ਚੰਗੇ ਵਿਚਾਰ ਜੀਵਨ ''ਚ ਵੀ ਉਤਾਰੋ

1/18/2018 9:00:31 AM

ਵਿਚਾਰਾਂ ਦੀ ਅਹਿਮੀਅਤ ਤੋਂ ਸਾਰੇ ਸਿਆਣੇ ਲੋਕ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ ਪਰ ਕੀ ਚੰਗੇ ਤੇ ਉੱਚ ਵਿਚਾਰਾਂ ਦੀ ਅਹਿਮੀਅਤ ਸੁੰਦਰ ਸ਼ਬਦਾਂ ਤਕ ਹੀ ਸਿਮਟ ਜਾਣੀ ਚਾਹੀਦੀ ਹੈ? ਕੀ ਇਨ੍ਹਾਂ ਨੂੰ ਲੋਕਾਂ 'ਤੇ ਠੋਸਿਆ ਜਾਣਾ ਚਾਹੀਦਾ ਹੈ? ਇਸ ਮਾਮਲੇ 'ਚ ਅਨੇਕਾਂ ਵਿਚਾਰਕ-ਚਿੰਤਕ ਹੋਏ ਹਨ, ਜਿਨ੍ਹਾਂ ਸਮੇਂ-ਸਮੇਂ 'ਤੇ ਮਨੁੱਖੀ ਜੀਵਨ ਦੇ ਵਿਕਾਸ ਲਈ ਕਈ ਕਲਿਆਣਕਾਰੀ ਵਿਚਾਰ ਪ੍ਰਗਟ ਕੀਤੇ ਹਨ।
ਅੱਜ ਦੁਨੀਆ 'ਚ ਇਨਸਾਨਾਂ ਨੂੰ ਕਿਸੇ ਨਵੇਂ ਮਨੁੱਖੀ, ਅਧਿਆਤਮਕ ਤੇ ਤਰੱਕੀਸ਼ੀਲ ਵਿਚਾਰ ਦੀ ਓਨੀ ਲੋੜ ਨਹੀਂ, ਜਿੰਨੀ ਇਤਿਹਾਸਕ ਵਿਚਾਰਕਾਂ ਦੇ ਵਿਚਾਰਾਂ ਨੂੰ ਆਪਣੇ ਜੀਵਨ 'ਚ ਢਾਲਣ ਦੀ ਹੈ। ਤਿਆਗ-ਤਪ ਦਾ ਜੀਵਨ ਬਿਤਾਉਂਦਿਆਂ ਜਿਸ ਤਰ੍ਹਾਂ ਦੀ ਵਿਚਾਰ ਲੜੀ ਪਹਿਲਾਂ ਦੇ ਮਹਾਤਮਾਵਾਂ ਨੇ ਪੇਸ਼ ਕੀਤੀ, ਉਸ ਦੀ ਬਰਾਬਰੀ ਅੱਜ ਦਾ ਕੋਈ ਵੀ ਵਿਚਾਰਕ ਨਹੀਂ ਕਰ ਸਕਦਾ। ਮਨੁੱਖੀ ਜਗਤ ਸਾਹਮਣੇ ਅੱਜ ਇਹ ਚੁਣੌਤੀ ਹੈ ਕਿ ਉਹ ਅਜਿਹੀ ਵਿਚਾਰ ਲੜੀ ਨੂੰ ਆਪਣੇ ਵਿਵਹਾਰਿਕ ਜੀਵਨ ਨੂੰ ਸੁਆਰਨ 'ਚ ਕਿਵੇਂ ਲਗਾਏ। ਮਹਾਨ ਵਿਚਾਰ ਜੇ ਆਮ ਵਿਅਕਤੀਆਂ ਦੇ ਜੀਵਨ ਵਿਚ ਸਥਾਈ ਤੌਰ 'ਤੇ ਆਉਣੇ ਸ਼ੁਰੂ ਹੋ ਜਾਣ ਤਾਂ ਜੀਵਨ ਜੈਵਿਕ ਵਿਸ਼ੇਸ਼ਤਾ ਨਾਲ ਭਰ ਜਾਂਦਾ ਹੈ।
