ।
ਸਵਾਲ ਇਹੋ ਹੈ ਕਿ ਇਸ ਤਾਲੇ ਨੂੰ ਕਿਵੇਂ ਖੋਲ੍ਹਿਆ ਜਾਵੇ? ਤਜਰਬੇਕਾਰ ਵਿਅਕਤੀਆਂ ਦਾ ਕਹਿਣਾ ਹੈ ਕਿ ਧਿਆਨ ਹੀ ਉਹ ਕੁੰਜੀ ਹੈ, ਜਿਸ ਨਾਲ ਇਹ ਤਾਲਾ ਖੁੱਲ੍ਹਦਾ ਹੈ ਅਤੇ ਸਮਾਧੀ ਹੀ ਹੱਲ ਹੈ। ਆਪਣੇ ਮਨ ਤੋਂ ਪਾਰ ਸੋਚਣ ਜਾਂ ਜਾਣ ਦੀ ਕੋਸ਼ਿਸ਼ ਹੀ ਸਾਰੀਆਂ ਚੀਜ਼ਾਂ ਤੋਂ ਮੁਕਤ ਕਰਦੀ ਹੈ। ਜਦੋਂ ਤੁਸੀਂ ਡਰ, ਗੁੱਸੇ, ਵਾਸਨਾ ਜਾਂ ਕਿਸੇ ਕਿਸਮ ਦੀ ਉਤੇਜਨਾ ''ਚ ਹੁੰਦੇ ਹੋ, ਉਸ ਵੇਲੇ ਧਿਆਨ ਦਿਓ ਕਿ ਤੁਹਾਡੇ ਸਾਹ ਵੀ ਤੇਜ਼ ਰਫਤਾਰ ਨਾਲ ਚੱਲਣ ਲੱਗਦੇ ਹਨ ਅਤੇ ਵਿਚਾਰਾਂ ਦਾ ਅੰਦੋਲਨ ਸ਼ੁਰੂ ਹੋ ਜਾਂਦਾ ਹੈ। ਤੁਸੀਂ ਆਪਾ ਗੁਆ ਬੈਠਦੇ ਹੋ।
ਆਤਮਾ ਸੁੰਗੜ ਜਾਂਦੀ ਹੈ ਅਤੇ ਪਾਗਲਪਨ ਤੁਹਾਨੂੰ ਫੜ ਲੈਂਦਾ ਹੈ। ਤੁਸੀਂ ਬੁਰੀ ਤਰ੍ਹਾਂ ਵਿਚਾਰਾਂ ਦੇ ਜਾਲ ''ਚ ਫਸ ਜਾਂਦੇ ਹੋ। ਸਾਹਾਂ ਦੀ ਰਫਤਾਰ ਦਾ ਵਧਣਾ-ਘਟਣਾ ਤੁਹਾਡੇ ਅੰਦਰ ਵਿਚਾਰਾਂ ਦੀ ਮਹਾਭਾਰਤ ਖੜ੍ਹੀ ਕਰ ਦਿੰਦਾ ਹੈ, ਇਸ ਲਈ ਜਾਪਾਨੀ ਜੇਨ ਸਾਧਕ ਆਪਣੇ ਵਿਚਾਰਾਂ ਨਾਲ ਸੰਘਰਸ਼ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਕਾਬੂ ਵਿਚ ਕਰਦੇ ਹਨ। ਉਹ ਆਪਣੇ ਸਾਹਾਂ ਨੂੰ ਸਾਧਦੇ ਹਨ।
ਤੁਸੀਂ ਆਪਣੇ ਵਿਚਾਰਾਂ ਵਿਚ ਫਸਦੇ ਨਹੀਂ, ਉਨ੍ਹਾਂ ਤੋਂ ਪਾਰ ਚਲੇ ਜਾਂਦੇ ਹੋ। ਇਹ ਘੜੀ ਹੈ ਆਤਮ-ਗਿਆਨ ਦੀ, ਜਿਥੇ ਉਧਾਰ ਦੀ ਸਾਰੀ ਜਾਣਕਾਰੀ ਤੇ ਮਨ ਦਾ ਪੂਰਾ ਜਾਲ ਪਿੱਛੇ ਰਹਿ ਜਾਂਦਾ ਹੈ। ਇਸ ਅਵਸਥਾ ਨੂੰ ਹਾਸਿਲ ਕਰਨਾ ਹੀ ਆਨੰਦ ਹੈ। ਇਸ ਨਾਲ ਸਾਰੀਆਂ ਦੁਚਿੱਤੀਆਂ ਦੂਰ ਹੋ ਜਾਂਦੀਆਂ ਹਨ।