ਸਵਰਗ ਦੇ ਹੱਕਦਾਰ

9/23/2016 9:09:32 AM

2 ਦੋਸਤ ਅਕਸਰ ਇਕ ਵੇਸਵਾ ਕੋਲ ਜਾਇਆ ਕਰਦੇ ਸਨ। ਇਕ ਵਾਰ ਸ਼ਾਮ ਨੂੰ ਜਦੋਂ ਉਹ ਉਥੇ ਜਾ ਰਹੇ ਸਨ ਤਾਂ ਰਸਤੇ ਵਿਚ ਕਿਸੇ ਸੰਤ ਦਾ ਅਧਿਆਤਮਕ ਪ੍ਰਵਚਨ ਚੱਲ ਰਿਹਾ ਸੀ। ਇਕ ਦੋਸਤ ਬੋਲਿਆ ਕਿ ਉਹ ਪ੍ਰਵਚਨ ਸੁਣਨਾ ਪਸੰਦ ਕਰੇਗਾ। ਉਸ ਨੇ ਉਸ ਦਿਨ ਵੇਸਵਾ ਕੋਲ ਨਾ ਜਾਣ ਦਾ ਫੈਸਲਾ ਕੀਤਾ। ਦੂਜਾ ਵਿਅਕਤੀ ਆਪਣੇ ਦੋਸਤ ਨੂੰ ਉਥੇ ਹੀ ਛੱਡ ਕੇ ਵੇਸਵਾ ਕੋਲ ਚਲਾ ਗਿਆ।
ਹੁਣ ਜਿਹੜਾ ਵਿਅਕਤੀ ਪ੍ਰਵਚਨ ਵਿਚ ਬੈਠਾ ਸੀ, ਉਹ ਆਪਣੇ ਦੂਜੇ ਦੋਸਤ ਦੇ ਵਿਚਾਰਾਂ ਵਿਚ ਡੁੱਬਿਆ ਹੋਇਆ ਸੀ। ਸੋਚ ਰਿਹਾ ਸੀ ਕਿ ਉਹ ਵੀ ਕਿੰਨਾ ਖੁਸ਼ ਹੋਵੇਗਾ ਅਤੇ ਮੈਂ ਇਸ ਖੁਸ਼ਕ ਥਾਂ ''ਤੇ ਆ ਬੈਠਿਆ। ਮੇਰਾ ਦੋਸਤ ਜ਼ਿਆਦਾ ਸਿਆਣਾ ਹੈ ਕਿਉਂਕਿ ਉਸ ਨੇ ਪ੍ਰਵਚਨ ਸੁਣਨ ਦੀ ਬਜਾਏ ਵੇਸਵਾ ਕੋਲ ਜਾਣ ਦਾ ਫੈਸਲਾ ਕੀਤਾ।
ਜਿਹੜਾ ਆਦਮੀ ਵੇਸਵਾ ਕੋਲ ਬੈਠਾ ਸੀ, ਉਹ ਸੋਚ ਰਿਹਾ ਸੀ ਕਿ ਉਸ ਦੇ ਦੋਸਤ ਨੇ ਇਸ ਦੀ ਜਗ੍ਹਾ ਪ੍ਰਵਚਨ ਵਿਚ ਬੈਠਣ ਦਾ ਫੈਸਲਾ ਕਰ ਕੇ ਮੁਕਤੀ ਦਾ ਰਸਤਾ ਚੁਣਿਆ ਹੈ, ਜਦੋਂਕਿ ਮੈਂ ਆਪਣੇ ਲਾਲਚ ਵਿਚ ਖੁਦ ਹੀ ਫਸ ਗਿਆ। ਪ੍ਰਵਚਨ ਵਿਚ ਬੈਠੇ ਵਿਅਕਤੀ ਨੇ ਵੇਸਵਾ ਬਾਰੇ ਸੋਚ ਕੇ ਬੁਰੇ ਕਰਮ ਬਟੋਰੇ। ਹੁਣ ਉਹੀ ਇਸ ਦਾ ਦੁੱਖ ਭੋਗੇਗਾ। ਗਲਤ ਕੰਮ ਦੀ ਕੀਮਤ ਤੁਸੀਂ ਇਸ ਲਈ ਨਹੀਂ ਚੁਕਾਉਂਦੇ ਕਿਉਂਕਿ ਤੁਸੀਂ ਵੇਸਵਾ ਕੋਲ ਜਾਂਦੇ ਹੋ, ਤੁਸੀਂ ਕੀਮਤ ਇਸ ਲਈ ਚੁਕਾਉਂਦੇ ਹੋ ਕਿਉਂਕਿ ਤੁਸੀਂ ਚਲਾਕੀ ਕਰਦੇ ਹੋ। ਤੁਸੀਂ ਜਾਣਾ ਉਥੇ ਚਾਹੁੰਦੇ ਹੋ ਪਰ ਸੋਚਦੇ ਹੋ ਕਿ ਪ੍ਰਵਚਨ ਵਿਚ ਜਾਣ ਨਾਲ ਤੁਸੀਂ ਸਵਰਗ ਦੇ ਹੱਕਦਾਰ ਬਣ ਜਾਓਗੇ। ਇਹੀ ਚਲਾਕੀ ਤੁਹਾਨੂੰ ਨਰਕ ਵਿਚ ਲੈ ਜਾਂਦੀ ਹੈ।
ਤੁਸੀਂ ਜਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ, ਉਸੇ ਤਰ੍ਹਾਂ ਦੇ ਬਣ ਜਾਂਦੇ ਹੋ। ਮੰਨ ਲਵੋ ਕਿ ਤੁਹਾਨੂੰ ਜੂਆ ਖੇਡਣ ਦੀ ਆਦਤ ਹੈ। ਹੋ ਸਕਦਾ ਹੈ ਕਿ ਆਪਣੇ ਘਰ ਵਿਚ ਤੁਸੀਂ ਮਾਂ, ਪਤਨੀ ਜਾਂ ਬੱਚਿਆਂ ਸਾਹਮਣੇ ਜੂਏ ਦੀ ਖੇਡ ਨੂੰ ਮਾੜਾ ਦੱਸਦੇ ਹੋ। ਇਸ ਦਾ ਨਾਂ ਤਕ ਮੂੰਹ ''ਤੇ ਨਹੀਂ ਲਿਆਉਂਦੇ ਪਰ ਜਿਵੇਂ ਹੀ ਆਪਣੇ ਗੈਂਗ ਨੂੰ ਮਿਲਦੇ ਹੋ, ਪੱਤੇ ਫੈਂਟਣ ਲਗਦੇ ਹੋ।
ਹਰ ਜਗ੍ਹਾ ਅਜਿਹਾ ਹੀ ਹੈ। ਚੋਰਾਂ ਨੂੰ ਕੀ ਅਜਿਹਾ ਲਗਦਾ ਹੈ ਕਿ ਕਿਸੇ ਨੂੰ ਲੁੱਟਣਾ ਮਾੜਾ ਹੈ? ਜਦੋਂ ਚੋਰ ਚੋਰੀ ਵਿਚ ਅਸਫਲ ਹੁੰਦੇ ਹਨ ਤਾਂ ਉਹ ਸੋਚਦੇ ਹਨ ਕਿ ਉਹ ਚੰਗੇ ਚੋਰ ਨਹੀਂ ਹਨ। ਉਨ੍ਹਾਂ ਲਈ ਉਹ ਇਕ ਮਾੜਾ ਕਰਮ ਬਣ ਜਾਂਦਾ ਹੈ। ਕਰਮ ਠੀਕ ਉਸੇ ਤਰ੍ਹਾਂ ਬਣਦਾ ਹੈ ਜਿਸ ਤਰ੍ਹਾਂ ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ। ਤੁਸੀਂ ਜੋ ਕਰ ਰਹੇ ਹੋ, ਉਸ ਨਾਲ ਇਸ ਦਾ ਸੰਬੰਧ ਨਹੀਂ। ਜਿਸ ਤਰੀਕੇ ਨਾਲ ਤੁਸੀਂ ਉਸ ਨੂੰ ਆਪਣੇ ਦਿਮਾਗ ਵਿਚ ਢੋਂਹਦੇ ਹੋ, ਉਸ ਦਾ ਸਬੰਧ ਸਿਰਫ ਉਸੇ ਨਾਲ ਹੈ।