ਵਿਆਖਿਆ ਸ੍ਰੀ ਜਪੁ ਜੀ ਸਾਹਿਬ

2/9/2016 7:42:44 AM

ਸਵਾਸ-ਸਵਾਸ ਜਪ ਦਾ ਅਰਥ ਹੈ¸ਸਰੀਰ ਅੰਦਰ ਸਵਾਸ ਖਿੱਚਦਿਆਂ ਵੀ ਨਾਮ ਦਾ ਉਚਾਰਣ ਹੁੰਦਾ ਰਹੇ ਤੇ ਸਵਾਸ ਛੱਡਦਿਆਂ ਵੀ ਸਿਮਰਨ ਹੁੰਦਾ ਰਹੇ। ਸਵਾਸ ਛੱਡਦਿਆਂ ਤਾਂ ਕੀਰਤਨ ਜਾਂ ਬੈਖਰੀ ਜਾਪ ਕੋਈ ਸਾਧਕ ਕਰ ਸਕਦਾ ਹੈ ਪਰ ਅਸਲੀ ਜਾਪ ਤਾਂ ਉਦੋਂ ਹੀ ਸ਼ੁਰੂ ਹੁੰਦਾ ਹੈ, ਜਦੋਂ ਸਵਾਸ ਭਰਦਿਆਂ ਵੀ ਨਾਮ ਜਪਿਆ ਜਾ ਸਕੇ।
ਇਹ ਉਦੋਂ ਹੀ ਸੰਭਵ ਹੈ, ਜਦੋਂ ਸਾਧਕ ਸਿੱਧਾ ਹੀ ਗਲੇ ਤੋਂ (ਜੀਭ ਦੇ ਮੂਲ) ਜਾਪ ਕਰਨ ਅਤੇ ਗਲੇ ਤੇ ਅੱਖਾਂ ਤੋਂ ਹੀ ਸਵਾਸ ਖਿੱਚਣ-ਛੱਡਣ ਦੀ ਜੁਗਤੀ ਨੂੰ ਜਾਣ ਲਵੇ ਤੇ ਅੰਤਰਮੁਖੀ ਅੱਖਾਂ ਰਾਹੀਂ¸ਸਰੀਰ ਨੂੰ ਹਰਿ ਮੰਦਰ ਰੂਪ ਵਿਚ ਅਨੁਭਵ ਕਰ ਸਕੇ।
ਜਦੋਂ ਤਕ ਸਵਾਸ ਨੱਕ ਤੋਂ ਖਿੱਚਿਆ ਜਾਂਦਾ ਹੈ ਤੇ ਨਾਮ ਨੂੰ ਮੂੰਹ ਦੇ ਅੰਦਰ ਕੰਪਿਤ ਹੁੰਦੀ ਜੀਭ ਰਾਹੀਂ ਜਪਿਆ ਜਾਂਦਾ ਹੈ (ਜੀਭ ਦੇ ਮੂਲ ਤੋਂ ਨਹੀਂ) ਉਦੋਂ ਤਕ ਸਵਾਸ-ਸਵਾਸ ਸਿਮਰਨ ਹੋਣਾ ਸੰਭਵ ਨਹੀਂ ਹੈ ਕਿਉਂਕਿ ਨੱਕ ਅਤੇ ਮੂੰਹ ਦੇ ਬਾਹਰਲੇ ਅੰਗਾਂ ''ਚ ਹੀ ਫਸੀ ਹੋਈ ਸੁਰਤਿ ਰਾਹੀਂ ਅੰਦਰ ਜਾਂਦੀ ਸਵਾਸ ਧਾਰਾ ਵਿਚ ਨਾਮ ਦੇ ਕੰਪਨਾਂ ਨੂੰ ਭਰਨਾ ਬਹੁਤ ਔਖਾ ਕੰਮ ਹੈ।
ਸਵਾਸਾਂ ਨਾਲ ਜਪ ਕਰਨ ਦੀ ਜੁਗਤਿ ਨੂੰ ਲਿਖ ਕੇ ਸਮਝਾਇਆ ਨਹੀਂ ਜਾ ਸਕਦਾ, ਹਾਂ ਜਿਹੜੇ ਵਿਚਾਰਸ਼ੀਲ ਸਾਧਕ ਹਨ, ਜਿਨ੍ਹਾਂ ਵਾਸਤੇ ਇਸ਼ਾਰਾ ਹੀ ਕਾਫੀ ਹੈ, ਉਨ੍ਹਾਂ ਵਾਸਤੇ ਜੋ ਕੁਝ ਸਵਾਸ-ਸਵਾਸ ਲਿਖਿਆ ਗਿਆ ਹੈ, ਓਨੇ ਨਾਲ ਹੀ ਇਸ ਦੇ ਗੂੜ੍ਹ ਰਹੱਸਾਂ ਦੀ ਧਾਰਨਾ ਕੀਤੀ ਜਾ ਸਕਦੀ ਹੈ।
ਨਾਮ ਜਪ ਦੀ ਅਗਲੀ ਪਉੜੀ ਹੈ
(3) ਲਖ ਹੋਵਹਿ ਲਖ ਵੀਸ¸ਨਾਮ ਦੀਆਂ ਤਰੰਗਾਂ ਦਾ ਲੱਖ ਤੋਂ ਵੀਹ (10*2) ਗੁਣਾ ਹੋ ਜਾਣਾ। ਸਵਾਸ-ਸਵਾਸ ਸਿਮਰਨ ਕਰਦਿਆਂ ਜਦ ਸਵਾਸ ਗ੍ਰਾਸ ਸਿਮਰਨ ਹੋਣ ਲੱਗਦਾ ਹੈ ਤਾਂ ਸਿਮਰਨ ਹੋਰ ਵੀ ਜ਼ਿਆਦਾ ਵੀਹ ਗੁਣਾ ਹੋ ਜਾਂਦਾ ਹੈ। ਹੁਣ ਨਾਮ ਦੇ ਕੰਪਨ ਸਾਰੇ ਸਥੂਲ ਸਰੀਰ ਅਤੇ ਇੰਦਰੀ ਛਿੱਦਰਾਂ ਦੀ ਹੱਦਬੰਦੀ ਨੂੰ ਵੀ ਪਾਰ ਕਰਕੇ ਸੂਖ਼ਮ ਸਰੀਰ ਵਿਚ (ਪ੍ਰਾਣਮਯ ਕੋਸ਼ ਤੇ ਮਨੋਮਯ ਕੋਸ਼) ਪ੍ਰਵੇਸ਼ ਕਰਕੇ ਦਸਮ ਦੁਆਰ ਤਕ ਵੀ ਪੁੱਜ ਜਾਂਦੇ ਹਨ।