ਮੌਤ ਜੀਵਨ ਦਾ ਅੰਤ ਨਹੀਂ

7/22/2016 11:46:21 AM

ਜੀਵਨ ਕੁਝ ਹੋਰ ਨਹੀਂ, ਸਗੋਂ ਇਕ ਦਰੱਖਤ ਹੈ ਅਤੇ ਮੌਤ ਉਸ ਦਰੱਖਤ ਦਾ ਇਕ ਫੁੱਲ। ਦਰੱਖਤ ਦੀ ਹੋਂਦ ਫੁੱਲ ਲਈ ਹੁੰਦੀ ਹੈ ਨਾ ਕਿ ਫੁੱਲ ਦੀ ਹੋਂਦ ਦਰੱਖਤ ਲਈ। ਜਦੋਂ ਫੁੱਲ ਆਉਂਦੇ ਹਨ ਤਾਂ ਦਰੱਖਤ ਨੂੰ ਖੁਸ਼ੀ ਨਾਲ ਨੱਚਣਾ ਚਾਹੀਦਾ ਹੈ। ਇਸ ਲਈ ਪਹਿਲਾਂ ਮੌਤ ਨੂੰ ਸਵੀਕਾਰ ਕੀਤਾ ਗਿਆ ਹੈ ਅਤੇ ਨਾ ਸਿਰਫ ਸਵੀਕਾਰ ਕੀਤਾ ਗਿਆ ਹੈ ਸਗੋਂ ਇਸ ਦਾ ਸਵਾਗਤ ਵੀ ਕੀਤਾ ਗਿਆ ਹੈ। ਇਹ ਇਕ ਦੈਵਿਕ ਮਹਿਮਾਨ ਹੈ। ਜਦੋਂ ਇਹ ਤੁਹਾਡੇ ਦਰਵਾਜ਼ੇ ''ਤੇ ਦਸਤਕ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਬ੍ਰਹਿਮੰਡ ਤੁਹਾਨੂੰ ਵਾਪਸ ਲਿਜਾਣ ਲਈ ਤਿਆਰ ਹੈ।
ਇਕ ਮਰੇ ਹੋਏ ਇਨਸਾਨ ਦੇ ਆਸ-ਪਾਸ ਬਹੁਤ ਸਾਰੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ਿੰਦਾ ਅਵਸਥਾ ਵਿਚ ਜੇ ਉਸ ਨੇ ਕਿਸੇ ਇਨਸਾਨ ਨਾਲ ਡੂੰਘਾਈ ਨਾਲ ਪਿਆਰ ਕੀਤਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਊਰਜਾ ਦਾ ਇਕ ਵੱਡਾ ਹਿੱਸਾ ਉਸ ਇਨਸਾਨ ਨੂੰ ਦਿੱਤਾ ਹੈ ਅਤੇ ਜਦੋਂ ਉਹ ਮਰ ਜਾਂਦਾ ਹੈ ਤਾਂ ਤੁਰੰਤ ਉਹ ਹਿੱਸਾ ਜੋ ਉਸ ਨੇ ਉਸ ਇਨਸਾਨ ਨੂੰ ਦਿੱਤਾ ਸੀ, ਉਹ ਉਸ ਇਨਸਾਨ ਨੂੰ ਛੱਡ ਕੇ ਵਾਪਸ ਮਰੇ ਹੋਏ ਇਨਸਾਨ ਵੱਲ ਜਾਣ ਲੱਗਦਾ ਹੈ।