ਅੱਜ ਜ਼ਿਆਦਾਤਰ ਚਿੰਤਕ, ਸਾਧੂ-ਸੰਤ, ਮਹਾਤਮਾ ਤੇ ਗੁਣੀ ਗਿਆਨੀ ਆਪਣੇ ਵਿਚਾਰਾਂ ਨਾਲ ਤਾਂ ਲੋਕਾਂ ਨੂੰ ਮੰਤਰ-ਮੁਗਧ ਕਰਦੇ ਹਨ ਪਰ ਲੋਕ ਅਜਿਹੇ ਵਿਚਾਰਕਾਂ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਥਾਈ ਤੌਰ 'ਤੇ ਆਪਣੇ ਜੀਵਨ ਵਿਚ ਉਤਾਰ ਨਹੀਂ ਸਕਦੇ। ਇਹ ਸੱਚ ਹੈ ਕਿ ਜਿਹੜੀਆਂ ਗੱਲਾਂ ਆਮ ਲੋਕ ਮਹਾਨ ਵਿਅਕਤੀਆਂ ਤੋਂ ਸਿੱਖਦੇ ਹਨ, ਉਨ੍ਹਾਂ ਨੂੰ ਉਹ ਖੁਦ ਵੀ ਕਦੇ ਨਾ ਕਦੇ ਜ਼ਰੂਰ ਮਹਿਸੂਸ ਕਰਦੇ ਹਨ। ਉਹ ਜੋ ਮਹਿਸੂਸ ਕਰਦੇ ਹਨ, ਉਹ ਸਿਰਫ ਵਿਚਾਰਾਂ ਦਾ ਬਾਹਰੀ ਆਕਰਸ਼ਣ ਹੁੰਦਾ ਹੈ। ਵਿਚਾਰ ਉਨ੍ਹਾਂ ਦੇ ਜੀਵਨ ਨੂੰ ਚਮਤਕਾਰੀ ਢੰਗ ਨਾਲ ਕਿਵੇਂ ਬਦਲਣ, ਇਸ ਤਜਰਬੇ ਵਿਚ ਉਹ ਦਿਲਚਸਪੀ ਨਹੀਂ ਲੈਂਦੇ।
ਇੰਝ ਜ਼ਿਆਦਾਤਰ ਲੋਕ ਉਪਯੋਗੀ ਵਿਚਾਰਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਸਾਨੂੰ ਚੰਗੇ ਵਿਚਾਰਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ। ਮਾੜੇ ਵਿਚਾਰਾਂ ਦੇ ਪੈਦਾ ਹੁੰਦੇ ਹੀ ਵਿਅਕਤੀ ਦੇ ਦਿਲ ਵਿਚ ਇਕ ਡਰ ਵੀ ਪੈਦਾ ਹੁੰਦਾ ਹੈ ਕਿ ਉਹ ਗਲਤ ਸੋਚ ਰਿਹਾ ਹੈ। ਜੇ ਉਹ ਆਪਣੇ ਡਰ 'ਤੇ ਸਥਿਰ ਹੋ ਕੇ ਮਾੜੇ ਵਿਚਾਰਾਂ ਨੂੰ ਛੱਡ ਦੇਵੇ ਅਤੇ ਚੰਗੇ ਵਿਚਾਰਾਂ ਵੱਲ ਮੁੜ ਜਾਵੇ ਤਾਂ ਇਹ ਸਥਿਤੀ ਵਿਚਾਰਕ ਵਿਵਹਾਰ ਨੂੰ ਦਰਸਾਏਗੀ, ਜਿਸ ਨਾਲ ਜੀਵਨ ਵਿਚ ਨਵੀਂ ਆਨੰਦ ਕਿਰਨ ਚਮਕਣ ਲੱਗੇਗੀ।