...ਅਤੇ ਸੰਤ ਦਾ ਹੌਸਲਾ ਦੇਖ ਕੇ ਉਹ ਸ਼ਰਮਿੰਦਾ ਹੋ ਗਿਆ

5/25/2017 10:23:53 AM

ਉੱਤਰ-ਭਾਰਤ ਵਿਚ ਜੋ ਸਥਾਨ ਸੰਤ ਕਬੀਰ ਦਾ ਹੈ, ਦੱਖਣ 'ਚ ਉਹੀ ਸਥਾਨ ਸੰਤ ਤਿਰੂਵਲੁੱਵਰ ਦਾ ਹੈ। ਉਹ ਵੀ ਕਬੀਰ ਦੀ ਤਰ੍ਹਾਂ ਹੀ ਕੱਪੜਾ ਬੁਣਦੇ ਅਤੇ ਕਰਮ-ਕਾਂਡ ਤੇ ਪਖੰਡਾਂ ਦਾ ਵਿਰੋਧ ਕਰਦੇ ਸਨ। ਇਕ ਵਾਰ ਉਨ੍ਹਾਂ ਨੇ ਇਕ ਸਾੜ੍ਹੀ ਬੁਣੀ ਅਤੇ ਉਸ ਨੂੰ ਵੇਚਣ ਲਈ ਬਾਜ਼ਾਰ 'ਚ ਜਾ ਕੇ ਬੈਠ ਗਏ। ਇਕ ਵਿਅਕਤੀ ਆਇਆ ਅਤੇ ਤਿਰੂਵਲੁੱਵਰ ਤੋਂ ਸਾੜ੍ਹੀ ਦਾ ਮੁੱਲ ਪੁੱਛਿਆ। ਸੰਤ ਨੇ ਸਾੜ੍ਹੀ ਦਾ ਮੁੱਲ 2 ਰੁਪਏ ਦੱਸਿਆ। ਸਾੜ੍ਹੀ ਖਰੀਦਣ ਆਏ ਉਸ ਵਿਅਕਤੀ ਨੇ ਸਾੜ੍ਹੀ ਦੇ 2 ਟੁਕੜੇ ਕਰ ਦਿੱਤੇ ਅਤੇ ਸੰਤ ਤੋਂ ਪੁੱਛਿਆ ਕਿ ਹੁਣ ਇਨ੍ਹਾਂ ਟੁਕੜਿਆਂ ਦਾ ਮੁੱਲ ਕਿੰਨਾ ਹੋਇਆ। ਸੰਤ ਤਿਰੂਵਲੁੱਵਰ ਨੇ ਕਿਹਾ ਕਿ ਇਕ-ਇਕ ਰੁਪਿਆ। ਹੁਣ ਉਸ ਵਿਅਕਤੀ ਨੇ ਉਨ੍ਹਾਂ ਦੋਹਾਂ ਟੁਕੜਿਆਂ ਦੇ ਦੋ-ਦੋ ਟੁਕੜੇ ਕਰ ਦਿੱਤੇ ਅਤੇ ਪੁੱਛਿਆ ਕਿ ਹੁਣ ਇਹ ਟੁਕੜੇ ਕਿੰਨੇ ਦੇ ਹਨ। ਸੰਤ ਤਿਰੂਵਲੁੱਵਰ ਨੇ ਬਿਨਾਂ ਗੁੱਸੇ ਹੋਏ ਕਿਹਾ ਕਿ 8-8 ਆਨੇ ਦੇ। ਇਸ ਤੋਂ ਬਾਅਦ ਉਸ ਵਿਅਕਤੀ ਨੇ ਉਨ੍ਹਾਂ ਚਾਰਾਂ ਟੁਕੜਿਆਂ ਦੇ 2-2 ਟੁਕੜੇ ਕਰ ਦਿੱਤੇ ਅਤੇ ਫਿਰ ਉਹੀ ਪ੍ਰਸ਼ਨ ਪੁੱਛਿਆ। ਸੰਤ ਤਿਰੂਵਲੁੱਵਰ ਨੇ ਕਿਹਾ ਕਿ 4-4 ਆਨੇ ਦੇ। ਇਸ ਤਰ੍ਹਾਂ ਇਹ ਵਿਅਕਤੀ ਤਿਰੂਵਲੁੱਵਰ ਦੀ ਬੁਣੀ ਸਾੜ੍ਹੀ ਦੇ ਟੁਕੜੇ 'ਤੇ ਟੁਕੜੇ ਕਰਦਾ ਗਿਆ ਅਤੇ ਮੁੱਲ ਪੁੱਛਦਾ ਗਿਆ। ਸੰਤ ਤਿਰੂਵਲੁੱਵਰ ਬਿਨਾਂ ਨਾਰਾਜ਼ ਹੋਏ ਮੁੱਲ ਦੱਸਦੇ ਰਹੇ। ਜਦੋਂ ਸਾੜ੍ਹੀ ਤਾਰ-ਤਾਰ ਹੋ ਗਈ ਤਾਂ ਉਸ ਵਿਅਕਤੀ ਨੇ ਕਿਹਾ ਕਿ ਹੁਣ ਤਾਂ ਇਸ ਦੀ ਕੋਈ ਕੀਮਤ ਹੀ ਨਹੀਂ ਰਹਿ ਗਈ, ਫਿਰ ਵੀ ਮੈਂ ਤੁਹਾਨੂੰ 2 ਰੁਪਏ ਦੇ ਦਿੰਦਾ ਹਾਂ। ਸੰਤ ਤਿਰੂਵਲੁੱਵਰ ਨੇ ਕਿਹਾ ਕਿ ਜਦੋਂ ਤੁਸੀਂ ਸਾੜ੍ਹੀ ਲਈ ਹੀ ਨਹੀਂ ਤਾਂ ਕੀਮਤ ਕਿਸ ਗੱਲ ਦੀ? ਸੰਤ ਦਾ ਹੌਸਲਾ ਦੇਖ ਕੇ ਉਹ ਬਹੁਤ ਸ਼ਰਮਿੰਦਾ ਹੋਇਆ ਅਤੇ ਮੁਆਫੀ ਮੰਗਣ ਲੱਗਾ। ਸੰਤ ਸ਼ਾਂਤ ਭਾਵ ਨਾਲ ਬੋਲੇ, ''ਤੁਸੀਂ ਮੇਰੇ ਅਪਰਾਧੀ ਨਹੀਂ ਹੋ, ਇਸ ਲਈ ਮੁਆਫੀ ਦੇਣ ਦਾ ਅਧਿਕਾਰ ਵੀ ਮੇਰਾ ਨਹੀਂ ਹੈ। ਇਸ ਸਾੜ੍ਹੀ ਵਿਚ ਕਈਆਂ ਦੀ ਮਿਹਨਤ ਸੀ, ਜਿਸ ਨੂੰ ਤੁਸੀਂ ਤਾਰ-ਤਾਰ ਕਰ ਕੇ ਬੇਕਾਰ ਕਰ ਦਿੱਤਾ। ਉਹ ਇਥੇ ਨਹੀਂ ਹਨ ਤੇ ਤੁਸੀਂ ਉਨ੍ਹਾਂ ਸਭ ਕੋਲ ਮੁਆਫੀ ਮੰਗਣ ਨਹੀਂ ਪਹੁੰਚ ਸਕਦੇ, ਜੇ ਤੁਸੀਂ ਪਛਤਾਵਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਮਨ ਨਾਲ ਕੋਈ ਅਜਿਹਾ ਕੰਮ ਕਰੋ, ਜਿਸ ਨਾਲ ਬਹੁਤ ਸਾਰੇ ਅਣਜਾਣ ਲੋਕਾਂ ਦਾ ਭਲਾ ਹੋਵੇ।''