ਜੇ ਤੁਸੀਂ ਇਥੇ ਮਰਦੇ ਹੋ ਅਤੇ ਤੁਹਾਡਾ ਪਿਆਰਾ ਹਾਂਗਕਾਂਗ ਵਿਚ ਰਹਿੰਦਾ ਹੈ ਤਾਂ ਅਚਾਨਕ ਕੁਝ ਤੁਹਾਡੇ ਪਿਆਰੇ ਨੂੰ ਤਿਆਗ ਦੇਵੇਗਾ ਕਿਉਂਕਿ ਤੁਸੀਂ ਆਪਣੇ ਜੀਵਨ ਦਾ ਇਕ ਹਿੱਸਾ ਉਸ ਨੂੰ ਦਿੱਤਾ ਹੈ ਅਤੇ ਹੁਣ ਉਹ ਹਿੱਸਾ ਵਾਪਸ ਤੁਹਾਡੇ ਕੋਲ ਆ ਰਿਹਾ ਹੈ। ਇਸ ਲਈ ਜਦੋਂ ਤੁਹਾਡਾ ਕੋਈ ਪਿਆਰਾ ਮਰਦਾ ਹੈ ਤਾਂ ਤੁਹਾਨੂੰ ਵੀ ਲੱਗਦਾ ਹੈ ਕਿ ਕਿਸੇ ਚੀਜ਼ ਨੇ ਤੁਹਾਨੂੰ ਛੱਡ ਦਿੱਤਾ ਹੈ। ਤੁਹਾਡੇ ਅੰਦਰ ਵੀ ਕਿਸੇ ਚੀਜ਼ ਦੀ ਮੌਤ ਹੋ ਗਈ ਹੈ, ਉਥੇ ਹੁਣ ਬਸ ਇਕ ਡੂੰਘਾ ਜ਼ਖਮ, ਇਕ ਡੂੰਘੀ ਖੱਡ ਮੌਜੂਦ ਹੈ।
ਜਦੋਂ ਕੋਈ ਮਰਦਾ ਹੈ ਤਾਂ ਉਸ ਦਾ ਸਾਹ ਰੁਕ ਜਾਂਦਾ ਹੈ ਅਤੇ ਤੁਸੀਂ ਸੋਚ ਲੈਂਦੇ ਹੋ ਕਿ ਉਹ ਮਰ ਗਿਆ ਹੈ। ਅਸਲ ਵਿਚ ਉਹ ਮਰਿਆ ਨਹੀਂ ਹੈ, ਸਗੋਂ ਇਸ ਵਿਚ ਸਮਾਂ ਲਗਦਾ ਹੈ। ਕਦੇ-ਕਦੇ ਜੇ ਉਹ ਇਨਸਾਨ ਲੱਖਾਂ ਜ਼ਿੰਦਗੀਆਂ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਮਰਨ ਵਿਚ ਕਈ ਦਿਨ ਲੱਗ ਜਾਂਦੇ ਹਨ। ਮੌਤ ਇਕ ਦਰਵਾਜ਼ਾ ਹੈ, ਨਾ ਕਿ ਰੁਕਾਵਟ। ਚੇਤਨਾ ਅੱਗੇ ਵਧਦੀ ਰਹਿੰਦੀ ਹੈ ਪਰ ਸਰੀਰ ਦਰਵਾਜ਼ੇ ''ਤੇ ਹੀ ਰਹਿੰਦਾ ਹੈ।
ਸਰੀਰ ਮੰਦਰ ਦੇ ਬਾਹਰ ਛੁੱਟ ਜਾਂਦਾ ਹੈ ਅਤੇ ਚੇਤਨਾ ਮੰਦਰ ਦੇ ਅੰਦਰ ਦਾਖਲ ਹੋ ਜਾਂਦੀ ਹੈ। ਇਹ ਇਕ ਬਹੁਤ ਹੀ ਸੂਖਮ ਘਟਨਾ ਹੈ ਅਤੇ ਜੀਵਨ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ। ਮੂਲ ਤੌਰ ''ਤੇ ਜੀਵਨ ਮੌਤ ਦੀ ਤਿਆਰੀ ਕਰਨਾ ਹੈ ਅਤੇ ਜੋ ਸਿਆਣੇ ਹੁੰਦੇ ਹਨ, ਉਹ ਆਪਣੇ ਜੀਵਨ ਦੌਰਾਨ ਹੀ ਸਿੱਖ ਜਾਂਦੇ ਹਨ ਕਿ ਕਿਵੇਂ ਮਰਿਆ ਜਾਂਦਾ ਹੈ।