ਕਲਾਕਾਰ ਦਾ ਹੰਕਾਰ

7/9/2017 12:31:52 PM

ਇਕ ਪ੍ਰਸਿੱਧ ਚਿੱਤਰਕਾਰ ਨੇ ਆਪਣੇ ਪੁੱਤਰ ਨੂੰ ਵੀ ਚਿੱਤਰਕਲਾ ਸਿਖਾਈ। ਪੁੱਤਰ ਇਸ ਕਲਾ ਵਿਚ ਜਲਦੀ ਹੀ ਮਾਹਿਰ ਹੋ ਗਿਆ ਕਿਉਂਕਿ ਉਹ ਵੀ ਆਪਣੇ ਪਿਤਾ ਵਾਂਗ ਮਿਹਨਤੀ ਤੇ ਕਲਪਨਾਸ਼ੀਲ ਸੀ। ਜਲਦੀ ਹੀ ਉਹ ਸੁੰਦਰ ਤਸਵੀਰਾਂ ਬਣਾਉਣ ਲੱਗਾ। ਫਿਰ ਵੀ ਚਿੱਤਰਕਾਰ ਪਿਤਾ ਆਪਣੇ ਪੁੱਤਰ ਵਲੋਂ ਬਣਾਈਆਂ ਗਈਆਂ ਤਸਵੀਰਾਂ ਵਿਚ ਕੋਈ ਨਾ ਕੋਈ ਖਾਮੀ ਜ਼ਰੂਰ ਕੱਢ ਦਿੰਦਾ ਸੀ। ਉਹ ਕਦੇ ਵੀ ਖੁੱਲ੍ਹੇ ਦਿਲ ਨਾਲ ਪੁੱਤਰ ਦੀ ਪ੍ਰਸ਼ੰਸਾ ਨਹੀਂ ਕਰਦਾ ਸੀ, ਸਗੋਂ ਕਈ ਵਾਰ ਤਾਂ ਝਿੜਕ ਵੀ ਦਿੰਦਾ ਸੀ ਪਰ ਦੂਜੇ ਲੋਕ ਚਿੱਤਰਕਾਰ ਦੇ ਬੇਟੇ ਦੀਆਂ ਤਸਵੀਰਾਂ ਦੀ ਖੂਬ ਪ੍ਰਸ਼ੰਸਾ ਕਰਦੇ ਸਨ। ਉਸ ਵਲੋਂ ਬਣਾਈਆਂ ਗਈਆਂ ਤਸਵੀਰਾਂ ਦੀ ਮੰਗ ਵਧਣ ਲੱਗੀ। ਫਿਰ ਵੀ ਪਿਤਾ ਦੇ ਵਤੀਰੇ ਵਿਚ ਕੋਈ ਤਬਦੀਲੀ ਨਾ ਆਈ।
ਇਕ ਦਿਨ ਪੁੱਤਰ ਨੇ ਇਕ ਸੁੰਦਰ ਤਸਵੀਰ ਬਣਾਈ ਅਤੇ ਆਪਣੇ ਇਕ ਦੋਸਤ ਰਾਹੀਂ ਆਪਣੇ ਪਿਤਾ ਕੋਲ ਭਿਜਵਾਈ। ਪਿਤਾ ਨੇ ਸੋਚਿਆ ਕਿ ਇਹ ਤਸਵੀਰ ਉਸੇ ਦੋਸਤ ਨੇ ਬਣਾਈ ਹੈ। ਉਸ ਨੇ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ।
ਉਸੇ ਵੇਲੇ ਉਥੇ ਕੋਨੇ ਵਿਚ ਲੁਕ ਕੇ ਬੈਠਾ ਪੁੱਤਰ ਬਾਹਰ ਨਿਕਲ ਆਇਆ ਅਤੇ ਬੋਲਿਆ,''ਪਿਤਾ ਜੀ, ਅਸਲ ਵਿਚ ਇਹ ਤਸਵੀਰ ਮੈਂ ਬਣਾਈ ਹੈ। ਆਖਰ ਮੈਂ ਉਸੇ ਤਰ੍ਹਾਂ ਦੀ ਤਸਵੀਰ ਬਣਾ ਹੀ ਦਿੱਤੀ ਜਿਸ ਵਿਚ ਤੁਸੀਂ ਕੋਈ ਨੁਕਸ ਨਹੀਂ ਕੱਢ ਸਕੇ।''
ਚਿੱਤਰਕਾਰ ਪਿਤਾ ਨੇ ਕਿਹਾ,''ਬੇਟਾ, ਇਕ ਗੱਲ ਗੰਢ ਬੰਨ੍ਹ ਲੈ। ਹੰਕਾਰ ਤਰੱਕੀ ਦੇ ਸਾਰੇ ਰਸਤੇ ਬੰਦ ਕਰ ਦਿੰਦਾ ਹੈ। ਅੱਜ ਤਕ ਮੈਂ ਤੇਰੀ ਪ੍ਰਸ਼ੰਸਾ ਨਹੀਂ ਕੀਤੀ, ਹਮੇਸ਼ਾ ਤੇਰੀਆਂ ਤਸਵੀਰਾਂ ਵਿਚ ਨਕਸ ਕੱਢਦਾ ਰਿਹਾ। ਇਸ ਲਈ ਤੂੰ ਅੱਜ ਤਕ ਚੰਗੀਆਂ ਤਸਵੀਰਾਂ ਬਣਾਉਂਦਾ ਰਿਹਾ। ਜੇ ਮੈਂ ਕਹਿ ਦਿੰਦਾ ਕਿ ਤੂੰ ਬਹੁਤ ਚੰਗੀ ਤਸਵੀਰ ਬਣਾਈ ਹੈ ਤਾਂ ਸ਼ਾਇਦ ਤੂੰ ਤਸਵੀਰਾਂ ਬਣਾਉਣ ਪ੍ਰਤੀ ਓਨਾ ਜਾਗਰੂਕ ਨਾ ਰਹਿੰਦਾ। ਤੈਨੂੰ ਲਗਦਾ ਹੈ ਕਿ ਤੂੰ ਪੂਰਨਤਾ ਨੂੰ ਹਾਸਿਲ ਕਰ ਚੁੱਕਾ ਏਂ, ਜਦੋਂਕਿ ਕਲਾ ਦੇ ਖੇਤਰ ਵਿਚ ਪੂਰਨਤਾ ਦੀ ਕੋਈ ਹੱਦ ਨਹੀਂ ਹੁੰਦੀ। ਮੈਂ ਤਾਂ ਇਸ ਉਮਰ ਵਿਚ ਵੀ ਖੁਦ ਨੂੰ ਪੂਰਨ ਨਹੀਂ ਮੰਨਦਾ। ਤੇਰੇ ਅੱਜ ਦੇ ਵਤੀਰੇ ਨਾਲ ਤੇਰਾ ਹੀ ਨੁਕਸਾਨ ਹੋਵੇਗਾ, ਇਸ ਲਈ ਭਵਿੱਖ ਵਿਚ ਸਾਵਧਾਨ ਰਹੀਂ।''
ਇਹ ਸੁਣ ਕੇ ਪੁੱਤਰ ਸ਼ਰਮਿੰਦਾ ਹੋ ਗਿਆ। ਉਸ ਨੇ ਪਿਤਾ ਦੇ ਚਰਨਾਂ ਵਿਚ ਡਿਗ ਕੇ ਮੁਆਫੀ ਮੰਗੀ।