ਬਸੰਤ ਰੁੱਤ ਅਤੇ ਵੀਰ ਹਕੀਕਤ ਰਾਏ ਦੀ ਸ਼ਹੀਦੀ

2/9/2016 7:44:19 AM

ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਭਾਵੇਂ ਕਿ ਸਾਰੀਆਂ ਹੀ ਆਪੋ-ਆਪਣਾ ਮਹੱਤਵ ਰੱਖਦੀਆਂ ਹਨ ਪਰ ਇਨ੍ਹਾਂ ਸਭਨਾਂ ''ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਹੀ ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਡ ਦਾ ਦਬਾਅ ਘਟ ਜਾਂਦਾ ਹੈ ਅਤੇ ਦਰੱਖਤਾਂ ਤੇ ਪੌਦਿਆਂ ਦੇ ਝੜੇ ਪੱਤੇ ਅਤੇ ਫੁੱਲ ਫਿਰ ਤੋਂ ਨਵੇਂ ਰੂਪ ਵਿਚ ਖਿੜ ਉੱਠਦੇ ਹਨ ਅਤੇ ਸਭਨਾਂ ਵਿਚ ਇਕ ਨਵੀਂ ਸ਼ਕਤੀ ਦਿਖਾਈ ਦੇਣ ਲੱਗਦੀ ਹੈ। ਇਨਸਾਨੀ ਸਰੀਰ ਵਿਚ ਖੂਨ ਦਾ ਵਹਾਅ ਤੇਜ਼ ਹੋ ਜਾਣ ਸਦਕਾ ਮਨੁੱਖ ਨਵੀਂ ਫੁਰਤੀ ਅਨੁਭਵ ਕਰਨ ਲੱਗਦੇ ਹਨ। ਬਸੰਤ ਰੁੱਤ ਦੀ ਆਮਦ ਸਰਦ ਰੁੱਤ ਦੇ ਖਤਮ ਹੋਣ ਦੀ ਸੂਚਕ ਵੀ ਮੰਨੀ ਜਾਂਦੀ ਹੈ। ਇਸੇ ਲਈ ਕਿਹਾ ਜਾਂਦਾ ਹੈ—''ਆਈ ਬਸੰਤ, ਪਾਲ਼ਾ ਉਡੰਤ।''
ਇਸ ਸੁਹਾਵਣੀ ਰੁੱਤ ਬਸੰਤ ਵਿਚ ਵਧੇਰੇ ਗਰਮੀ-ਸਰਦੀ ਸਹਿਣ ਨਾ ਕਰ ਸਕਣ ਵਾਲੇ ਬਜ਼ੁਰਗ ਸਰੀਰਾਂ ਨੂੰ ਪੂਰੀ ਤਰ੍ਹਾਂ ਰਾਹਤ ਮਹਿਸੂਸ ਹੁੰਦੀ ਹੈ ਅਤੇ ਜਿਵੇਂ ਇਸ ਰੁੱਤ ਵਿਚ ਹਰ ਪਾਸੇ ਫੁੱਲਾਂ ਦੀ ਬਹਾਰ ਹੁੰਦੀ ਹੈ ਤੇ ਸਰ੍ਹੋਂ ਦੇ ਖੇਤ, ਸਰ੍ਹੋਂ ਦੇ ਖਿੜੇ ਪੀਲੇ ਫੁੱਲ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਹਨ, ਉਸੇ ਤਰ੍ਹਾਂ ਉਹ ਵੀ ਖਿੜੇ-ਖਿੜੇ ਮਹਿਸੂਸ ਕਰਦੇ ਹਨ। ਧਰਤੀ ''ਤੇ ਹਰ ਪਾਸੇ ਸੁੱਕੀ ਪਈ ਬਨਸਪਤੀ ਉਸ ਵਿਚ ਪੈਦਾ ਹੋਈ ਹਰਿਆਲੀ ਸਦਕਾ ਟਹਿਕ ਉੱਠਦੀ ਹੈ।
ਬਸੰਤ ਰੁੱਤ ਦਾ ਅਸਲੀ ਮਹੀਨਾ ਭਾਵੇਂ ਕਿ ਚੇਤ ਤੇ ਵਿਸਾਖ ਮੰਨਿਆ ਗਿਆ ਹੈ ਕਿਉਂਕਿ ਛੇ ਰੁੱਤਾਂ ਸਾਲ ਵਿਚ ਆਉਣ ਸਦਕਾ ਇਸ ਦੇ ਹਿੱਸੇ ਵੀ ਦੋ ਮਹੀਨੇ ਹੀ ਆਉਂਦੇ ਹਨ ਅਤੇ ਚੇਤ ਮਹੀਨੇ ਵਿਚ ਹੀ ਇਸ ਰੁੱਤ ਦਾ ਅਸਲੀ ਆਗਮਨ ਹੁੰਦਾ ਹੈ। ਇਸ ਰੁੱਤ ਦਾ ਪ੍ਰਭਾਵ ਫੱਗਣ ਮਹੀਨੇ ਵਿਚ ਹੀ ਦਿਖਾਈ ਦੇਣ ਲੱਗਦਾ ਹੈ। ਇਸ ਲਈ ਇਸ ਦਾ ਆਨੰਦ 3 ਮਹੀਨੇ ਫੱਗਣ ਤੋਂ ਵਿਸਾਖ ਤਕ ਮਿਲਦਾ ਹੈ ਪਰ ਇਸ ਰੁੱਤ ਬਸੰਤ ਦੀ ਆਮਦ ਦੀ ਖੁਸ਼ੀ ਦਾ ਤਿਓਹਾਰ ਬਸੰਤ ਪੰਚਮੀ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਬਸੰਤ ਪੰਚਮੀ ਕਿਹਾ ਜਾਂਦਾ ਹੈ। ਇਸ ਰੁੱਤ ਦੇ ਦੋ ਮਹੀਨੇ ਦੇ ਹੋਣ ਤੋਂ ਪਹਿਲਾਂ ਹੀ 40 ਦਿਨ ਮਾਘ ਵਿਚ ਸ਼ੁਰੂ ਹੋਣ ਸੰਬੰਧੀ ਇਕ ਬੜੀ ਰੌਚਕ ਤੇ ਪੌਰਾਣਿਕ ਜਾਣਕਾਰੀ ਮਿਲਦੀ ਹੈ, ਜਿਸ ਅਨੁਸਾਰ ਕਿਹਾ ਜਾਂਦਾ ਹੈ ਕਿ ਇਕ ਸਮੇਂ ਬਸੰਤ ਤੋਂ ਇਲਾਵਾ ਬਾਕੀ ਦੀਆਂ ਪੰਜ ਰੁੱਤਾਂ ਨੇ ਇਕੱਠੇ ਹੋ ਕੇ ਬਸੰਤ ਨੂੰ ਆਪਣਾ ਰਾਜਾ ਮੰਨਿਆ ਅਤੇ ਆਪਣੇ ਦੋ-ਦੋ ਮਹੀਨਿਆਂ ਵਿਚੋਂ 8-8 ਦਿਨ ਬਸੰਤ ਨੂੰ ਦਿੱਤੇ, ਜਿਸ ਸਦਕਾ ਬਸੰਤ ਰੁੱਤ ਕੋਲ 40 ਦਿਨ ਵਧ ਜਾਣ ਕਾਰਨ ਬਸੰਤ ਰੁੱਤ ਸਭ ਤੋਂ ਵੱਡੀ ਹੋ ਗਈ ਅਤੇ ਇਸ ਦੀ ਆਮਦ ਚੇਤ ਤੋਂ 40 ਦਿਨ ਪਹਿਲਾਂ ਮਾਘ ਸੁਦੀ ਪੰਚਮੀ ਤੋਂ ਬਸੰਤ ਪੰਚਮੀ ਮਨਾ ਕੇ ਸ਼ੁਰੂ ਕੀਤੀ ਜਾਣ ਲੱਗੀ। ਇਸ ਤਰ੍ਹਾਂ ਇਸ ਦਿਨ ਦਾ ਨਾਂ ਬਸੰਤ ਪੰਚਮੀ ਪਿਆ। ਕਲਾ ਤੇ ਵਿੱਦਿਆ ਦੀ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਬਸੰਤ ਪੰਚਮੀ ਨੂੰ ਹੀ ਮਨਾਇਆ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਸ਼੍ਰੀ ਬ੍ਰਹਮਾ ਜੀ ਜਦੋਂ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਬਾਅਦ ਆਪਣੀ ਇਸ ਰਚਨਾ ਨੂੰ ਦੇਖਣ ਨਿਕਲੇ ਤਾਂ ਉਨ੍ਹਾਂ ਨੇ ਚਾਰੇ ਪਾਸੇ ਸੁੰਨਸਾਨ ਦੇਖੀ। ਉਨ੍ਹਾਂ ਵੱਲੋਂ ਪੈਦਾ ਕੀਤੇ ਸਭ ਜੀਵ-ਜੰਤੂ ਚੁੱਪ ਅਤੇ ਉਦਾਸ ਸਨ।
ਸ਼੍ਰੀ ਬ੍ਰਹਮਾ ਜੀ ਇਹ ਦੇਖ ਕੇ ਸੋਚ ਵਿਚ ਪੈ ਗਏ ਅਤੇ ਆਪਣੇ ਕਰਮੰਡਲ ਵਿਚੋਂ ਜਲ ਲੈ ਕੇ ਕਮਲ ਦੇ ਫੁੱਲ ''ਤੇ ਛਿੜਕਿਆ, ਜਿਸ ਤੋਂ ਕਮਲ ਦੇ ਫੁੱਲ ਵਿਚੋਂ ਇਕ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਦੋ ਹੱਥਾਂ ਨਾਲ ਵੀਣਾ ਵਜਾ ਰਹੀ ਸੀ। ਇਕ ਹੱਥ ਵਿਚ ਮਾਲਾ ਅਤੇ ਇਕ ਹੱਥ ਵਿਚ ਪੁਸਤਕ ਸੀ। ਸ਼੍ਰੀ ਬ੍ਰਹਮਾ ਜੀ ਨੇ ਇਸ ਦੇਵੀ ਨੂੰ ਕਿਹਾ ਕਿ ਆਪਣੀ ਵੀਣਾ ਨਾਲ ਇਸ ਸੰਸਾਰ ਦਾ ਸੰਨਾਟਾ ਦੂਰ ਕਰੇ। ਇਸ ''ਤੇ ਇਸ ਦੇਵੀ ਨੇ ਵੀਣਾ ਵਜਾ ਕੇ ਸਭ ਜੀਵਾਂ ਨੂੰ ਵਾਣੀ ਪ੍ਰਦਾਨ ਕੀਤੀ। ਇਸ ਦੇਵੀ ਦੇ ਹੱਥ ਵਿਚ ਵੀਣਾ ਹੋਣ ਕਾਰਨ ਇਸ ਨੂੰ ਵੀਣਾ ਵਾਦਿਨੀ ਜਾਂ ਵੀਣਾ ਧਾਰਨੀ ਵੀ ਕਹਿੰਦੇ ਹਨ। ਬਸੰਤ ਪੰਚਮੀ ਦੇ ਦਿਨ ਨੂੰ ਸਰਸਵਤੀ ਦਿਵਸ ਦੇ ਰੂਪ ਵਿਚ ਵੀ ਮਨਾਇਆ ਜਾਂਦਾ ਹੈ।
ਇਸ ਦਿਨ ਬਸੰਤ ਪੰਚਮੀ ਨੂੰ ਮੌਸਮੀ ਤਿਓਹਾਰ ਦੇ ਰੂਪ ਵਿਚ ਵਧੇਰੇ ਮਨਾਇਆ ਜਾਂਦਾ ਹੈ, ਜਿਸ ਦਾ ਪੀਲੇ ਰੰਗ ਨਾਲ ਵਿਸ਼ੇਸ਼ ਲਗਾਅ ਹੈ। ਇਸ ਦਿਨ ਵਧੇਰੇ ਲੋਕਾਂ ਵੱਲੋਂ ਪੀਲੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਘਰ ਵਿਚ ਕਈ ਪਕਵਾਨ ਵੀ ਪੀਲੇ ਰੰਗ ਦੇ ਬਣਾਏ ਜਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਵੀ ਰਿਵਾਜ ਹੈ। ਹਰ ਥਾਂ ''ਤੇ ਭਾਰੀ ਗਿਣਤੀ ਵਿਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਹਨ ਤੇ ਵੱਡੀਆਂ-ਵੱਡੀਆਂ ਸ਼ਰਤਾਂ ਵੀ ਲਗਾਉਂਦੇ ਹਨ।
ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਵਧੇਰੇ ਰਿਵਾਜ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ''ਚ ਹੈ। ਰਾਜਸਥਾਨ ''ਚ ਔਰਤਾਂ ਪੀਲੀਆਂ ਸਾੜ੍ਹੀਆਂ, ਲਹਿੰਗੇ ਆਦਿ ਪਾਉਂਦੀਆਂ ਹਨ। ਪੱਛਮੀ ਬੰਗਾਲ ਵਿਚ ਵੀ ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਕਾਫੀ ਰਿਵਾਜ ਹੈ ਅਤੇ ਇਥੇ ਇਹ ਦਿਨ ਬੜੇ ਉਤਸ਼ਾਹ ਨਾਲ ਸਰਸਵਤੀ ਪੂਜਾ ਨਾਲ ਮਨਾਇਆ ਜਾਂਦਾ ਹੈ। ਪੂਰਬੀ ਉੱਤਰ ਪ੍ਰਦੇਸ਼ ਵਿਚ ਬਸੰਤ ਪੰਚਮੀ ਨੂੰ ਹੋਲੀ ਗਾਉਂਦੇ ਹਨ ਤੇ ਫਾਗ ਮਨਾਉਂਦੇ ਹਨ ਅਤੇ ਇਹ ਸਿਲਸਿਲਾ ਫੱਗਣ ਦੀ ਪੂਰਨਮਾਸ਼ੀ (ਹੋਲੀ) ਤਕ ਚੱਲਦਾ ਰਹਿੰਦਾ ਹੈ। ਇਸ ਮੌਸਮ ਬਸੰਤ ਰੁੱਤ ਨੂੰ ਕਵਿਤਾ ਖੇਤਰ ਵਿਚ ਵੀ ਪੂਰਨ ਤੌਰ ''ਤੇ ਮਾਨਤਾ ਪ੍ਰਾਪਤ ਹੈ। ਸ਼ਾਇਦ ਹੀ ਕੋਈ ਕਵੀ ਅਜਿਹਾ ਹੋਵੇ, ਜਿਸ ਨੇ ਆਪਣੀ ਕਵਿਤਾ ਵਿਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਨ ਕਰਨ ਵਾਲੇ ਕਵੀਆਂ ਵਿਚ ਆਦਿ ਕਵੀ ਵਾਲਮੀਕਿ ਅਤੇ ਮਹਾਕਵੀ ਕਾਲੀਦਾਸ ਨੇ ਤਾਂ ਬਸੰਤੀ ਸੰਜੋਗ ਵਿਯੋਗ ਦਾ ਚਿੱਤਰਣ ਬੜੇ ਹੀ ਨੇੜਿਓਂ ਛੋਂਹਦੇ ਹੋਏ ਕੀਤਾ ਹੈ ਅਤੇ ਇਸ ਦਾ ਗੁਣਗਾਨ ਕਰਨ ਵਾਲਿਆਂ ਵਿਚ ਵਿਦਿਆਪਤੀ, ਨੰਦ ਦਾਸ, ਚੰਦਰਵਰਦਾਈ, ਪਦਮਾਕਰ, ਅਬੂਦਰ ਰਹਿਮਾਨ, ਸੈਨਾਪਤੀ, ਹਰੀਸ਼ ਚੰਦਰ, ਬਿਹਾਰੀ ਆਦਿ ਦੇ ਨਾਂ ਪ੍ਰਮੁੱਖ ਹਨ।
ਭਾਵੇਂ ਕਿ ਇਸ ਵੇਲੇ ਬਸੰਤ ਪੰਚਮੀ ਵਾਲੇ ਦਿਨ ਉਹ ਪਹਿਲਾਂ ਵਾਲਾ ਨਜ਼ਾਰਾ ਤਾਂ ਨਹੀਂ ਰਿਹਾ ਜਿਵੇਂ ਕਿ ਆਧੁਨਿਕਤਾ ਦੇ ਦੌਰ ਵਿਚ ਪੁਰਾਣੇ ਰੰਗ-ਢੰਗ ਸਭ ਬਦਲਦੇ ਜਾ ਰਹੇ ਹਨ ਪਰ ਫਿਰ ਵੀ ਬਸੰਤ ਪੰਚਮੀ ਵਾਲੇ ਦਿਨ ਅਨੇਕਾਂ ਥਾਵਾਂ ''ਤੇ ਬਸੰਤ ਮੇਲੇ ਵੀ ਜੁੜਦੇ ਹਨ। ਪੰਜਾਬ ਵਿਚ ਇਸ ਦਿਨ ਨਾਲ ਸੰਬੰਧਿਤ ਇਕ ਮੇਲਾ ਇਸ ਦਿਨ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਲੱਗਦਾ ਹੈ, ਜਿਹੜਾ ਕਿ ਇਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ ਅਤੇ ਇਥੇ ਬਣੇ ਸਰੋਵਰ ਵਿਚ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੇ ਹਨ।
—ਸੱਤ ਪ੍ਰਕਾਸ਼ ਸਿੰਗਲਾ, ਬਰੇਟਾ