ਸਾਂਝੀਵਾਲਤਾ ਦੇ ਪ੍ਰਤੀਕ ਭਾਈ ਘਨ੍ਹੱਈਆ ਰਾਮ ਜੀ

9/18/2017 7:47:09 AM

ਭਾਈ ਘਨ੍ਹੱਈਆ ਰਾਮ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਹੋਏ ਸਨ। ਭਾਈ ਘਨ੍ਹੱਈਆ ਰਾਮ ਜੀ ਦਾ ਜਨਮ ਵਜ਼ੀਰਾਬਾਦ ਲਾਗੇ ਸਿਆਲਕੋਟ (ਪਾਕਿਸਤਾਨ) ਦੇ ਪਿੰਡ ਸੋਦਰਾ ਵਿਖੇ ਪਿਤਾ ਭਾਈ ਨੱਥੂ ਰਾਮ ਖੱਤਰੀ ਦੇ ਘਰ ਮਾਤਾ ਸੁੰਦਰੀ ਜੀ ਦੀ ਕੁੱਖੋਂ ਸੰਨ 1648 ਈ. ਸੰਮਤ 1705 ਬਿਕਰਮੀ 'ਚ ਹੋਇਆ। ਭਾਈ ਘਨ੍ਹੱਈਆ ਰਾਮ ਜੀ ਦੇ ਜਨਮ ਸਮੇਂ ਇਲਾਕੇ ਦੇ ਸਿਆਣੇ ਪੁਰਸ਼ਾਂ ਨੇ ਕਹਿ ਦਿੱਤਾ ਸੀ ਕਿ ਇਹ ਕੋਈ ਪੂਰਨ ਪੁਰਖ ਹੈ, ਜਿੰਨਾ ਕੋਈ ਇਨ੍ਹਾਂ ਨਾਲ ਪ੍ਰੇਮ ਕਰੇਗਾ, ਓਨਾ ਹੀ ਫਾਇਦੇਮੰਦ ਰਹੇਗਾ। ਇਹ ਆਪ ਵੀ ਜੀਵਨ ਮੁਕਤ ਹੋਣਗੇ ਤੇ ਦੂਜਿਆਂ ਨੂੰ ਵੀ ਜੀਵਨ ਮੁਕਤ ਕਰਨ ਦੇ ਸਮਰੱਥ ਹੋਣਗੇ। ਬਚਪਨ 'ਚ ਹੀ ਐਸੀ ਅਵਸਥਾ ਬਣ ਗਈ ਸੀ। ਜਿਥੇ ਸਤਿਸੰਗ ਹੋਵੇ, ਕਥਾ ਕੀਰਤਨ ਹੋਵੇ, ਸਭ ਤੋਂ ਪਹਿਲਾਂ ਜਾ ਬੈਠਦੇ ਸਨ। ਇਥੋਂ ਤੱਕ ਕਿ ਰੈਣ-ਬਸੇਰਾ ਵੀ ਉਥੇ ਹੀ ਕਰ ਲੈਂਦੇ ਸਨ। ਭਾਈ ਘਨ੍ਹੱਈਆ ਜੀ ਦੀ 12 ਸਾਲ ਦੀ ਉਮਰ (ਸੰਨ 1660 ਈ.) ਵਿਚ ਹੀ ਭਗਤ ਨਨੂਆ ਨਾਲ ਭੇਂਟ ਹੋਈ। 26 ਸਾਲ ਦੀ ਉਪਰ (ਸੰਨ 1674 ਈ. ਸੰਮਤ 1731 ਬਿਕਰਮੀ) 'ਚ ਭਾਈ ਘਨ੍ਹੱਈਆ ਜੀ ਦਾ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਮੇਲ ਹੋਇਆ। ਹਰ ਰੋਜ਼ ਜਲ ਲਿਆਉਂਦੇ ਰਹੇ, ਕਦੇ ਲੰਗਰ ਪਕਾਉਣ ਲਈ, ਕਦੇ ਲੰਗਰ 'ਚ ਬੈਠੀਆਂ ਸੰਗਤਾਂ ਜਾਂ ਗੁਰੂ ਦਰਬਾਰ 'ਚ ਬੈਠੀਆਂ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਦੇ। ਇਸ ਤਰ੍ਹਾਂ ਉਹ (ਭਾਈ ਘਨ੍ਹੱਈਆ ਰਾਮ) ਗੁਰੂ ਦੀਆਂ ਖੁਸ਼ੀਆਂ ਦੇ ਨਾਲ-ਨਾਲ ਸੰਗਤਾਂ ਦੀਆਂ ਅਸੀਸਾਂ ਵੀ ਲੈਂਦੇ ਰਹੇ। ਭਾਈ ਘਨ੍ਹੱਈਆ ਰਾਮ ਜੀ ਘੋੜਿਆਂ ਨੂੰ ਜਲ ਛਕਾਉਣ, ਘੋੜਿਆਂ ਲਈ ਘਾਹ, ਦਾਣਾ ਲਿਆਉਣ, ਪਾਉਣ, ਲਿੱਦ ਇਕੱਠੀ ਕਰਨ ਤੇ ਨਵ੍ਹਾਉਣ ਆਦਿ ਦੀ ਸੇਵਾ ਕਰਦੇ।
