ਸਾਰੇ ਜੀਵ ਉਸ ਦੀ ਸੰਤਾਨ

9/20/2017 1:00:04 PM

ਭਾਵਨਗਰ ਵਿਚ ਇਕ ਮਹਾਨ  ਸੰਤ ਸਨ ਬਾਬਾ ਮਸਤਰਾਮ। ਉਹ ਤਿਆਗ ਅਤੇ ਤਪੱਸਿਆ ਦੀ ਪ੍ਰਤੱਖ ਮੂਰਤ ਸਨ। ਬਾਬਾ ਭਗਵਾਨ ਦੀ ਯਾਦ ਵਿਚ ਸਦਾ ਮਸਤ ਰਹਿੰਦੇ ਸਨ, ਜਿਸ ਕਾਰਨ ਉਨ੍ਹਾਂ ਦੇ ਭਗਤ ਉਨ੍ਹਾਂ ਨੂੰ ਮਸਤਰਾਮ ਕਿਹਾ ਕਰਦੇ ਸਨ। ਉਹ ਸ਼ਰਧਾਲੂਆਂ ਨੂੰ ਦੂਸਰਿਆਂ ਦੀ ਸੇਵਾ ਕਰਨ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਦੀ ਪ੍ਰੇਰਣਾ ਦਿੰਦੇ ਰਹਿੰਦੇ ਸਨ। ਉਹ ਆਪਣੇ ਚੇਲਿਆਂ ਨੂੰ ਅਕਸਰ ਦੱਸਦੇ ਸੀ ਕਿ ਪਰਉਪਕਾਰ ਅਤੇ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ। ਇਕ ਦਿਨ ਦੀ ਗੱਲ ਹੈ ਕਿ ਸਰਦੀ ਦਾ ਮੌਸਮ ਸੀ। ਭਾਰੀ ਠੰਡ ਪੈ ਰਹੀ ਸੀ। ਬਾਬਾ ਮਸਤਰਾਮ ਆਪਣੇ ਆਸ਼ਰਮ ਦੇ ਬਾਹਰ ਇਕ ਖੁੱਲ੍ਹੀ ਜਗ੍ਹਾ 'ਤੇ ਸੁੱਤੇ ਹੋਏ ਸਨ। ਉਨ੍ਹਾਂ ਦੇ ਚੇਲੇ ਆਸ-ਪਾਸ ਬੈਠੇ ਸਨ।
ਭਾਵਨਗਰ ਦਾ ਰਾਜਾ ਘੋੜਾ ਗੱਡੀ 'ਚ ਉਧਰੋਂ ਲੰਘ ਰਿਹਾ ਸੀ। ਰਾਜੇ ਦੀ ਨਜ਼ਰ ਸੁੱਤੇ ਹੋਏ ਮਸਤਰਾਮ 'ਤੇ ਪਈ। ਰਾਜੇ ਨੇ ਦੇਖਿਆ ਕਿ ਬਾਬਾ ਦੇ ਸਰੀਰ 'ਤੇ ਗਰਮ ਕੱਪੜੇ ਨਹੀਂ ਹਨ। ਇਸ ਸਰਦੀ ਵਿਚ ਬਾਬਾ ਨੂੰ ਕਿੰਨੀ ਤਕਲੀਫ ਹੋ ਰਹੀ ਹੋਵੇਗੀ, ਇਹ ਸੋਚ ਕੇ ਰਾਜੇ ਨੇ ਆਪਣੀ ਕੀਮਤੀ ਸ਼ਾਲ ਉਨ੍ਹਾਂ ਉਪਰ ਦਿੱਤੀ ਅਤੇ ਚੁੱਪਚਾਪ ਅੱਗੇ ਵਧ ਗਏ। ਕੁਝ ਦੇਰ ਬਾਅਦ ਬਾਬਾ ਦੀ ਅੱਖ ਖੁਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਰੀਰ 'ਤੇ ਇਕ ਸ਼ਾਲ  ਹੈ। ਚੇਲਿਆਂ ਨੇ ਦੱਸਿਆ ਕਿ ਰਾਜਾ ਖੁਦ ਉਨ੍ਹਾਂ ਉਪਰ ਸ਼ਾਲ  ਦੇ ਗਏ ਹਨ ਤਾਂ ਬਾਬਾ ਬੋਲੇ, ''ਸਾਧੂ ਨੂੰ ਸ਼ਾਲ ਨਾਲ ਕੀ ਕੰਮ? ਮੇਰਾ ਸਰੀਰ ਤਾਂ ਠੰਡ ਨੂੰ ਸਹਿਣ ਕਰਨ ਦਾ ਆਦੀ ਹੋ ਚੁੱਕਾ ਹੈ। ਇਹ ਸ਼ਾਲ ਕਿਸੇ ਨੂੰ ਠੰਡ ਤੋਂ ਬਚਾਉਣ ਵਿਚ ਕੰਮ ਆਉਣੀ ਚਾਹੀਦੀ ਹੈ।''
ਬਾਬਾ ਉਥੋਂ ਉਠੇ ਅਤੇ ਆਪਣੇ ਭਗਤਾਂ ਨਾਲ ਅੱਗੇ ਚਲੇ ਗਏ। ਉਹ ਅਜੇ ਕੁਝ ਹੀ ਦੂਰ ਗਏ ਸੀ ਕਿ ਉਨ੍ਹਾਂ ਨੇ ਇਕ ਕੁੱਤੇ ਨੂੰ ਠੰਡ ਨਾਲ ਕੰਬਦੇ ਦੇਖਿਆ। ਉਹ ਕੁੱਤੇ ਦੇ ਨੇੜੇ ਗਏ ਅਤੇ ਸ਼ਾਲ ਉਸ ਦੀ ਪਿੱਠ ਅਤੇ ਪੇਟ ਵਾਲੇ ਹਿੱਸੇ ਨਾਲ ਲਪੇਟ ਦਿੱਤੀ। ਇਸ ਤੋਂ ਬਾਅਦ ਉਹ ਬੇਫਿਕਰ ਹੋ ਕੇ ਅੱਗੇ ਵਧ ਗਏ। ਇਕ ਭਗਤ ਤੋਂ ਰਿਹਾ ਨਹੀਂ ਗਿਆ। ਉਸ ਨੇ ਪੁੱਛਿਆ, ''ਬਾਬਾ, ਰਾਜੇ ਦੀ ਦਿੱਤੀ ਹੋਈ ਉਹ ਕੀਮਤੀ ਸ਼ਾਲ ਤੁਸੀਂ ਕੁੱਤੇ ਉਪਰ ਪਾ ਦਿੱਤੀ।'' ਇਸ 'ਤੇ ਬਾਬਾ ਹੱਸੇ ਅਤੇ ਬੋਲੇ, ''ਉਸ ਦੀ ਨਜ਼ਰ ਵਿਚ ਕੋਈ ਅੰਤਰ ਨਹੀਂ ਹੈ। ਸਾਰੇ ਜੀਵ ਉਸ ਦੀ ਸੰਤਾਨ ਹਨ, ਇਸ ਲਈ ਦੁੱਖ ਜਿਸ ਦਾ ਦੂਰ ਕਰ ਸਕੋ, ਬੇਝਿਜਕ ਕਰੋ।''