ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ

11/6/2017 7:27:04 AM

ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੀ ਇਹ ਯਾਦਗਾਰ ਲੱਗਭਗ 7000 ਤੋਂ 11,000 ਸਿੰਘ, ਸਿੰਘਣੀਆਂ ਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਨੂੰ ਹੋਈਆਂ ਸ਼ਹੀਦੀਆਂ ਨਾਲ ਸਬੰਧਤ ਹੈ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਉਸ ਸਮੇਂ ਲਾਹੌਰ ਵਿਚ ਮੁਗਲ ਗਵਰਨਰ ਯਾਹੀਆ ਖਾਨ ਸੀ। ਸਿੱਖਾਂ ਦੀ ਅਗਵਾਈ ਉਸ ਸਮੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋ, ਹਰੀ ਸਿੰਘ, ਚੜ੍ਹਤ ਸਿੰਘ ਸ਼ੁਕਰਚੱਕੀਆ, ਕਪੂਰ ਸਿੰਘ, ਦੀਪ ਸਿੰਘ ਕਰ ਰਹੇ ਸਨ। ਦਰਿਆ ਰਾਵੀ ਤੇ ਬਿਆਸ ਦੇ ਉਪਰਲੇ ਖੇਤਰਾਂ ਵਿਚ ਮੁਗਲਾਂ ਤੇ ਸਿੱਖਾਂ ਵਿਚ ਕਈ ਦਿਨ ਲੜਾਈ ਹੁੰਦੀ ਰਹੀ। ਕਈ ਦਿਨਾਂ ਦੀਆਂ ਮੁਸੀਬਤਾਂ ਤੇ ਜੱਦੋ-ਜਹਿਦ ਬਾਅਦ ਸਿੱਖਾਂ ਦੇ ਇਕੱਠ ਨੇ ਬਿਆਸ ਦਰਿਆ ਦੇ ਸੱਜੇ ਪਾਸੇ ਕਾਹਨੂੰਵਾਨ ਦੇ ਛੰਬ ਵਿਚ ਸ਼ਰਨ ਲੈ ਲਈ।
ਕਈ ਦਿਨਾਂ ਤਕ ਘਮਸਾਨ ਯੁੱਧ ਜਾਰੀ ਰਿਹਾ। ਤਿਬੜੀ ਛਾਉਣੀ ਦੇ ਖੇਤਰ ਦੇ ਪਿੰਡ ਨੰਗਲ, ਕਰਾਲ, ਲਮੀਨ, ਚਾਵਾ, ਕੋਟਡੀ ਸੈਣੀਆਂ ਆਦਿ ਵਿਚ ਮੁਗਲਾਂ ਤੇ ਸਿੱਖਾਂ ਦੀਆਂ ਝੜਪਾਂ ਹੋਈਆਂ। ਇਨ੍ਹਾਂ ਪਿੰਡਾਂ ਦੇ ਖੂਹਾਂ ਨੂੰ ਮੁਗਲਾਂ ਨੇ ਮਨੁੱਖੀ ਪਿੰਜਰਾਂ ਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਭਰ ਦਿੱਤਾ। ਇਥੋਂ ਸੈਂਕੜੇ ਸਿੱਖ ਫੜ ਕੇ ਲਾਹੌਰ ਲਿਜਾਏ ਗਏ ਤੇ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਸ ਘੱਲੂਘਾਰੇ ਦੌਰਾਨ ਜਲੰਧਰ ਤੋਂ ਆਈ ਇਕ ਸਿੱਖ ਔਰਤ ਬੀਬੀ ਸੁੰਦਰੀ ਇਨ੍ਹਾਂ ਸਿੱਖਾਂ ਦੀ ਸੇਵਾ ਕਰਦੀ ਸ਼ਹੀਦ ਹੋ ਗਈ। ਲਾਹੌਰ ਦੇ ਦੀਵਾਨ ਲਖਪਤ ਰਾਇ ਦਾ ਭਰਾ ਜਸਪਤ ਰਾਇ, ਜੋ ਐਮਨਾਬਾਦ (ਪਾਕਿਸਤਾਨ) ਦਾ ਫੌਜਦਾਰ ਸੀ, ਸਿੱਖਾਂ ਦੇ ਇਕ ਸਮੂਹ ਨਾਲ ਲੜਾਈ ਵਿਚ ਲਾਹੌਰ ਦੇ ਨਜ਼ਦੀਕ ਪਿੰਡ ਰੋੜੀ ਬਾਬਾ ਨਾਨਕ ਜੀ ਵਿਖੇ ਲੜਾਈ ਵਿਚ ਮਾਰਿਆ ਗਿਆ ਸੀ।  ਜਸਪਤ ਰਾਇ ਦੀ ਮੌਤ ਤੋਂ ਬਾਅਦ ਲਖਪਤ ਰਾਇ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਦੇ ਗਵਰਨਰ ਯਾਹੀਆ ਖਾਨ ਪਾਸੋਂ ਵੱਡੀ ਸ਼ਾਹੀ ਫੌਜ ਇਕੱਤਰ ਕਰਕੇ  ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ।
