ਕਿਤੇ ਬੋਝ ਨਾ ਬਣ ਜਾਣ ਵੱਡੀਆਂ ਖਾਹਿਸ਼ਾਂ

9/12/2017 11:22:47 AM

ਕਈ ਲੋਕ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਉਤਸ਼ਾਹ ਨਾਲ ਕਰਦੇ ਹਨ ਪਰ ਥੋੜ੍ਹੇ ਸਮੇਂ ਬਾਅਦ ਉਹ ਨਿਰਾਸ਼ ਹੋ ਜਾਂਦੇ ਹਨ। ਜ਼ਿੰਦਗੀ ਵਿਚ ਬਹੁਤ ਬਾਅਦ 'ਚ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਉਨ੍ਹਾਂ ਜ਼ਿੰਦਗੀ ਦੀ ਸ਼ੁਰੂਆਤ ਸਹੀ ਢੰਗ ਨਾਲ ਨਹੀਂ ਕੀਤੀ ਜਾਂ ਟੀਚਾ ਠੀਕ ਤਰ੍ਹਾਂ ਨਹੀਂ ਮਿੱਥਿਆ ਪਰ ਇਹ ਜ਼ਿੰਦਗੀ ਨੂੰ ਠੀਕ ਤਰ੍ਹਾਂ ਨਾ ਦੇਖ ਸਕਣ ਦਾ ਨਤੀਜਾ ਹੈ। ਉਦਾਹਰਣ ਵਜੋਂ ਗ੍ਰੀਕ ਯੋਧਾ ਅਲੈਗਜ਼ੈਂਡਰ ਬਹੁਤ ਵੱਡੀਆਂ ਖਾਹਿਸ਼ਾਂ ਵਾਲਾ ਵਿਅਕਤੀ ਸੀ। ਉਸ ਦਾ ਟੀਚਾ ਸੀ ਕਿ ਉਹ ਦੁਨੀਆ 'ਤੇ ਜਿੱਤ ਹਾਸਿਲ ਕਰੇ ਪਰ ਮਨੁੱਖ ਦੀਆਂ ਆਪਣੀਆਂ ਹੱਦਾਂ ਹਨ ਅਤੇ ਅਲੈਗਜ਼ੈਂਡਰ ਦੀ 32 ਸਾਲ ਦੀ ਉਮਰ ਵਿਚ ਆਪਣੇ ਗ੍ਰਹਿ ਸੂਬੇ ਤੋਂ 3 ਹਜ਼ਾਰ ਕਿਲੋਮੀਟਰ ਦੂਰ ਬੇਬੀਲੋਨ 'ਚ ਮੌਤ ਹੋ ਗਈ।
ਅਜਿਹਾ ਹੀ ਕੁਝ ਹਿਟਲਰ ਨਾਲ ਵੀ ਹੋਇਆ। ਹਿਟਲਰ ਵੀ ਵੱਡੀਆਂ ਖਾਹਿਸ਼ਾਂ ਵਾਲਾ ਵਿਅਕਤੀ ਸੀ। ਉਸ ਨੇ ਪੂਰੇ ਯੂਰਪ 'ਤੇ ਕਬਜ਼ਾ ਕਰਨ ਦਾ ਇਰਾਦਾ ਕੀਤਾ ਅਤੇ ਇਹ ਇੱਛਾ ਪੂਰੀ ਕਰਨ ਲਈ ਜੰਗ ਦਾ ਸਹਾਰਾ ਲਿਆ। ਇਹ ਜੰਗ ਜਲਦ ਹੀ ਦੂਜੀ ਸੰਸਾਰ ਜੰਗ ਵਿਚ ਬਦਲ ਗਈ। ਹਿਟਲਰ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਿਆ ਅਤੇ ਉਸ ਨੇ 56 ਸਾਲ ਦੀ ਉਮਰ ਵਿਚ ਇਕ ਬੰਕਰ 'ਚ ਆਤਮ-ਹੱਤਿਆ ਕਰ ਲਈ। ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਸਾਨੂੰ ਮਿਲ ਜਾਣਗੀਆਂ।
