ਗੁਰਦੁਆਰਾ ਰਕਾਬਸਰ ਸਾਹਿਬ

5/2/2016 7:22:51 AM

ਪਿਆਰੇ ਪਾਠਕੋ! ਵਜੀਦ ਖਾਨ ਤਾਂ ਹਾਰ ਮੰਨ ਕੇ ਭੱਜ ਗਿਆ ਪਰ ਇਹ ਚਾਲੀ ਦੇ ਚਾਲੀ ਮਝੈਲ ਸਿੰਘ ਜਾਂ ਤਾਂ ਸ਼ਹੀਦ ਹੋ ਗਏ ਸਨ ਤੇ ਜਾਂ ਗੰਭੀਰ ਰੂਪ ''ਚ ਜ਼ਖ਼ਮੀ ਸਨ, ਇਹੀ ਤਾਂ ਇੰਨੀ ਫੌਜ ਦਾ ਟਾਕਰਾ ਕਰਦੇ ਰਹੇ ਸਨ। ਉੱਧਰ ਗੁਰੂ ਜੀ ਦੇ ਤੀਰ ਟਿੱਬੀ ਤੋਂ ਆ ਰਹੇ ਸਨ। ਮੁੱਕਦੀ ਗੱਲ ਇਹ ਕਿ ਗੁਰੂ ਜੀ ਨੂੰ ਬੇਦਾਵਾ ਦੇ ਚੁੱਕੇ ਇਹ ਸਿੰਘ ਉਹ ਕਾਰਨਾਮਾ ਕਰ ਗਏ, ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤਕ ਰਹੇਗੀ। ਦੁਸ਼ਮਣ ਤਾਂ ਚਲਾ ਗਿਆ ਉਧਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੀ ਕਰਨੀ ''ਤੇ ਵਾਰ-ਵਾਰ ਮਾਣ ਮਹਿਸੂਸ ਕਰ ਰਹੇ ਸਨ। ਅੱਜ ਇਨ੍ਹਾਂ ਨੇ ਅੰਮ੍ਰਿਤ ਦੀ ਰੱਖ ਵਿਖਾਈ ਸੀ। ਗੁਰੂ ਜੀ ਟਿੱਬੀ ਤੋਂ ਉਤਰ ਕੇ ਰਣ ਦੇ ਮੈਦਾਨ ''ਚ ਆ ਗਏ। ਇਥੇ ਇਕ ਹੋਰ ਘਟਨਾ ਵਾਪਰੀ।
ਜਦੋਂ ਗੁਰੂ ਜੀ ਟਿੱਬੀ ਵਾਲੇ ਸਥਾਨ ਤੋਂ ਖਿਦਰਾਣੇ ਦੇ ਜੰਗ ਦੇ ਮੈਦਾਨ ਵੱਲ ਤੁਰਨ ਲੱਗੇ ਤਾਂ ਬਾਕੀ ਦੇ ਸਿੰਘ ਵੀ ਨਾਲ ਹੀ ਸਨ। ਗੁਰੂ ਜੀ ਨੇ ਜਿਉਂ ਹੀ ਆਪਣੇ ਘੋੜੇ ''ਤੇ ਸਵਾਰ ਹੋਣ ਲਈ ਰਕਾਬ ''ਤੇ ਪੈਰ ਰੱਖਿਆ ਤਾਂ ਰਕਾਬ ਕੜੱਕ ਦੇ ਕੇ ਟੁੱਟ ਗਈ। ਇਹ ਰਕਾਬ ਅਜੇ ਤਕ ਵੀ ਇਥੇ ਹੀ ਸੰਭਾਲ ਕੇ ਰੱਖੀ ਹੋਈ ਹੈ। ਇਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ। ਇਹ ਰਕਾਬ ਇਸ ਗੁਰਦੁਆਰਾ ਸਾਹਿਬ ਵਿਖੇ ਸੁਰੱਖਿਅਤ ਪਈ ਹੈ। ਸੰਗਤਾਂ ਜਦੋਂ ਇਸ ਗੁਰਧਾਮ ਦੇ ਦਰਸ਼ਨਾਂ ਨੂੰ ਜਾਂਦੀਆਂ ਹਨ ਤਾਂ ਉਹ ਗੁਰੂ ਜੀ ਦੇ ਪਵਿੱਤਰ ਚਰਨਾਂ ਨਾਲ ਟੁੱਟੀ ਇਸ ਰਕਾਬ ਦੇ ਦਰਸ਼ਨ ਕਰਦੀਆਂ ਹਨ। ਬਾਅਦ ''ਚ ਜਥੇਦਾਰ ਬਘੇਲ ਸਿੰਘ ਜੀ (ਜਿਨ੍ਹਾਂ ਨੇ ਕਿ ਦਿੱਲੀ ਫਤਿਹ ਕੀਤੀ ਤੇ ਦਿੱਲੀ ਦੇ ਪਹਿਲੇ ਸਿੱਖ ਬਾਦਸ਼ਾਹ ਬਣੇ ਸਨ) ਨੇ ਲੱਗਭਗ 1.5 ਲੱਖ ਰੁਪਏ ਖਰਚ ਕੇ ਇਸ ਗੁਰਧਾਮ ਦੀ ਕਾਰਸੇਵਾ ਕਰਵਾਈ।
ਗੁਰੂ ਜੀ ਬਿਨਾਂ ਰਕਾਬ ਤੋਂ ਹੀ ਘੋੜੇ ''ਤੇ ਸਵਾਰ ਹੋ ਕੇ ਖਿਦਰਾਣੇ ਦੀ ਰਣਭੂਮੀ ਵੱਲ ਗਏ। ਮੈਦਾਨੇ-ਜੰਗ ਦਾ ਹਾਲ ਬਹੁਤ ਹੀ ਕਰੁਣਾ ਭਰਿਆ ਹੋਇਆ ਸੀ। ਚਾਰੇ ਪਾਸੇ ਮੁਗਲਾਂ ਦੇ ਮ੍ਰਿਤਕ ਸਰੀਰ ਪਏ ਹੋਏ ਸਨ। ਕੁਝ ਸਹਿਕਦੇ-ਸਹਿਕਦੇ ਮਰ ਰਹੇ ਸਨ। ਖੂਨ ਹੀ ਖੂਨ ਤੇ ਲੋਥਾਂ ਹੀ ਲੋਥਾਂ ਦਿਖਾਈ ਦੇ ਰਹੀਆਂ ਸਨ। ਗੁਰੂ ਜੀ ਘੋੜੇ ਤੋਂ ਹੇਠਾਂ ਆ ਗਏ ਤੇ ਪੈਦਲ ਖਿਦਰਾਣੇ ਦੀ ਰਣਭੂਮੀ ''ਚ ਚੱਲ ਰਹੇ ਸਨ। ਬਾਕੀ ਦੇ ਸਿੰਘ ਵੀ ਨਾਲ ਹੀ ਸਨ। ਗੁਰੂ ਜੀ ਬਹੁਤ ਹੀ ਸਾਵਧਾਨੀ ਨਾਲ ਅੱਗੇ ਵਧ ਰਹੇ ਸਨ। ਜਦੋਂ ਇਕ ਸਿੰਘ ''ਤੇ ਗੁਰੂ ਜੀ ਦੀ ਨਜ਼ਰ ਪਈ ਤਾਂ ਉਨ੍ਹਾਂ ਉਸ ਸਿੰਘ ਦਾ ਸਰੀਰ ਸੰਭਾਲਣ ਲਈ ਕਿਹਾ। ਸਿਪਾਹੀ ਗੁਰੂ ਜੀ ਕੋਲ ਉਸ ਸਿੰਘ ਦਾ ਸਰੀਰ ਲੈ ਕੇ ਆਏ ਤਾਂ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਸ ਦਾ ਮੂੰਹ ਸਾਫ ਕੀਤਾ ਤੇ ਖਿਤਾਬ ਦਿੱਤਾ, ਇਹ ਮੇਰਾ ਪੰਜ ਹਜ਼ਾਰੀ ਸਿੰਘ ਹੈ।
ਇਥੇ ਹੀ ਢਾਬ ਦੇ ਕਿਨਾਰੇ ਇਕ ਜ਼ਖ਼ਮੀ ਔਰਤ ਆਪਣੇ ਵਸਤਰਾਂ ''ਤੇ ਲੱਗਾ ਖੂਨ ਧੋ ਰਹੀ ਸੀ। ਇਹ ਮਾਈ ਕੋਈ ਹੋਰ ਨਹੀਂ ਬਲਕਿ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਚੁੰਘਾਵੀ ਮਾਈ ਭਾਗ ਕੌਰ ਸੀ। ਇਹ ਮਾਈ ਆਨੰਦਪੁਰ ਸਾਹਿਬ ਵਿਖੇ ਹੋਈਆਂ ਕਈ ਜੰਗਾਂ ਵਿਚ ਵੀ ਬੜੀ ਬਹਾਦਰੀ ਨਾਲ ਲੜਦੀ ਰਹੀ ਸੀ। ਇਹ ਆਪਣੇ ਕੋਲ ਲੋਹ ਸਾਂਗ ਰੱਖਦੀ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਚਰਨਾਂ ''ਤੇ ਮੱਥਾ ਟੇਕਿਆ। ਗੁਰੂ ਜੀ ਦੇ ਪੁੱਛਣ ''ਤੇ ਮਾਈ ਭਾਗੋ ਨੇ ਬੇਦਾਵਾ ਦੇ ਚੁੱਕੇ ਮਹਾਂ ਸਿੰਘ ਦੇ ਚਾਲੀ ਸਾਥੀਆਂ ਦੀ ਸਾਰੀ ਵਾਰਤਾ ਆਖ ਸੁਣਾਈ। ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਇਕ-ਇਕ ਕਰਕੇ ਰਣ ''ਚੋਂ ਬਾਹਰ ਕਢਵਾ ਲਿਆ। ਉਨ੍ਹਾਂ ਦੇ ਚਿਹਰੇ ਆਪਣੇ ਰੁਮਾਲ ਨਾਲ ਸਾਫ ਕਰਦੇ ਤੇ ਕਿਸੇ ਨੂੰ ਪੰਜ ਹਜ਼ਾਰੀ, ਸੱਤ ਹਜ਼ਾਰੀ ਤੇ ਕਿਸੇ ਨੂੰ ਦਸ ਹਜ਼ਾਰੀ ਸਿੰਘ ਦਾ ਖ਼ਿਤਾਬ ਬਖ਼ਸ਼ਦੇ ਰਹੇ। ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖ਼ਾਲਸਾ ਵਿਚ ਇਸ ਤਰ੍ਹਾਂ ਵਰਣਨ ਕਰਦੇ ਹਨ :
''ਹੁਣ ਜਦ ਉਸ (ਮਾਈ ਭਾਗੋ) ਨੇ ਗੁਰੂ ਜੀ ਪਾਸ ਮਝੈਲ ਸਿੱਖਾਂ ਦੇ ਸ਼ਹੀਦ ਹੋਣ ਦੀ ਸਾਰੀ ਕਥਾ ਸੁਣਾਈ ਤਾਂ ਗੁਰੂ ਜੀ ਓਨ੍ਹਾਂ ਦੀ ਕਰਨੀ ਪੁਰ ਦ੍ਰਿਸ਼ਟ ਕਰ ਕੇ ਨੇਤ੍ਰ ਭਰ ਆਏ। ਜੇਹੜੇ ਸਿੰਘ ਸਨਮੁਖ ਹੋ ਕੇ ਜੂਝੇ ਸੇ ਓਨ੍ਹਾਂ ਨੂੰ ਚੁਕਵਾ ਚੁਕਵਾ ਆਪਣੇ ਰੁਮਾਲ ਨਾਲ ਓਨ੍ਹਾਂ ਦੇ ਮੂੰਹ ਪੂੰਝ, ਕਿਸੇ ਨੂੰ ਪੰਜ ਹਜ਼ਾਰੀ, ਕਿਸੇ ਨੂੰ ਸੱਤ ਹਜ਼ਾਰੀ ਦਾ ਵਰ ਦਿੰਦੇ ਚਿਖਾ ''ਤੇ ਧਰਦੇ ਗਏ। ਜੀਕੂੰ ਪਿਤਾ ਪੁੱਤਰ ਨਾਲ ਤੇ ਮਿੱਤ੍ਰ ਮਿੱਤ੍ਰ ਨਾਲ ਅਤਯੰਤ ਸਨੇਹ ਕਰਦੇ ਹਨ, ਤਿਉਂ ਪ੍ਰੇਮ ਨਾਲ ਓਨ੍ਹਾਂ ਦੇ ਗੁਣ ਵਰਣਨ ਕਰਦੇ ਰਹੇ।''
ਭਾਈ ਸੰਤੋਖ ਸਿੰਘ ਜੀ ਨੇ ਵੀ ਇਸ ਮੌਕੇ ਦਾ ਵਰਣਨ ਸੂਰਜ ਪ੍ਰਕਾਸ਼ ਵਿਚ ਬਹੁਤ ਹੀ ਕਰੁਣਾਮਈ ਤਰੀਕੇ ਨਾਲ ਕੀਤਾ ਹੈ।
''ਜੇ ਜੇ ਮਰੇ ਦੇਖਿ ਤਿਨ ਮੁਖ ਕੋ।