ਅਗਲੇ ਦਿਨ ਸੋਮਵਾਰ ਲਾਹੌਰ ਸ਼ਹਿਰ ਵਿਚ ਮੱਸਿਆ ਦਾ ਦਿਹਾੜਾ ਸੀ, ਬਾਜ਼ਾਰ ਵਿਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਘਟੀਆ ਕਾਰਵਾਈ ਨੂੰ ਨੇਕ ਇਨਸਾਨਾਂ ਨੇ ਬੁਰਾ ਕਿਹਾ ਅਤੇ ਹਿੰਦੂ ਮਤ ਦੇ ਵੱਡੇ ਮਹਾਪੁਰਸ਼ਾਂ ਨੇ ਲਖਪਤ ਰਾਇ ਨੂੰ ਸਮਝਾਇਆ ਕਿ ਅੱਜ ਸੋਮਾਵਤੀ ਮੱਸਿਆ ਹੈ, ਇਸ ਲਈ ਅਜਿਹੇ ਪਾਵਨ ਦਿਹਾੜੇ 'ਤੇ ਘਿਨਾਉਣਾ ਕਹਿਰ ਨਹੀਂ ਕਰਨਾ ਚਾਹੀਦਾ ਪਰ ਉਸ ਨੇ ਇਕ ਨਾ ਮੰਨੀ।
ਇਸ ਘਟਨਾ ਦੀ ਖਬਰ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਸ ਨੇ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਆਪੋ-ਆਪਣੀ ਫੌਜ ਲੈ ਕੇ ਕਾਹਨੂੰਵਾਨ ਦੇ ਛੰਬ ਵਿਚ ਪਹੁੰਚ ਜਾਵੋ। ਉਸ ਵਕਤ ਸਿੱਖਾਂ ਦੇ 25 ਜਥੇ ਸਨ, ਜਿਨ੍ਹਾਂ ਵਿਚ ਹਰ ਇਕ ਜਥੇ ਵਿਚ ਘੋੜਸਵਾਰਾਂ ਦੀ ਗਿਣਤੀ 1000 ਤੋਂ 1200 ਦੇ ਕਰੀਬ ਸੀ।
ਇਹ ਕਾਹਨੂੰਵਾਨ ਦਾ ਛੰਬ ਸ੍ਰੀ ਹਰਗੋਬਿੰਦਪੁਰ ਤੋਂ ਲੈ ਕੇ ਪਠਾਨਕੋਟ ਤਕ 40-45 ਮੀਲ ਲੰਬਾ ਅਤੇ ਦਰਿਆ ਬਿਆਸ ਤੋਂ ਤਿਬੜ ਗੁਰਦਾਸਪੁਰ ਰੋਡ ਤਕ 6-7 ਮੀਲ ਚੌੜਾਈ ਦਾ ਸੀ। ਸਿੱਖ ਫੌਜ ਦੀ ਗਿਣਤੀ 20 ਤੋਂ 25 ਹਜ਼ਾਰ ਸੀ। ਲਖਪਤ ਰਾਇ ਆਪਣੀ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਾ ਹੋਇਆ ਇਸ ਛੰਬ ਦੇ ਕਿਨਾਰੇ ਪਹੁੰਚ ਗਿਆ ਅਤੇ ਉਸ ਨੇ ਸਾਰੇ ਛੰਬ ਨੂੰ ਘੇਰਾ ਪਾ ਕੇ ਖਾਸ-ਖਾਸ ਟਿਕਾਣਿਆਂ 'ਤੇ ਤੋਪਾਂ ਬੀੜ ਦਿੱਤੀਆਂ, ਪੁਲਸ ਚੌਕੀਆਂ ਕਾਇਮ ਕਰ ਦਿੱਤੀਆਂ ਗਈਆਂ। ਛੰਬ ਦੇ ਆਲੇ-ਦੁਆਲੇ ਵਸਦੇ ਵਸਨੀਕਾਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਿੱਖਾਂ ਦੇ ਜਥਿਆਂ ਦੀ ਹਰ ਤਰੀਕੇ ਨਾਲ ਨਿਗਰਾਨੀ ਕੀਤੀ ਜਾਵੇ। ਉਨ੍ਹਾਂ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦੱਸੀਆਂ ਜਾਣ। ਸ਼ਾਹੀ ਫੌਜਾਂ ਨੇ ਸਿੱਖਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਛੰਬ ਦਾ ਘੇਰਾ ਤਕਰੀਬਨ 3 ਮਹੀਨੇ ਰਿਹਾ।  