ਮੌਤ ਟਾਲਿਆਂ ਨਹੀਂ ਟਲਦੀ

11/30/2015 2:41:40 PM

ਭਗਵਾਨ ਵਿਸ਼ਣੂ ਗਰੁੜ ''ਤੇ ਬੈਠ ਕੇ ਕੈਲਾਸ਼ ਪਰਬਤ ''ਤੇ ਗਏ। ਦੁਆਰ ''ਤੇ ਗਰੁੜ ਨੂੰ ਛੱਡ ਕੇ ਖੁਦ ਸ਼ਿਵ ਜੀ ਨੂੰ ਮਿਲਣ ਲਈ ਅੰਦਰ ਚਲੇ ਗਏ। ਗਰੁੜ ਕੈਲਾਸ਼ ਦੀ ਕੁਦਰਤੀ ਸ਼ੋਭਾ ਦੇਖ ਕੇ ਮੰਤਰ-ਮੁਗਧ ਸੀ ਕਿ ਅਚਾਨਕ ਉਸ ਦੀ ਨਜ਼ਰ ਇਕ ਖੂਬਸੂਰਤ ਛੋਟੀ ਜਿਹੀ ਚਿੜੀ ''ਤੇ ਪਈ। ਚਿੜੀ ਇੰਨੀ ਸੁੰਦਰ ਸੀ ਕਿ ਗਰੁੜ ਦੇ ਸਾਰੇ ਵਿਚਾਰ ਉਸੇ ਵੱਲ ਖਿੱਚੇ ਗਏ। ਉਸੇ ਵੇਲੇ ਕੈਲਾਸ਼ ''ਤੇ ਯਮਦੇਵ ਪਧਾਰੇ ਅਤੇ ਅੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਉਸ ਛੋਟੇ ਜਿਹੇ ਪੰਛੀ ਨੂੰ ਹੈਰਾਨੀ ਨਾਲ ਦੇਖਿਆ। ਗਰੁੜ ਸਮਝ ਗਿਆ ਕਿ ਉਸ ਚਿੜੀ ਦਾ ਅੰਤ ਨੇੜੇ ਹੈ ਅਤੇ ਯਮਦੇਵ ਕੈਲਾਸ਼ ''ਚੋਂ ਨਿਕਲਦਿਆਂ ਹੀ ਉਸ ਨੂੰ ਆਪਣੇ ਨਾਲ ਯਮਲੋਕ ਲੈ ਜਾਣਗੇ।
ਗਰੁੜ ਨੂੰ ਤਰਸ ਆ ਗਿਆ। ਉਹ ਇੰਨੀ ਛੋਟੀ ਤੇ ਸੁੰਦਰ ਚਿੜੀ ਨੂੰ ਮਰਦਾ ਨਹੀਂ ਦੇਖ ਸਕਦਾ ਸੀ। ਗਰੁੜ ਨੇ ਉਸ ਨੂੰ ਆਪਣੇ ਪੰਜਿਆਂ ਵਿਚ ਦਬਾਇਆ ਅਤੇ ਕੈਲਾਸ਼ ਤੋਂ ਹਜ਼ਾਰਾਂ ਕੋਹ ਦੂਰ ਇਕ ਜੰਗਲ ਵਿਚ ਚੱਟਾਨ ਦੇ ਉੱਪਰ ਛੱਡ ਦਿੱਤਾ। ਖੁਦ ਵਾਪਸ ਕੈਲਾਸ਼ ''ਤੇ ਆ ਗਿਆ।
ਆਖਿਰ ਜਦੋਂ ਯਮਦੇਵ ਆਏ ਤਾਂ ਗਰੁੜ ਨੇ ਪੁੱਛ ਹੀ ਲਿਆ ਕਿ ਉਨ੍ਹਾਂ ਉਸ ਚਿੜੀ ਨੂੰ ਇੰਨੀ ਹੈਰਾਨੀ ਭਰੀ ਨਜ਼ਰ ਨਾਲ ਕਿਉਂ ਦੇਖਿਆ ਸੀ?
ਯਮਦੇਵ ਬੋਲੇ,''''ਗਰੁੜ, ਜਦੋਂ ਮੈਂ ਉਸ ਚਿੜੀ ਨੂੰ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਚਿੜੀ ਕੁਝ ਹੀ ਪਲਾਂ ਵਿਚ ਇਥੋਂ ਹਜ਼ਾਰਾਂ ਕੋਹ ਦੂਰ ਇਕ ਸੱਪ ਵਲੋਂ ਖਾ ਲਈ ਜਾਵੇਗੀ। ਮੈਂ ਸੋਚ ਰਿਹਾ ਸੀ ਕਿ ਉਹ ਇੰਨੀ ਜਲਦੀ ਇੰਨੀ ਦੂਰ ਕਿਵੇਂ ਜਾਵੇਗੀ ਪਰ ਹੁਣ ਜਦੋਂ ਉਹ ਇਥੇ ਨਹੀਂ ਹੈ ਤਾਂ ਯਕੀਨੀ ਤੌਰ ''ਤੇ ਮਰ ਚੁੱਕੀ ਹੋਵੇਗੀ।''''
ਗਰੁੜ ਸਮਝ ਗਿਆ ਕਿ ਮੌਤ ਟਾਲਿਆਂ ਨਹੀਂ ਟਲਦੀ, ਭਾਵੇਂ ਕਿੰਨੀ ਵੀ ਚਲਾਕੀ ਕਰ ਲਈ ਜਾਵੇ। ਇਸ ਲਈ ਕ੍ਰਿਸ਼ਨ ਕਹਿੰਦੇ ਹਨ : ਕਰਦਾ ਤੂੰ ਉਹ ਹੈ, ਜੋ ਤੂੰ ਚਾਹੁੰਦਾ ਏਂ ਪਰ ਹੁੰਦਾ ਉਹ ਹੈ ਜੋ ਮੈਂ ਚਾਹੁੰਦਾ ਹਾਂ। ਕਰ ਤੂੰ ਉਹ ਜੋ ਮੈਂ ਚਾਹੁੰਦਾ ਹਾਂ, ਫਿਰ ਹੋਵੇਗਾ ਉਹ ਜੋ ਤੂੰ ਚਾਹੇਂਗਾ।