ਅਰਦਾਸ

7/25/2016 6:33:29 AM

ਅਕਾਲ ਪੁਰਖ ਜਾਂ ਕਰਤੇ ਦੇ ਧੰਨਵਾਦ ਵਿਚ ਸੰਤੁਸ਼ਟ ਅਵਸਥਾ ਵਿਚ ਸਮਰਪਿਤ ਹੁੰਦੇ ਰਹਿਣਾ ਹੀ ਅਰਦਾਸ ਜਾਂ ਸਿਮਰਨ ਹੈ। ਪੂਰਨ ਸਮਰਪਣ ਭਾਵ ਗਹਿਰਾ ਸਿਮਰਨ ਜਾਂ ਰੋਮ-ਰੋਮ ''ਚੋਂ ਅਰਦਾਸ ਦਾ ਹੋਣਾ। ਸਾਡੇ ਪੈਦਾ ਹੋਏ ਵਿਚਾਰਾਂ ਅਨੁਸਾਰ ਸਾਡੇ ਸਰੀਰ ਦੇ ਹਾਰਮੋਨਜ਼ ਰਸਾਇਣਕ ਤੱਤ ਬਣਾਉਂਦੇ ਹਨ। ਨੇਕ ਵਿਚਾਰ, ਜਿਨ੍ਹਾਂ ਨੂੰ ਅਸੀਂ ਸਾਕਾਰਾਤਮਕ ਵਿਚਾਰ ਕਹਿੰਦੇ ਹਾਂ, ਨਾਲ ਪੈਦਾ ਹੋਏ ਰਸਾਇਣਕ ਤੱਤ ਸਾਡੇ ਲਈ ਸ਼ਾਂਤ ਅਤੇ ਆਨੰਦਮਈ ਮਾਹੌਲ ਰਚ ਦੇਣਗੇ, ਜਦਕਿ ਨਕਾਰਾਤਮਕ ਵਿਚਾਰਾਂ ਨਾਲ ਸਾਡਾ ਮਨ ਦੁਖੀ ਅਤੇ ਬੇਚੈਨ ਹੋਵੇਗਾ।
ਜਿਉਂ ਹੀ ਵਿਚਾਰ ਉਤਪੰਨ ਹੁੰਦੇ ਹਨ—ਭਾਵੇਂ ਸਾਕਾਰਾਤਮਕ ਹੋਣ ਜਾਂ ਨਕਾਰਾਤਮਕ ਹੋਣ, ਇਕ ਛਿਣ ਦੀ ਦੇਰੀ ਤੋਂ ਪਹਿਲਾਂ ਹਾਰਮੋਨਜ਼ ਨੇ ਰਸਾਇਣਕ ਤੱਤ ਬਣਾਉਣੇ ਸ਼ੁਰੂ ਕਰ ਦੇਣੇ ਹਨ। ਇਹ ਕੁਦਰਤ ਦਾ ਸਿਸਟਮ ਹੈ ਅਤੇ ਇਹ ਸਿਸਟਮ ਹਰ ਇਕ ''ਤੇ ਲਾਗੂ ਹੈ, ਕਿਸੇ ਨੂੰ ਕੋਈ ਛੋਟ ਨਹੀਂ ਹੈ। ''''ਬਿਨ ਬੋਲਿਆ ਸਭ ਕਿਛ ਜਾਣਦਾ'' ਅਰਦਾਸ ਜਾਂ ਸਿਮਰਨ ਜ਼ਰੂਰੀ ਨਹੀਂ ਬੋਲ ਕੇ ਹੀ ਕਰਨਾ ਹੈ।
ਜੀਵਨ ਵਿਚ ਸੰਤੁਸ਼ਟਤਾ ਦਾ ਹੋਣਾ ਅਤੇ ਸਮਰਪਿਤ ਵਿਚਾਰਾਂ ਨਾਲ ਕਰਤੇ ਪ੍ਰਤੀ ਧੰਨਵਾਦੀ ਹੁੰਦੇ ਰਹਿਣਾ ਅਰਦਾਸ ਹੀ ਹੈ। ਬੋਲ ਕੇ ਕੀਤੀ ਹੋਈ ਅਰਦਾਸ ਵੀ ਕਈ ਵਾਰ ਅਰਦਾਸ ਨਹੀਂ ਹੁੰਦੀ ਕਿਉਂਕਿ ਵਿਚਾਰਾਂ ਵਿਚ ਕਰਤੇ ਪ੍ਰਤੀ ਧੰਨਵਾਦ ਤਾਂ ਜਾਗਿਆ ਹੀ ਨਹੀਂ। ਅਰਦਾਸ ਕਰਨੀ ਨਹੀਂ ਪੈਂਦੀ, ਇਹ ਤਾਂ ਕਰਤੇ ਪ੍ਰਤੀ ਧੰਨਵਾਦੀ ਹੋਈ ਜਾਣ ਨਾਲ ਆਪੇ ਹੀ ਹੋਈ ਜਾਂਦੀ ਹੈ। ਕੁਝ ਮੰਗਣ ਲਈ ਅਰਦਾਸ ਨਹੀਂ ਕੀਤੀ ਜਾਂਦੀ। ਕਰਤਾ ਤਾਂ ਬਿਨਾਂ ਮੰਗਿਆਂ ਅਤੇ ਬਿਨਾਂ ਦੇਰੀ ਤੋਂ ਉਹ ਸਭ ਕੁਝ ਸਾਨੂੰ ਦੇਣ ਲਈ ਤਿਆਰ ਰਹਿੰਦਾ ਹੈ, ਜਿਸ ਲਈ ਅਸੀਂ ਆਪਣੇ ਆਪ ਨੂੰ ਯੋਗ ਬਣਾ ਲਈਏ।
''''ਦਾਤੇ ਦਾਤਿ ਰਖੀ ਹਥ ਆਪਣੇ ਜਿਸ ਭਾਵੈ ਤਿਸ ਦੇਹਿ'''' ਦੇ ਅਨੁਸਾਰ ਆਪਣੇ ਆਪ ਨੂੰ ਯੋਗ ਬਣਾਉਣਾ ਪਵੇਗਾ। ਕਰਤਾ ਤਾਂ ਸਾਡਾ ਵਿਵਹਾਰ ਅਤੇ ਸਾਡਾ ਸਮਰਪਣ ਦੇਖਦਾ ਹੈ। ਜਦ ਅਸੀਂ ਆਪਣੀ ਡਿਊਟੀ ਪੂਰੀ ਕਰ ਦਿੰਦੇ ਹਾਂ ਤਾਂ ਉਸੇ ਛਿਣ ਦਾਤ ਸਾਡੀ ਝੋਲੀ ਵਿਚ ਪੈ ਜਾਂਦੀ ਹੈ। ਕਰਤੇ ਨੇ ਸਿਸਟਮ ਬਣਾ ਦਿੱਤਾ ਹੈ, ਜਿਸ ਤੋਂ ਕਿਸੇ ਨੂੰ ਵੀ ਛੋਟ ਨਹੀਂ ਹੈ। ਸਾਨੂੰ ਰਸਤਾ ਚੁਣਨ ਲਈ ਖੁੱਲ੍ਹ ਦੇ ਦਿੱਤੀ ਗਈ ਹੈ।
ਫਿਰ ਵੀ ਅਸੀਂ ਫਾਇਦਾ ਉਠਾਉਣ ਤੋਂ ਉੱਕ ਜਾਂਦੇ ਹਾਂ। ਦੁਖੀ ਅਤੇ ਅਸ਼ਾਂਤ ਜੀਵਨ ਜਿਉਂਦੇ ਰਹਿੰਦੇ ਹਾਂ। ਕਾਰਨ ਬਚਪਨ ਤੋਂ ਹੀ ਅਸੀਂ ਨਕਾਰਾਤਮਕ ਵਿਚਾਰਾਂ ਨੂੰ ਪਹਿਲ ਦਿੰਦੇ ਆ ਰਹੇ ਹਾਂ, ਜਿਸ ਕਰਕੇ ਸਾਕਾਰਾਤਮਕ ਜੀਵਨ ਜਿਊਣ ਦਾ ਹੌਸਲਾ ਹੀ ਨਹੀਂ ਕਰਦੇ। ਅਸੀਂ ਆਪਣਾ ਭਲਾ ਨਕਾਰਾਤਮਕ ਜੀਵਨ ''ਚੋਂ ਹੀ ਲੱਭ ਰਹੇ ਹਾਂ। ਇਹੋ ਹੀ ਕਾਰਨ ਹੈ ਕਿ ਅਸੀਂ ਕਰਮਕਾਂਡ ਕਰਕੇ ਹੀ ਤਸੱਲੀ ਜਿਹੀ ਕਰ ਲੈਂਦੇ ਹਾਂ। ਜਿਹੜੀਆਂ ਵਸਤੂਆਂ ਦੇ ਲਾਲਚ ਲੱਗ ਕੇ ਅੱਜ ਅਸੀਂ ਪਾਠ-ਪੂਜਾ ਜਾਂ ਅਰਦਾਸ ਕਰਦੇ ਹਾਂ, ਬਹੁਤ ਸਮਾਂ ਪਹਿਲਾਂ ਤਾਂ ਉਨ੍ਹਾਂ ਵਸਤੂਆਂ ਦੀ ਸੰਸਾਰ ਵਿਚ ਹੋਂਦ ਹੀ ਨਹੀਂ ਸੀ। ਮੇਰਾ ਭਾਵ ਕੋਠੀਆਂ, ਕਾਰਾਂ ਆਦਿ ਤੋਂ ਹੈ ਤਾਂ ਲੋਕ ਉਸ ਵਕਤ ਪੂਜਾ-ਪਾਠ ਜਾਂ ਅਰਦਾਸ ਕਿਸ ਵਸਤੂ ਦੀ ਪ੍ਰਾਪਤੀ ਲਈ ਕਰਦੇ ਸਨ? ਇਸ ਤੋਂ ਇਹ ਵੀ ਅਰਥ ਨਿਕਲਦਾ ਹੈ ਕਿ ਇਨ੍ਹਾਂ ਸੰਸਾਰਕ ਵਸਤੂਆਂ ਦੀ ਪ੍ਰਾਪਤੀ ਵਿਚ ਪੂਜਾ-ਪਾਠ ਜਾਂ ਅਰਦਾਸ ਦਾ ਕੋਈ ਰੋਲ ਨਹੀਂ ਹੈ। ਸਾਡੀ ਕਰਤੇ ਪ੍ਰਤੀ ਸੰਤੁਸ਼ਟਤਾ ਅਤੇ ਸਾਡਾ ਕਰਤੇ ਪ੍ਰਤੀ ਧੰਨਵਾਦ ਦੇ ਰੂਪ ਵਿਚ ਸਮਰਪਣ ਹੋਣਾ ਹੀ ਸਾਡਾ ਨਿਸ਼ਾਨਾ ਹੈ। ਸੰਤੁਸ਼ਟ ਮਨ ਹੀ ਧੰਨਵਾਦ ਬਿਰਤੀ ਵਿਚ ਆ ਸਕਦਾ ਹੈ। ਸੰਤੁਸ਼ਟ ਮਨ ਹੀ ਈਰਖਾ ਤੋਂ ਬਚ ਸਕਦਾ ਹੈ। ਧੰਨਵਾਦੀ ਹੋਣਾ ਅਤੇ ਈਰਖਾ ਤੋਂ ਬਚਣਾ ਦੋਵੇਂ ਹੀ ਅਰਦਾਸ ਜਾਂ ਸਿਮਰਨ ਦੀਆਂ ਜ਼ਰੂਰੀ ਤੇ ਮੁੱਢਲੀਆਂ ਲੋੜਾਂ ਹਨ, ਜਿਨ੍ਹਾਂ ਦੀ ਪੂਰਤੀ ਤੋਂ ਬਿਨਾਂ ਸਾਡੀ ਅਰਦਾਸ ਜਾਂ ਸਿਮਰਨ ਕਰਮਕਾਂਡ ਬਣ ਕੇ ਹੀ ਰਹਿ ਜਾਣਗੇ।
(ਮੈਂ ਪਹਿਲਾਂ ਵੀ ਲਿਖਦਾ ਆ ਰਿਹਾ ਹਾਂ ਕਿ ਮੇਰੀ ਲੇਖਣੀ ਮੇਰੇ ਹਾਵ-ਭਾਵ ਹਨ। ਮੇਰੇ ਪਾਸ ਲੇਖਣੀ ਦੇ ਹੱਕ ਵਿਚ ਕੋਈ ਸਬੂਤ ਨਹੀਂ ਹਨ। ਮੇਰੇ ਕੋਲੋਂ ਭੁੱਲਾਂ ਦਾ ਹੋਣਾ ਸੁਭਾਵਿਕ ਹੈ ਤੇ ਮੈਂ ਸੂਝਵਾਨ ਪਾਠਕਾਂ ਤੋਂ ਭੁੱਲਾਂ ਲਈ ਮੁਆਫੀ ਮੰਗਦਾ ਹਾਂ। —ਸੁਖਦੇਵ ਸਿੰਘ, (94171-91916)