ਸਿੱਖਾਂ ਦੇ ਰਾਸ਼ਨ ਮੁੱਕਣ ਦੀ ਖਬਰ ਜਦ ਕੌੜਾ ਮਲ ਨੂੰ ਮਿਲੀ ਤਾਂ ਮੁਲਤਾਨ ਦੇ ਵਜ਼ੀਰ ਨੇ ਹਜ਼ਾਰਾਂ ਘੋੜਿਆਂ ਤੇ ਖੱਚਰਾਂ 'ਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇਕ ਵਪਾਰੀ ਨੂੰ ਤੋਰ ਦਿੱਤਾ ਅਤੇ ਦੂਸਰੇ ਪਾਸੇ ਖੁਫੀਆ ਤੌਰ 'ਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਜਾਨਵਰ ਤੁਹਾਡੇ ਨੇੜੇ ਆਉਣ ਤਾਂ ਲੁੱਟ ਲੈਣੇ।
ਸਿੰਘਾਂ ਲਈ ਇਹ ਬਹੁਤ ਖੁਸ਼ੀ ਦੀ ਖ਼ਬਰ ਸੀ, ਜਦ ਵਪਾਰੀ ਕਾਹਨੂੰਵਾਨ ਛੰਬ ਦੇ ਨੇੜਿਓਂ ਲੰਘ ਰਿਹਾ ਸੀ, ਤਾਂ ਸਿੰਘਾਂ ਨੇ ਦਿਨ-ਦਿਹਾੜੇ ਸਾਰਾ ਰਾਸ਼ਨ ਲੁੱਟ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਬਹੁਤ ਰਾਹਤ ਮਿਲੀ ਅਤੇ ਸਿੱਖ ਫੌਜਾਂ ਦੇ ਹੌਸਲੇ ਬੁਲੰਦ ਹੋ ਗਏ। ਇਸ ਕਰਕੇ ਸਿੱਖ ਇਤਿਹਾਸ ਵਿਚ ਕੌੜਾ ਮੱਲ ਨੂੰ ਮਿੱਠਾ ਮੱਲ ਕਰਕੇ ਯਾਦ ਕੀਤਾ ਜਾਂਦਾ ਹੈ।
ਆਖਿਰ ਆਪਣੀ ਹਾਰ ਤੱਕ ਕੇ ਲਖਪਤ ਰਾਇ ਬਹੁਤ ਘਟੀਆ ਤਰੀਕਿਆਂ 'ਤੇ ਆ ਗਿਆ ਤੇ ਉਸ ਨੇ ਜੰਗਲ ਕਟਵਾ ਕੇ ਅੱਗ ਲਵਾ ਦਿੱਤੀ। ਜੇਠ-ਹਾੜ ਦੇ ਮਹੀਨੇ ਦੀ ਗਰਮੀ, ਜੰਗਲ ਦੀ ਅੱਗ ਇਕ ਪਾਸੇ ਪਹਾੜੀ ਰਾਜੇ ਅਤੇ ਚੜ੍ਹਦੇ ਪਾਸੇ ਦਰਿਆ ਬਿਆਸ ਵਿਚ ਹੜ੍ਹ। ਇਸ ਤਰ੍ਹਾਂ ਸਿੰਘ ਚਾਰ-ਚੁਫੇਰਿਓਂ ਘਿਰ ਗਏ।
ਸਿੱਖ ਜਰਨੈਲਾਂ ਨੇ ਮਤਾ ਪਾਸ ਕੀਤਾ ਕਿ ਇਹ ਸਮਾਂ ਸਿੱਖੀ ਦੀ ਆਨ ਤੇ ਸ਼ਾਨ ਨੂੰ ਬਚਾਉਣ ਦਾ ਹੈ, ਮੈਦਾਨ-ਏ-ਜੰਗ ਵਿਚ ਨਿਕਲ ਕੇ ਦੁਸ਼ਮਣ ਖਿਲਾਫ ਲੜਨ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਹੈ, ਸੋ ਸਾਰਾ ਦਿਨ ਸ਼ਾਹੀ ਫੌਜਾਂ ਨਾਲ ਗਹਿ-ਗੱਚ ਲੜਾਈ ਹੋਈ, 2000 ਦੇ ਕਰੀਬ ਸਿੰਘ ਅੱਗ ਵਿਚ ਝੁਲਸ ਗਏ, ਕੁਝ ਦਰਿਆ ਪਾਰ ਕਰਦਿਆਂ ਸ਼ਹੀਦ ਹੋ ਗਏ। ਕੁਝ ਨੂੰ ਲਖਪਤ ਬੰਦੀ ਬਣਾ ਕੇ ਲਾਹੌਰ ਲੈ ਗਿਆ। ਲਾਹੌਰ ਵਿਚ ਇਨ੍ਹਾਂ ਨੂੰ ਬਹੁਤ ਬੇਰਹਿਮੀ ਨਾਲ ਘਟੀਆ ਕਿਸਮ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਯੁੱਧ ਇਤਿਹਾਸ ਵਿਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਪ੍ਰਸਿੱਧ ਹੈ।    

 —ਰਣਜੀਤ ਸਿੰਘ ਸੋਢੀ
             (94170-93702)