ਅੱਜ ਦੇ ਸਮੇਂ ਵਿਚ ਮੌਜੂਦਾ ਪਲ ਵਿਚ ਜਿਊਣ ਦਾ ਫਾਰਮੂਲਾ ਬਹੁਤ ਲੋਕਪ੍ਰਿਯ ਹੋਇਆ ਹੈ। ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹਾਂ, ਜੋ ਇਸੇ ਫਾਰਮੂਲੇ 'ਤੇ ਜ਼ਿੰਦਗੀ ਜੀਅ ਰਹੇ ਹਨ। ਹਾਲਾਂਕਿ ਸ਼ੁਰੂਆਤ ਵਿਚ ਉਹ ਬਹੁਤ ਖੁਸ਼ ਰਹਿੰਦੇ ਹਨ ਪਰ ਜਲਦ ਹੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਟੀਚਿਆਂ ਨੂੰ ਹਾਸਿਲ ਕਰਨ 'ਚ ਅਸਫਲ ਰਹੇ ਹਨ। ਅਖੀਰ ਉਹ ਨਿਰਾਸ਼ਾ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਕਿਸੇ ਗੰਭੀਰ ਬੀਮਾਰੀ ਦੇ ਜਾਲ ਵਿਚ ਫਸ ਕੇ ਜਿਊਣ ਦੀ ਆਸ ਹੀ ਗੁਆ ਬੈਠਦੇ ਹਨ। ਜ਼ਿੰਦਗੀ ਦਾ ਸਹੀ ਫਾਰਮੂਲਾ ਤਾਂ ਇਹੋ ਹੈ, ਜਿਸ ਵਿਚ ਵਿਅਕਤੀ ਅਖੀਰ ਤਕ ਸੰਤੁਸ਼ਟੀ ਮਹਿਸੂਸ ਕਰੇ।
ਜ਼ਿੰਦਗੀ 'ਚ ਕੋਈ ਵੀ ਯੋਜਨਾ ਆਪਣੀ ਯੋਗਤਾ ਤੇ ਸਮਰੱਥਾ ਨੂੰ ਧਿਆਨ ਵਿਚ ਰੱਖ ਕੇ ਬਣਾਉਣੀ ਚਾਹੀਦੀ ਹੈ। ਉਤਸ਼ਾਹ ਵਿਚ ਆ ਕੇ ਮਿੱਥੇ ਵੱਡੇ ਟੀਚੇ ਲੋਕਾਂ ਦੀਆਂ ਖੁਸ਼ੀਆਂ ਵਿਚ ਸੰਨ੍ਹ ਲਾਉਣ ਲੱਗਦੇ ਹਨ ਅਤੇ ਬੋਝ ਬਣ ਜਾਂਦੇ ਹਨ। ਇਸ ਲਈ ਜਦੋਂ ਵੀ ਜ਼ਿੰਦਗੀ ਦੇ ਟੀਚੇ ਤੈਅ ਕੀਤੇ ਜਾਣ ਤਾਂ ਸਾਰੀਆਂ ਚੀਜ਼ਾਂ 'ਤੇ ਨਜ਼ਰ ਰੱਖੋ। ਜੇ ਤੁਸੀਂ ਬਿਨਾਂ ਅਸਲੀਅਤ ਨੂੰ ਜਾਣਿਆਂ ਯੋਜਨਾ ਬਣਾਓਗੇ ਤਾਂ ਮੁਸ਼ਕਿਲ 'ਚ ਫਸ ਜਾਓਗੇ। ਇਸ ਤਰ੍ਹਾਂ ਦੀ ਯੋਜਨਾ ਗਲੇ ਦਾ ਫਾਹਾ ਬਣ ਜਾਂਦੀ ਹੈ। ਸਾਡੀ ਨਿਰਾਸ਼ਾ ਦੀ ਜੜ੍ਹ 'ਚ ਸਾਡੇ ਵਲੋਂ ਵੱਡੀਆਂ ਖਾਹਿਸ਼ਾਂ ਰੱਖਣਾ ਵੀ ਲੁਕਿਆ ਹੁੰਦਾ ਹੈ। ਇਸ ਪ੍ਰਤੀ ਸਾਵਧਾਨ ਰਹਿਣ ਨਾਲ ਜ਼ਿੰਦਗੀ ਬਿਹਤਰ ਹੋਵੇਗੀ।