ਆਮ ਜਿਹੀ ਕੁਟੀਆ

Saturday, April 15, 2017 3:21 PM
ਆਮ ਜਿਹੀ ਕੁਟੀਆ
ਇਕ ਸੰਤ ਨੂੰ ਆਪਣਾ ਵੱਡਾ ਆਸ਼ਰਮ ਬਣਾਉਣ ਲਈ ਧਨ ਦੀ ਲੋੜ ਪਈ। ਉਹ ਆਪਣੇ ਚੇਲੇ ਨੂੰ ਨਾਲ ਲੈ ਕੇ ਧਨ ਇਕੱਠਾ ਕਰਨ ਲਈ ਲੋਕਾਂ ਕੋਲ ਗਏ। ਘੁੰਮਦੇ-ਘੁੰਮਦੇ ਉਹ ਸੂਫੀ ਸੰਤ ਰਾਬੀਆ ਦੀ ਕੁਟੀਆ ਵਿਚ ਪਹੁੰਚੇ। ਰਾਬੀਆ ਦੀ ਕੁਟੀਆ ਆਮ ਜਿਹੀ ਸੀ। ਉਥੇ ਕਿਸੇ ਤਰ੍ਹਾਂ ਦੀ ਵੀ ਸਹੂਲਤ ਨਹੀਂ ਸੀ, ਫਿਰ ਵੀ ਰਾਤ ਹੋ ਗਈ ਤਾਂ ਸੰਤ ਉਥੇ ਹੀ ਠਹਿਰ ਗਏ।
ਰਾਬੀਆ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤਾ। ਭੋਜਨ ਕਰਨ ਤੋਂ ਬਾਅਦ ਸੰਤ ਦੇ ਸੌਣ ਲਈ ਰਾਬੀਆ ਨੇ ਤਖਤ ''ਤੇ ਦਰੀ ਵਿਛਾ ਦਿੱਤੀ ਅਤੇ ਸਿਰਹਾਣਾ ਦੇ ਦਿੱਤਾ। ਉਹ ਖੁਦ ਜ਼ਮੀਨ ''ਤੇ ਟਾਟ ਵਿਛਾ ਕੇ ਸੌਂ ਗਈ। ਥੋੜ੍ਹੀ ਦੇਰ ''ਚ ਹੀ ਰਾਬੀਆ ਨੂੰ ਗੂੜ੍ਹੀ ਨੀਂਦ ਆ ਗਈ ਪਰ ਸੰਤ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਦਰੀ ''ਤੇ ਸੌਣ ਦੇ ਆਦੀ ਨਹੀਂ ਸਨ। ਉਹ ਹਮੇਸ਼ਾ ਮੋਟੇ ਗੱਦੇ ''ਤੇ ਸੌਂਦੇ ਸਨ।
ਸੰਤ ਸੋਚਣ ਲੱਗੇ ਕਿ ਜ਼ਮੀਨ ''ਤੇ ਟਾਟ ਵਿਛਾ ਕੇ ਸੌਣ ਦੇ ਬਾਵਜੂਦ ਰਾਬੀਆ ਨੂੰ ਗੂੜ੍ਹੀ ਨੀਂਦ ਆ ਗਈ ਅਤੇ ਉਨ੍ਹਾਂ ਨੂੰ ਤਖਤ ''ਤੇ ਦਰੀ ਵਿਛਾਉਣ ''ਤੇ ਵੀ ਨੀਂਦ ਕਿਉਂ ਨਹੀਂ ਆਈ? ਇਹ ਗੱਲ ਉਨ੍ਹਾਂ ਨੂੰ ਦੇਰ ਤਕ ਸਤਾਉਂਦੀ ਰਹੀ।
ਸਵੇਰੇ ਜਲਦੀ ਉੱਠ ਕੇ ਰਾਬੀਆ ਨੇ ਆਪਣੇ ਹੱਥਾਂ ਨਾਲ ਕੁਟੀਆ ਦੀ ਸਫਾਈ ਕੀਤੀ ਅਤੇ ਚਿੜੀਆਂ ਨੂੰ ਦਾਣਾ ਪਾਇਆ। ਸੰਤ ਨੇ ਪੁੱਛਿਆ,''''ਰਾਬੀਆ, ਤੂੰ ਮੇਰੇ ਲਈ ਚੰਗਾ ਬਿਸਤਰਾ ਵਿਛਾਇਆ, ਫਿਰ ਵੀ ਮੈਨੂੰ ਨੀਂਦ ਨਹੀਂ ਆਈ, ਜਦਕਿ ਤੈਨੂੰ ਜ਼ਮੀਨ ''ਤੇ ਵੀ ਗੂੜ੍ਹੀ ਨੀਂਦ ਆ ਗਈ। ਇਸ ਦਾ ਕਾਰਨ ਕੀ ਹੈ?''''
ਰਾਬੀਆ ਬੋਲੀ,''''ਗੁਰੂਦੇਵ, ਜਦੋਂ ਮੈਂ ਸੌਂਦੀ ਹਾਂ ਤਾਂ ਮੈਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਪਿੱਠ ਹੇਠਾਂ ਗੱਦਾ ਹੈ ਜਾਂ ਟਾਟ। ਉਸ ਵੇਲੇ ਮੈਨੂੰ ਦਿਨ ਭਰ ਕੀਤੇ ਚੰਗੇ ਕੰਮਾਂ ਨੂੰ ਯਾਦ ਕਰ ਕੇ ਅਜਿਹਾ ਅਨੋਖਾ ਆਨੰਦ ਮਿਲਦਾ ਹੈ ਕਿ ਮੈਂ ਸੁੱਖ-ਦੁੱਖ ਸਭ ਭੁੱਲ ਕੇ ਪਰਮ ਪਿਤਾ ਦੀ ਗੋਦ ਵਿਚ ਸੌਂ ਜਾਂਦੀ ਹਾਂ, ਇਸ ਲਈ ਮੈਨੂੰ ਗੂੜ੍ਹੀ ਨੀਂਦ ਆਉਂਦੀ ਹੈ।''''
ਸੰਤ ਬੋਲੇ,''''ਮੈਂ ਆਪਣੇ ਸੁੱਖ ਲਈ ਧਨ ਇਕੱਠਾ ਕਰਨ ਨਿਕਲਿਆ ਸੀ। ਇਥੇ ਆ ਕੇ ਮੈਨੂੰ ਪਤਾ ਲੱਗਾ ਕਿ ਸੰਸਾਰ ਦਾ ਸੁੱਖ ਵੱਡੇ ਆਸ਼ਰਮ ਵਿਚ ਨਹੀਂ, ਸਗੋਂ ਇਸ ਕੁਟੀਆ ਵਿਚ ਹੈ।''''
ਫਿਰ ਉਨ੍ਹਾਂ ਇਕੱਠਾ ਕੀਤਾ ਸਾਰਾ ਧਨ ਗਰੀਬਾਂ ਵਿਚ ਵੰਡ ਦਿੱਤਾ ਤੇ ਇਕ ਆਮ ਜਿਹੀ ਕੁਟੀਆ ਵਿਚ ਰਹਿਣ ਲੱਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!