ਸੰਤ-ਮਹਾਪੁਰਸ਼ ਨਿਰਮਲ ਕੁਟੀਆ ਜੌਹਲਾਂ ਵਾਲੇ

12/1/2015 6:44:19 AM

ਦੋਆਬੇ ਦੀ ਧਰਤੀ ''ਤੇ ਸਥਾਪਤ ਨਿਰਮਲ ਕੁਟੀਆ ਜੌਹਲਾਂ ਦਾ ਇਤਿਹਾਸਕ ਅਸਥਾਨ ਗੁਰਬਾਣੀ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਮੁੱਖ ਰੂਪ ''ਚ ਜਾਣਿਆ ਜਾਂਦਾ ਹੈ। ਇਸ ਰਮਣੀਕ ਅਸਥਾਨ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਹੋਤੀ ਮਰਦਾਨ ਸੰਪਰਦਾਇ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਹੁਕਮ ਨਾਲ ਬਾਬਾ ਬਸੰਤ ਸਿੰਘ ਜੀ ਜੌਹਲਾਂ ਵਿਖੇ ਆਏ। ਉਸ ਸਮੇਂ ਦੋਆਬੇ ਦੇ ਖੇਤਰ ''ਚ ਸਿੱਖੀ ਨੂੰ ਢਾਅ ਲੱਗ ਰਹੀ ਸੀ, ਇਸ ਲਈ ਬਾਬਾ ਹਰਨਾਮ ਸਿੰਘ ਜੀ ਨੇ ਬਾਬਾ ਬਸੰਤ ਸਿੰਘ ਜੀ ਨੂੰ ਗੁਰਬਾਣੀ ਅਤੇ ਸਿੱਖੀ ਦੇ ਪ੍ਰਚਾਰ ਸਰੂਪ ਇਥੇ ਭੇਜਿਆ। ਇਹ ਵਿਹੰਗਮ ਸਾਧੂਆਂ ਦਾ ਡੇਰਾ ਹੈ। ਸਾਰੇ ਸਾਧੂ-ਸੰਤ ਘਰ-ਬਾਰ ਤਿਆਗ ਕੇ ਸਿੱਖੀ ਦੇ ਪ੍ਰਚਾਰ ਲਈ ਨਿਰਮਲ ਕੁਟੀਆਂ ਵਿਖੇ ਰਹਿੰਦੇ ਹਨ।
ਸੰਤ ਬਾਬਾ ਬਸੰਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦਾ ਜਨਮ ਪਿੰਡ ਮਰੂਲੇ ਜ਼ਿਲਾ ਹੁਸ਼ਿਆਰਪੁਰ ਵਿਖੇ ਸ. ਫਤਹਿ ਸਿੰਘ ਦੇ ਘਰ ਹੋਇਆ। ਬਾਬਾ ਬਸੰਤ ਸਿੰਘ ਜੀ ਪਿੰਡ ਜਿਆਣ ਵਿਖੇ ਬਾਬਾ ਹਰਨਾਮ ਸਿੰਘ ਜੀ ਕੋਲ ਪਹੁੰਚੇ। ਉਥੇ ਉਨ੍ਹਾਂ ਨੇ ਕਾਫੀ ਸਮਾਂ ਸੇਵੀ ਕੀਤੀ, ਖੰਡੇ-ਬਾਟੇ ਦਾ ਅੰਮ੍ਰਿਤ ਛਕਿਆ। ਬਾਬਾ ਹਰਨਾਮ ਸਿੰਘ ਜੀ ਖਾਲਸਾ ਪੰਥ ਦੀ ਮਹਾਨ ਸ਼ਖਸੀਅਤ ਹੋਏ ਹਨ, ਜਿਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਕਸ਼ਾ ਬਣਾਇਆ, ਨੀਂਹ ਪੱਥਰ ਰੱਖਿਆ ਅਤੇ ਸੇਵਾ ਕਰਵਾਈ। ਇਕ ਦਿਨ ਬਾਬਾ ਹਰਨਾਮ ਸਿੰਘ ਜੀ ਤਪ-ਅਸਥਾਨ ਡੁੰਮਾ ਤੋਂ ਭਗਤੀ ਕਰਕੇ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਬਾਬਾ ਬਸੰਤ ਸਿੰਘ ਜੀ ਸਮਾਧੀ ''ਚ ਬੈਠੇ ਹਨ। ਸਿਰ ''ਤੇ ਕੋਹਰਾ ਜੰਮਿਆ ਹੋਇਆ ਸੀ। ਉਹ ਬਹੁਤ ਪ੍ਰਸੰਨ ਹੋਏ ਤੇ ਬਚਨ ਕੀਤਾ ਕਿ ਇਹ ਗੁਰਬਾਣੀ ਦਾ ਪ੍ਰਚਾਰ ਕਰਨਗੇ। ਬਾਬਾ ਬਸੰਤ ਸਿੰਘ ਜੀ ਨੇ 1920 ''ਚ ਪਿੰਡ ਜੌਹਲਾਂ ਜ਼ਿਲਾ ਜਲੰਧਰ ਵਿਖੇ ਆ ਕੇ ਆਸਣ ਲਾ ਲਏ। ਆਪ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੇ ਪਿਆਰੇ ਸੇਵਕ ਸੰਤ ਬਾਬਾ ਗਿਆਨ ਸਿੰਘ ਅਤੇ ਸੰਤ ਬਾਬਾ ਹਰਭਜਨ ਸਿੰਘ ਜੀ ਨੂੰ ਸੇਵਾ ਸੌਂਪੀ। ਸੰਤ ਬਾਬਾ ਬਸੰਤ ਜੀ ਨੇ ਜਦੋਂ 1971 ''ਚ ਚੋਲਾ ਛੱਡਿਆ ਤਾਂ ਆਪ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਾਵਨ ਸਰੀਰ ਨੂੰ ਨੰਗਲ ਨੇੜੇ ਗੁਰਦੁਆਰਾ ਬਿਭੌਰ ਸਾਹਿਬ ਵਿਖੇ ਇਕ ਸੁੰਦਰ ਬਕਸੇ ''ਚ ਸਜਾ ਕੇ ਸਤਲੁਜ ਦਰਿਆ ''ਚ ਜਲ ਪ੍ਰਵਾਹ ਕੀਤਾ ਗਿਆ। ਆਪ ਜੀ ਦੇ ਸਰੂਪ ਕੇਂਦਰੀ ਸਿੱਖ ਅਜਾਇਬਘਰ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਹਨ।
ਦੂਜੇ ਮਹਾਪੁਰਸ਼ ਸੰਤ ਬਾਬਾ ਗਿਆਨ ਸਿੰਘ ਜੀ ਦਾ ਜਨਮ 1912 ਈ. ਨੂੰ ਪਿੰਡ ਬੰਬੇਲੀ ਜ਼ਿਲਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਜੀ ਨੇ 16 ਸਾਲ ਦੀ ਉਮਰ ''ਚ ਘਰ-ਬਾਰ ਤਿਆਗ ਕੇ ਬਾਬਾ ਬਸੰਤ ਸਿੰਘ ਜੀ ਦੇ ਚਰਨਾਂ ''ਚ ਰਹਿ ਕੇ ਨਿਰਮਲ ਕੁਟੀਆ ਜੌਹਲਾਂ ਵਿਖੇ ਸੇਵਾ ਕੀਤੀ। 1971 ਈ. ''ਚ ਡੇਰੇ ਦੀ ਗੱਦੀ ਮਿਲਣ ਉਪਰੰਤ ਆਪ ਨੇ 150 ਅੰਮ੍ਰਿਤਧਾਰੀ ਸਿੰਘਾਂ ਦਾ ਜਥਾ ਲੈ ਕੇ ਭਾਰਤ ਦੇ ਇਤਿਹਾਸਕ ਅਸਥਾਨਾਂ ਦੀ ਯਾਤਰਾ ਕੀਤੀ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ।
6 ਨਵੰਬਰ 2001 ਨੂੰ ਵਾਹਿਗੁਰੂ ਦੇ ਅਟੱਲ ਭਾਣੇ ਅਨੁਸਾਰ ਆਪ ਇਸ ਸੰਸਾਰ ਨੂੰ ਤਿਆਗ ਗਏ। ਉਨ੍ਹਾਂ ਦੀ ਇੱਛਾ ਅਨੁਸਾਰ ਆਪ ਜੀ ਨੂੰ ਵੀ ਬਿਭੌਰ ਸਾਹਿਬ ਰੋਪੜ ਵਿਖੇ ਬਕਸੇ ਵਿਚ ਪਾ ਕੇ ਜੀਤ ਸਿੰਘ ਜੀ ਵੱਲੋਂ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ''ਚ ਜਲ ਪ੍ਰਵਾਹ ਕੀਤਾ ਗਿਆ। ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਦੇ ਚਿੱਤਰ ਸਿੱਖ ਅਜਾਇਬਘਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਗਏ ਹਨ।
— ਮਹੇਸ਼ ਖੋਸਲਾ