27 ਸਾਲ ਦੀ ਉਮਰ (ਸੰਨ 1675 ਈ. ਸੰਮਤ 1732 ਬਿਕਰਮੀ) 'ਚ ਇਕ ਦਿਨ ਗੁਰੂ ਤੇਗ ਬਹਾਦਰ ਜੀ ਨੇ ਭਾਈ ਘਨ੍ਹੱਈਆ ਜੀ ਨੂੰ ਕਿਹਾ, ''ਤੁਹਾਡੀ ਸੇਵਾ ਥਾਂਇ ਪਈ ਹੈ ਜਾਓ। ਆਪ ਨਾਮ ਜਪੋ ਤੇ ਹੋਰਨਾਂ ਨੂੰ ਜਪਾਉ।'' ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਮੰਨ ਕੇ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੌਰ ਅਤੇ ਪਿਸ਼ਾਵਰ ਦੇ ਵਿਚਕਾਰ ਜ਼ਿਲਾ ਕੈਮਲਪੁਰ (ਪਾਕਿਸਤਾਨ) ਦੇ ਪਿੰਡ ਕਹਵਾ 'ਚ ਸੰਨ 1675-76 ਈ. ਸੰਮਤ 1732-33 ਬਿਕਰਮੀ 'ਚ ਭਾਈ ਘਨ੍ਹੱਈਆ ਰਾਮ ਜੀ ਨੇ ਬਣਾਈ। ਇਲਾਕੇ ਦੇ ਲੋਕਾਂ ਨੇ ਤਨ-ਮਨ-ਧਨ ਨਾਲ ਸੇਵਾ ਕਮਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਬੈਠੇ। ਭਾਈ ਘਨ੍ਹੱਈਆ ਰਾਮ ਜੀ ਦਾ 30 ਸਾਲ ਦੀ ਉਮਰ (ਸੰਨ 1678 ਈ. ਸੰਮਤ 1735 ਬਿਕਰਮੀ) 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਹੋਇਆ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਸੇਵਾ 'ਚ ਲੱਗ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸੰਨ 1704 ਈ. ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਯੁੱਧ ਹੋ ਰਹੇ ਸਨ। ਭਾਈ ਘਨ੍ਹੱਈਆ ਰਾਮ ਜੀ ਦੀ ਉਮਰ ਉਸ ਸਮੇਂ 56 ਸਾਲ ਸੀ। ਯੁੱਧ ਵਿਚ ਸਿੰਘ ਅਤੇ ਦੁਸ਼ਮਣ ਦੋਵੇਂ ਹੀ ਜ਼ਖਮੀ ਹੋ ਕੇ ਜਲ ਦੀ ਮੰਗ ਕਰ ਰਹੇ ਸਨ।
ਭਾਈ ਘਨ੍ਹੱਈਆ ਜਿਥੋਂ ਕਿਤੋਂ ਵੀ ਜਲ ਦੀ ਆਵਾਜ਼ ਸੁਣਦੇ, ਜਲ ਛਕਾ ਆਉਂਦੇ, ਭਾਵੇਂ ਕੋਈ ਗੁਰੂ ਦਾ ਸਿੰਘ ਸੀ, ਭਾਵੇਂ ਦੁਸ਼ਮਣ ਦਾ ਸਿਪਾਹੀ। ਭਾਈ ਘਨ੍ਹੱਈਆ ਜੀ ਨੂੰ ਜਲ ਛਕਾਉਂਦੇ ਵੇਖ ਸਿੰਘਾਂ ਨੇ ਰੋਕਿਆ ਕਿ ਇਹ ਗੁਰੂ ਜੀ ਦੇ ਦੁਸ਼ਮਣ ਹਨ, ਤੁਸੀਂ ਇਨ੍ਹਾਂ ਨੂੰ ਜਲ ਨਾ ਛਕਾਓ। ਭਾਈ ਘਨ੍ਹੱਈਆ ਰਾਮ ਜੀ ਨੇ ਗੱਲ ਸੁਣੀ-ਅਣਸੁਣੀ ਕਰ ਦਿੱਤੀ ਤੇ ਬਿਨਾਂ ਵਿਤਕਰੇ ਦੇ ਜਲ ਛਕਾਉਂਦੇ ਤੇ ਸੇਵਾ ਕਮਾਉਂਦੇ ਰਹੇ। ਗੁਰੂ ਜੀ ਕੋਲ ਕੁਝ ਸਿੰਘਾਂ ਨੇ ਭਾਈ ਘਨ੍ਹੱਈਆ ਜੀ ਦੀ ਸ਼ਿਕਾਇਤ ਕੀਤੀ ਕਿ ਅਸੀਂ ਮੁਗ਼ਲਾਂ ਨੂੰ ਜ਼ਖਮੀ ਕਰਦੇ ਹਾਂ ਪਰ ਭਾਈ ਘਨ੍ਹੱਈਆ ਰਾਮ (ਇਕ ਮਸ਼ਕ ਵਾਲਾ ਸਿੱਖ) ਇਨ੍ਹਾਂ ਨੂੰ ਪਾਣੀ ਪਿਲਾ ਕੇ ਮੁੜ ਜੀਵਿਤ ਕਰ ਦਿੰਦੇ ਹਨ। ਭਾਈ ਘਨ੍ਹੱਈਆ ਰਾਮ ਜੀ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੈਂ ਕਿਸੇ ਵੈਰੀ-ਮਿੱਤਰ ਦੇ ਮੂੰਹ ਵਿਚ ਜਲ ਨਹੀਂ ਪਾਇਆ, ਮੈਨੂੰ ਤਾਂ ਹਰ ਇਕ ਵਿਚ ਆਪ ਦਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਤਾਂ ਆਪ ਜੀ ਨੂੰ ਹੀ ਪਾਣੀ ਪਿਲਾਉਂਦਾ ਹਾਂ।
ਗੁਰੂ ਸਾਹਿਬ ਨੇ ਭਾਈ ਘਨ੍ਹੱਈਆ ਰਾਮ ਜੀ ਨੂੰ ਗਲ (ਛਾਤੀ) ਨਾਲ ਲਾਇਆ। ਭਾਈ ਸਾਹਿਬ ਦਾ ਮੱਥਾ ਚੁੰਮਿਆ ਤੇ ਪ੍ਰਸੰਨ ਹੋ ਕੇ ਕਿਹਾ, ਤੇਰੀ ਕਮਾਈ ਧੰਨ ਹੈ, ਤੁਸੀਂ ਸਿੱਖੀ ਨੂੰ ਸਮਝਿਆ ਹੈ। ਗੁਰੂ ਜੀ ਨੇ ਭਾਈ ਘਨ੍ਹੱਈਆ ਰਾਮ ਜੀ ਨੂੰ ਮੱਲ੍ਹਮ ਦੀ ਡੱਬੀ ਸੌਂਪ ਕੇ ਹੁਕਮ ਕੀਤਾ ਕਿ ਜਿਥੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਹੋ, ਉਥੇ ਜ਼ਖਮੀਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ-ਪੱਟੀ ਕਰਨ ਦੀ ਸੇਵਾ ਵੀ ਕਰਿਆ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹੱਈਆ ਰਾਮ 'ਤੇ ਮਿਹਰਾਂ, ਬਖਸ਼ਿਸ਼ਾਂ ਕਰਦਿਆਂ ਕਿਹਾ ਕਿ ਤੇਰੇ ਨਾਂ 'ਤੇ ਇਕ ਪੰਥ ਚੱਲੇਗਾ ਜਿਸ ਵਿਚ ਮਹਾਨ ਤਿਆਗੀ, ਵੈਰਾਗੀ, ਤਪੱਸਵੀ ਸੰਤ-ਮਹਾਂਪੁਰਖ ਹੋਣਗੇ। ਸੋ ਇਹ ਸੇਵਾਪੰਥੀ ਸੰਪਰਦਾਇ ਭਾਈ ਘਨ੍ਹੱਈਆ ਰਾਮ ਜੀ ਦੀ ਦੇਣ ਹੈ। ਉਹ 20 ਸਤੰਬਰ ਸੰਨ 1718 ਈ. ਸੰਮਤ 1775 ਬਿਕਰਮੀ ਨੂੰ 70 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ।
—ਕਰਨੈਲ ਸਿੰਘ ਐੱਮ. ਏ.