ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਕੰਜੂਸ ਦਾ ਮੂੰਹ ਨਹੀਂ ਦੇਖਣਾ ਚਾਹੀਦਾ

8/12/2017 12:32:47 PM

ਇਕ ਦਿਨ ਸਵੇਰ ਵੇਲੇ ਮਾਲਵਾ ਨਰੇਸ਼ ਰਾਜਾ ਭੋਜ ਆਪਣੇ ਰੱਥ 'ਤੇ ਬੈਠ ਕੇ ਇਕ ਜ਼ਰੂਰੀ ਕੰਮ ਕਾਰਨ ਰਾਜ 'ਚ ਕਿਤੇ ਜਾ ਰਹੇ ਸਨ। 4 ਸਫੈਦ ਘੋੜਿਆਂ ਵਾਲਾ ਉਨ੍ਹਾਂ ਦਾ ਰੱਥ ਤੇਜ਼ੀ ਨਾਲ ਰਾਜਪਥ 'ਤੇ ਵਧ ਰਿਹਾ ਸੀ। ਅਚਾਨਕ ਭੋਜ ਨੇ ਸੜਕ 'ਤੇ ਜਾ ਰਹੇ ਇਕ ਤੇਜਸਵੀ ਬ੍ਰਾਹਮਣ ਨੂੰ ਦੇਖਿਆ ਅਤੇ ਕੋਚਵਾਨ ਨੂੰ ਰੱਥ ਰੋਕਣ ਲਈ ਕਿਹਾ।
ਮਹਾਰਾਜ ਦੇ ਹੁਕਮ 'ਤੇ ਕੋਚਵਾਨ ਨੇ ਹਵਾ ਦੀ ਰਫਤਾਰ ਨਾਲ ਚੱਲਦੇ ਰੱਥ ਨੂੰ ਰੋਕਿਆ ਤਾਂ ਤੇਜ਼ ਆਵਾਜ਼ ਨਾਲ ਸਫੈਦ ਘੋੜੇ ਖੁਰ ਮਾਰਦੇ ਤੁਰੰਤ ਉਥੇ ਹੀ ਖੜ੍ਹੇ ਹੋ ਗਏ। ਰਾਜਾ ਭੋਜ ਰੱਥ ਤੋਂ ਉਤਰੇ ਅਤੇ ਉਨ੍ਹਾਂ ਬ੍ਰਾਹਮਣ ਮਨੀਸ਼ੀ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ। ਉਨ੍ਹਾਂ ਨੂੰ ਦੇਖਦਿਆਂ ਹੀ ਬ੍ਰਾਹਮਣ ਨੇ ਦੋਵਾਂ ਅੱਖਾਂ ਬੰਦ ਕਰ ਲਈਆਂ। ਉਨ੍ਹਾਂ ਰਾਜੇ ਵਲੋਂ ਸਤਿਕਾਰ ਦੇ ਜਵਾਬ 'ਚ ਆਸ਼ੀਰਵਾਦ ਤਕ ਨਹੀਂ ਦਿੱਤਾ।
ਇਸ ਵਤੀਰੇ ਤੋਂ ਹੈਰਾਨ ਭੋਜ ਨੇ ਬ੍ਰਾਹਮਣ ਨੂੰ ਨਿਮਰਤਾ ਨਾਲ ਕਿਹਾ, ''ਤੁਸੀਂ ਮੇਰੇ ਪ੍ਰਣਾਮ ਦਾ ਜਵਾਬ ਨਹੀਂ ਦਿੱਤਾ, ਨਾ ਹੀ ਮੈਨੂੰ ਆਸ਼ੀਰਵਾਦ ਦੇ ਸ਼ਬਦ ਕਹੇ। ਉਲਟਾ ਤੁਸੀਂ ਮੈਨੂੰ ਦੇਖ ਕੇ ਆਪਣੀਆਂ ਦੋਵੇਂ ਅੱਖਾਂ ਬੰਦ ਕਰ ਲਈਆਂ। ਇਸ ਅਨੋਖੇ ਵਤੀਰੇ ਦਾ ਕੀ ਕਾਰਨ ਹੈ?''
ਬ੍ਰਾਹਮਣ ਬੋਲਿਆ, ''ਮਹਾਰਾਜ, ਸ਼ਾਸਤਰਾਂ ਵਿਚ ਕਿਹਾ ਗਿਆ ਹੈ ਕਿ ਸਵੇਰੇ-ਸਵੇਰੇ ਕਿਸੇ ਕੰਜੂਸ ਦੇ ਸਾਹਮਣੇ ਆ ਜਾਣ 'ਤੇ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਉਸ ਦਾ ਮੂੰਹ ਨਹੀਂ ਦੇਖਣਾ ਚਾਹੀਦਾ। ਤੁਸੀਂ ਰਾਜਾ ਹੋ ਪਰ ਦਾਨ ਵਿਚ ਕੰਜੂਸੀ ਵਰਤਦੇ ਹੋ। ਅਜਿਹਾ ਲੱਗਦਾ ਹੈ ਕਿ ਤੁਸੀਂ ਦੁਨੀਆ ਵਿਚ ਸਿਰਫ ਲੈਣ ਆਏ ਹੋ, ਜੋ ਕੁਝ ਲਿਆ ਉਸ ਨੂੰ ਚੁਕਾਉਣ ਨਹੀਂ ਆਏ। ਜੇ ਕਿਸੇ ਨੂੰ ਪ੍ਰਸਿੱਧੀ ਹਾਸਿਲ ਹੁੰਦੀ ਹੈ ਤਾਂ ਉਸ ਦੀ ਕੀਮਤ ਵੀ ਇਸੇ ਦੁਨੀਆ ਵਿਚ ਚੁਕਾਉਣੀ ਪੈਂਦੀ ਹੈ। ਇਸ ਲਈ ਧਰਮ ਵਿਚ ਦਾਨ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਾਸਤਰ ਵਚਨ ਦੀ ਪਾਲਣਾ ਕਰਦਿਆਂ ਮੈਂ ਸੂਰਜ ਨਿਕਲਣ ਤੋਂ ਪਹਿਲਾਂ ਤੁਹਾਡਾ ਮੂੰਹ ਦੇਖਣਾ ਪਸੰਦ ਨਹੀਂ ਕੀਤਾ।''
ਬ੍ਰਾਹਮਣ ਨੇ ਬਿਨਾਂ ਡਰੇ ਭੋਜ ਨੂੰ ਇਹ ਗੱਲਾਂ ਕਹਿ ਦਿੱਤੀਆਂ। ਭੋਜ ਨੇ ਉਸ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੀ ਕਮੀ ਮੰਨੀ ਅਤੇ ਉਸੇ ਦਿਨ ਤੋਂ ਗਰੀਬਾਂ ਨੂੰ ਖੁੱਲ੍ਹੇ ਹੱਥਾਂ ਨਾਲ ਦਾਨ ਦੇਣਾ ਸ਼ੁਰੂ ਕਰ ਦਿੱਤਾ।