ਗੁੱਸੇ ਨਾਲ ਮਨੁੱਖ ਆਪਣਾ ਹੀ ਨੁਕਸਾਨ ਕਰਦੈ

8/28/2016 9:03:53 AM

ਚਕਰਵਰਤੀ ਸਮਰਾਟ ਹੁੰਦੇ ਹੋਏ ਵੀ ਮਹਾਰਾਜਾ ਅੰਬਰੀਸ਼ ਦੁਨਿਆਵੀ ਸੁੱਖਾਂ ਤੋਂ ਪਰ੍ਹੇ ਸਨ ਅਤੇ ਸਤੋਗੁਣ ਦੇ ਪ੍ਰਤੀਕ ਮੰਨੇ ਜਾਂਦੇ ਸਨ। ਇਕ ਦਿਨ ਉਹ ਇਕਾਦਸ਼ੀ ਵਰਤ ਖੋਲ੍ਹਣ ਵਾਲੇ ਸਨ ਕਿ ਮਹਾਰਿਸ਼ੀ ਦੁਰਵਾਸਾ ਆਪਣੇ ਚੇਲਿਆਂ ਸਮੇਤ ਉਥੇ ਪਹੁੰਚ ਗਏ। ਅੰਬਰੀਸ਼ ਨੇ ਉਨ੍ਹਾਂ ਨੂੰ ਚੇਲਿਆਂ ਸਮੇਤ ਭੋਜਨ ਗ੍ਰਹਿਣ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਦੁਰਵਾਸਾ ਨੇ ਸਵੀਕਾਰ ਕਰ ਕੇ ਕਿਹਾ,''''ਠੀਕ ਹੈ ਰਾਜਨ, ਅਸੀਂ ਸਾਰੇ ਯਮੁਨਾ ਇਸ਼ਨਾਨ ਕਰਨ ਲਈ ਜਾਂਦੇ ਹਾਂ ਅਤੇ ਉਸ ਤੋਂ ਬਾਅਦ ਪ੍ਰਸ਼ਾਦ ਗ੍ਰਹਿਣ ਕਰਾਂਗੇ।''''
ਮਹਾਰਿਸ਼ੀ ਨੂੰ ਮੁੜਨ ਵਿਚ ਦੇਰ ਹੋ ਗਈ ਅਤੇ ਅੰਬਰੀਸ਼ ਦੇ ਵਰਤ ਖੋਲ੍ਹਣ ਦੀ ਘੜੀ ਆ ਗਈ। ਰਾਜਗੁਰੂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਤੁਲਸੀ ਨਾਲ ਜਲ ਪੀ ਕੇ ਵਰਤ ਖੋਲ੍ਹ ਲਵੋ। ਇਸ ਨਾਲ ਵਰਤ ਖੋਲ੍ਹਣ ਦੀ ਵਿਧੀ ਵੀ ਪੂਰੀ ਹੋ ਜਾਵੇਗੀ ਅਤੇ ਦੁਰਵਾਸਾ ਨੂੰ ਭੋਜਨ ਕਰਵਾਉਣ ਤੋਂ ਪਹਿਲਾਂ ਵਰਤ ਖੋਲ੍ਹ ਕੇ ਤੁਸੀਂ ਪਾਪ ਕਰਨ ਤੋਂ ਵੀ ਬਚ ਜਾਓਗੇ। ਅੰਬਰੀਸ਼ ਨੇ ਜਲ ਗ੍ਰਹਿਣ ਕਰ ਲਿਆ।
ਦੁਰਵਾਸਾ ਮੁਨੀ ਮੁੜੇ ਤਾਂ ਉਨ੍ਹਾਂ ਯੋਗ ਬਲ ਨਾਲ ਰਾਜਨ ਵੱਲੋਂ ਵਰਤ ਖੋਲ੍ਹਣ ਬਾਰੇ ਜਾਣ ਲਿਆ ਅਤੇ ਇਸ ਨੂੰ ਆਪਣਾ ਅਪਮਾਨ ਸਮਝ ਕੇ ਗੁੱਸੇ ਵਿਚ ਆ ਕੇ ਆਪਣੀ ਇਕ ਜਟਾ ਨੋਚੀ ਤੇ ਅੰਬਰੀਸ਼ ''ਤੇ ਸੁੱਟ ਦਿੱਤੀ। ਜਟਾ ਕ੍ਰਿਤਯਾ ਨਾਂ ਦੀ ਰਾਖਸ਼ਸਣੀ ਬਣ ਕੇ ਰਾਜਨ ਵੱਲ ਦੌੜੀ। ਭਗਵਾਨ ਵਿਸ਼ਣੂ ਦਾ ਸੁਦਰਸ਼ਨ ਚੱਕਰ, ਜੋ ਰਾਜਾ ਅੰਬਰੀਸ਼ ਦੀ ਸੁਰੱਖਿਆ ਲਈ ਉਥੇ ਤਾਇਨਾਤ ਰਹਿੰਦਾ ਸੀ, ਦੁਰਵਾਸਾ ਨੂੰ ਮਾਰਨ ਲਈ ਉਨ੍ਹਾਂ ਪਿੱਛੇ ਦੌੜਿਆ। ਦੁਰਵਾਸਾ ਨੇ ਇੰਦਰ, ਬ੍ਰਹਮਾ ਤੇ ਸ਼ਿਵ ਦੀ ਸ਼ਰਨ ਲੈਣੀ ਚਾਹੀ ਪਰ ਸਾਰਿਆਂ ਨੇ ਅਸਮਰੱਥਾ ਜ਼ਾਹਿਰ ਕੀਤੀ।
ਬੇਵੱਸ ਹੋ ਕੇ ਦੁਰਵਾਸਾ ਵਿਸ਼ਨੂੰ ਦੀ ਸ਼ਰਨ ਵਿਚ ਗਏ, ਜਿਨ੍ਹਾਂ ਦਾ ਸੁਦਰਸ਼ਨ ਚੱਕਰ ਅਜੇ ਵੀ ਮੁਨੀ ਦਾ ਪਿੱਛਾ ਕਰ ਰਿਹਾ ਸੀ। ਭਗਵਾਨ ਵਿਸ਼ਣੂ ਨੇ ਵੀ ਇਹ ਕਹਿ ਕੇ ਅਸਮਰੱਥਾ ਜ਼ਾਹਿਰ ਕੀਤੀ ਕਿ ਮੈਂ ਤਾਂ ਖੁਦ ਭਗਤਾਂ ਦੇ ਵੱਸ ਵਿਚ ਹਾਂ। ਤੈਨੂੰ ਭਗਤ ਅੰਬਰੀਸ਼ ਦੀ ਸ਼ਰਨ ਵਿਚ ਹੀ ਜਾਣਾ ਚਾਹੀਦਾ ਹੈ, ਜਿਸ ਨੂੰ ਬੇਗੁਨਾਹ ਹੁੰਦੇ ਹੋਏ ਵੀ ਤੂੰ ਗੁੱਸੇ ਵਿਚ ਆ ਕੇ ਸਜ਼ਾ ਦਿੱਤੀ ਹੈ।
ਹਾਰ ਕੇ ਦੁਰਵਾਸਾ ਨੂੰ ਰਾਜਾ ਅੰਬਰੀਸ਼ ਦੀ ਸ਼ਰਨ ਵਿਚ ਜਾਣਾ ਪਿਆ। ਰਾਜੇ ਨੇ ਉਨ੍ਹਾਂ ਦੇ ਚਰਨ ਛੂਹੇ ਅਤੇ ਸੁਦਰਸ਼ਨ ਚੱਕਰ ਵਾਪਸ ਚਲਾ ਗਿਆ। ਕਹਿਣ ਤੋਂ ਭਾਵ ਹੈ ਕਿ ਗੁੱਸਾ ਅਜਿਹਾ ਔਗੁਣ ਹੈ, ਜਿਸ ਨੂੰ ਧਾਰਨ ਕਰਨ ਵਾਲਾ ਦੂਜਿਆਂ ਸਾਹਮਣੇ ਸਤਿਕਾਰ ਦਾ ਅਧਿਕਾਰੀ ਨਹੀਂ ਰਹਿੰਦਾ, ਇੱਥੋਂ ਤੱਕ ਕਿ ਰੱਬ ਵੀ ਉਸ ਨੂੰ ਸ਼ਰਨ ਨਹੀਂ ਦਿੰਦਾ।
ਗੀਤਾ ਵੀ ਕਹਿੰਦੀ ਹੈ—
ਗੁੱਸੇ ਨਾਲ ਮੋਹ ਪੈਦਾ ਹੁੰਦਾ ਹੈ ਅਤੇ ਮੋਹ ਨਾਲ ਯਾਦ ਸ਼ਕਤੀ ''ਤੇ ਮਾੜਾ ਅਸਰ ਪੈਂਦਾ ਹੈ। ਜਦੋਂ ਯਾਦ ਸ਼ਕਤੀ ਪ੍ਰਭਾਵਿਤ ਹੋ ਜਾਂਦੀ ਹੈ ਤਾਂ ਬੁੱਧੀ ਦਾ ਨਾਸ਼ ਹੋਣ ''ਤੇ ਮਨੁੱਖ ਆਪਣੀਆਂ ਨਜ਼ਰਾਂ ''ਚੋਂ ਡਿੱਗ ਜਾਂਦਾ ਹੈ।