ਬਖ਼ਸ਼ਨ ਲਗੇ ਲੋਕ ਜੁਗ ਸੁਖ ਕੋ।
ਬੀਸ ਹਜ਼ਾਰੀ ਤੀਸ ਹਜ਼ਾਰੀ।
ਇਸ ਕੀ ਹੁਇ ਲਾਖਨ ਸਰਦਾਰੀ।''
ਫੇਰ ਹੋਰ ਵਰਦਾਨ ਦਿੰਦੇ ਗਏ ਗੁਰੂ ਜੀ :
''ਹੋਇ ਪ੍ਰਿਥੀਪਤਿ ਭੋਗਹਿ ਰਾਜੂ।
ਬਿਲਸਹਿ ਐਸ਼੍ਵਰਜ ਪੁੰਜ ਸਮਾਜੂ।
ਜਸ ਜਸ ਕਰਿ ਪੁਰਸ਼ਾਰਥ ਮਰੇ।
ਤਸ ਤਸ ਬਡ ਪ੍ਰਤਾਪ ਕੋ ਧਰੇ।''
ਅਖੀਰ ਚਾਲੀ ਵਿਚੋਂ ਇਕ ਜ਼ਿੰਦਾ ਸਿੰਘ ਗੁਰੂ ਜੀ ਨੂੰ ਮਿਲਿਆ। ਉਹ ਸਹਿਕ ਰਿਹਾ ਸੀ। ਜ਼ਖ਼ਮ ਬਹੁਤ ਡੂੰਘੇ ਸਨ। ਖੂਨ ਜ਼ਿਆਦਾ ਵਹਿ ਗਿਆ ਸੀ।
''ਚੱਤ੍ਵਾਰਿੰਸ ਬਿਖੈ ਇਕ ਜੀਵਤ।
ਘਾਵਨ ਤੇ ਸਹਿਕਾਵਤਿ ਮ੍ਰਿਤੁ ਥੀਵਤਿ।
ਸ਼ੀਘ੍ਰ ਸਮੀਪ ਜਾਇ ਕਰਿ ਸ੍ਵਾਮੀ।
ਬਠਿ ਗਏ ਤਹਿੰ ਅੰਤਰਜਾਮੀ।''
ਇਹ ਭਾਈ ਮਹਾਂ ਸਿੰਘ ਸੀ। ਹਾਲਾਂਕਿ ਨਿਢਾਲ ਹੋਇਆ ਪਿਆ ਸੀ ਪਰ ਬੁੱਲ੍ਹਾਂ ਵਿਚ ਬੁਦਬੁਦਾ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ ਜੀ ਦਰਸ਼ਨ ਦਿਓ। ਸਾਡੀ ਵੀ ਟੁੱਟੀ ਗੰਢ ਲਓ। ਗੁਰੂ ਜੀ ਨੇ ਉਸ ਦਾ ਸਿਰ ਚੁੱਕ ਕੇ ਬਹੁਤ ਹੀ ਸਾਵਧਾਨੀ ਨਾਲ ਆਪਣੀ ਗੋਦ ਵਿਚ ਰੱਖਿਆ। ਫਿਰ ਆਪਣੇ ਪੱਲੇ ਨਾਲ ਉਸ ਦਾ ਮੂੰਹ ਪੂੰਝਦੇ ਹੋਏ ਕਿਹਾ ਮਹਾਂ ਸਿੰਘਾ ਅੱਖਾਂ ਖੋਲ੍ਹ ਲੈ। ਮੈਂ ਤੇਰੇ ਚਿਹਰੇ ਵੱਲ ਵੇਖ ਰਿਹਾਂ। ਪੁੱਤਰਾ ਨੇਤਰ ਖੋਲ੍ਹ।
''ਮਹਾਂ ਸਿੰਘ ਅਬਿ ਨੈਨ ਉਘਾਰਹੁ।
ਚਹਤਿ ਦਰਸ ਚਿਤ ਨਿਕਟ ਨਿਹਾਰਹੁ।''
ਮਹਾਂ ਸਿੰਘ ਵਿਚ ਗੁਰੂ ਜੀ ਦਾ ਸਪਰਸ਼ ਪਾ ਕੇ ਅਚਾਨਕ ਹੀ ਪਤਾ ਨਹੀਂ ਕਿੱਧਰੋਂ ਤਾਕਤ ਆ ਗਈ। ਉਸ ਨੇ ਆਪਣੀਆਂ ਅੱਖਾਂ ਪੁੱਟੀਆਂ, ਸਾਹਮਣੇ ਗੁਰੂ ਗਰੀਬ ਨਿਵਾਜ਼ ਬੈਠੇ ਸਨ ਤੇ ਉਸ ਦਾ ਸਿੰਘ ਗੁਰੂ ਜੀ ਦੀ ਗੋਦ ਵਿਚ ਸੀ।
(ਚਲਦਾ)
—ਗੁਰਪ੍ਰੀਤ ਸਿੰਘ ਨਿਆਮੀਆਂ