ਕੰਮ ਪ੍ਰਤੀ ਸਮਰਪਣ ਦੀ ਭਾਵਨਾ

5/28/2016 12:31:00 PM

ਇਕ ਵਿਅਕਤੀ ਕਿਸੇ ਨਵੇਂ ਰਸਤੇ ਤੋਂ ਲੰਘ ਰਿਹਾ ਸੀ। ਉਸ ਨੇ ਦੇਖਿਆ ਕਿ ਇਕ ਜਗ੍ਹਾ ਮੰਦਰ ਬਣਾਇਆ ਜਾ ਰਿਹਾ ਹੈ ਅਤੇ ਉਥੇ ਕਈ ਮਜ਼ਦੂਰ ਕੰਮ ''ਤੇ ਲੱਗੇ ਹੋਏ ਹਨ। ਉਹ ਥੋੜ੍ਹੀ ਦੇਰ ਉਥੇ ਹੀ ਰੁਕ ਕੇ ਮੰਦਰ ਦੀ ਉਸਾਰੀ ਦਾ ਕੰਮ ਦੇਖਣ ਲੱਗਾ। ਉਸ ਨੇ ਦੇਖਿਆ ਕਿ ਇਕ ਮਜ਼ਦੂਰ ਗੁੱਸੇ ਨਾਲ ਸੜ-ਬਲ ਕੇ ਪੱਥਰਾਂ ''ਤੇ ਜ਼ੋਰ-ਜ਼ੋਰ ਨਾਲ ਵਾਰ ਕਰ ਰਿਹਾ ਹੈ। ਉਸ ਨੂੰ ਇਹ ਦੇਖ ਕੇ ਅਜੀਬ ਲੱਗਾ। ਉਸ ਨੇ ਮਜ਼ਦੂਰ ਕੋਲ ਜਾ ਕੇ ਪੁੱਛਿਆ,''''ਓ ਭਰਾ, ਇਹ ਤੂੰ ਕੀ ਕਰ ਰਿਹਾ ਏਂ।''''
ਮਜ਼ਦੂਰ ਉਸ ਦੇ ਸਵਾਲ ''ਤੇ ਖਿੱਝ ਕੇ ਬੋਲਿਆ,''''ਦਿਸਦਾ ਨਹੀਂ, ਪੱਥਰ ਤੋੜ ਰਿਹਾ ਹਾਂ। ਜਦੋਂ ਕਿਸਮਤ ਵਿਚ ਪੱਥਰ ਤੋੜਨੇ ਲਿਖਿਆ ਹੈ ਤਾਂ ਇਨਸਾਨ ਉਹੀ ਤਾਂ ਕਰੇਗਾ। ਪਤਾ ਨਹੀਂ ਮੇਰੀ ਤਕਦੀਰ ਕਦੋਂ ਬਦਲੇਗੀ।''''
ਇਹ ਕਹਿ ਕੇ ਉਹ ਫਿਰ ਉਸੇ ਭਾਵਨਾ ਨਾਲ ਪੱਥਰ ਤੋੜਨ ਵਿਚ ਲੱਗ ਗਿਆ।
ਥੋੜ੍ਹੀ ਦੂਰੀ ''ਤੇ ਇਕ ਹੋਰ ਮਜ਼ਦੂਰ ਵੀ ਇਸੇ ਕੰਮ ਵਿਚ ਲੱਗਾ ਹੋਇਆ ਸੀ। ਉਸ ਕੋਲ ਜਾ ਕੇ ਵੀ ਉਸ ਆਦਮੀ ਨੇ ਇਹੀ ਸਵਾਲ ਪੁੱਛਿਆ। ਇਸ ''ਤੇ ਉਹ ਮਜ਼ਦੂਰ ਉਦਾਸੀ ਤੇ ਨਿਰਾਸ਼ਾ ਨਾਲ ਬੋਲਿਆ,''''ਕੀ ਕਰਾਂ ਭਰਾ, ਰੋਜ਼ੀ-ਰੋਟੀ ਕਮਾਉਣ ਲਈ ਪੱਥਰ ਤੋੜਨੇ ਪੈ ਰਹੇ ਹਨ, ਸੋ ਉਹੀ ਕਰ ਰਿਹਾ ਹਾਂ।''''
ਉਸੇ ਵੇਲੇ ਉਸ ਆਦਮੀ ਦੀ ਨਜ਼ਰ ਉਥੇ ਕੰਮ ਕਰ ਰਹੇ ਇਕ ਹੋਰ ਮਜ਼ਦੂਰ ''ਤੇ ਪਈ ਜੋ ਕੁਝ ਗੁਣਗੁਣਾਉਂਦਾ ਹੋਇਆ ਖੁਸ਼ੀ-ਖੁਸ਼ੀ ਆਪਣੇ ਕੰਮ ਵਿਚ ਲੱਗਾ ਸੀ। ਉਸ ਆਦਮੀ ਨੇ ਉਸ ਕੋਲ ਜਾ ਕੇ ਪੁੱਛਿਆ,''''ਕੀ ਕਰ ਰਿਹਾ ਏਂ?''''
ਇਸ ''ਤੇ ਮਜ਼ਦੂਰ ਬੋਲਿਆ,''''ਇਥੇ ਰੱਬ ਦਾ ਮੰਦਰ ਬਣ ਰਿਹਾ ਹੈ। ਮੇਰੀ ਚੰਗੀ ਕਿਸਮਤ ਕਿ ਮੈਨੂੰ ਵੀ ਇਥੇ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਬਹਾਨੇ ਮੇਰੀ ਮਿਹਨਤ ਦੀਆਂ ਚਾਰ ਬੂੰਦਾਂ ਵੀ ਮੰਦਰ ਦੀ ਸਥਾਪਨਾ ਵਿਚ ਕੰਮ ਆ ਜਾਣਗੀਆਂ।''''
ਉਹ ਵਿਅਕਤੀ ਉਸ ਦਾ ਜਵਾਬ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਦੇਖਿਆ ਜਾਵੇ ਤਾਂ ਤਿੰਨੋਂ ਮਜ਼ਦੂਰ ਇਕੋ ਕੰਮ ਕਰ ਰਹੇ ਸਨ ਪਰ ਉਨ੍ਹਾਂ ਦਾ ਉਸ ਕੰਮ ਪ੍ਰਤੀ ਨਜ਼ਰੀਆ ਅਲੱਗ-ਅਲੱਗ ਸੀ, ਜਿਸ ਨਾਲ ਉਨ੍ਹਾਂ ਦੇ ਕੰਮ ਵਿਚ ਵੀ ਫਰਕ ਨਜ਼ਰ ਆ ਰਿਹਾ ਸੀ।
ਜ਼ਿੰਦਗੀ ਵਿਚ ਕੁਝ ਲੋਕ ਪਹਿਲੇ ਮਜ਼ਦੂਰ ਵਰਗੇ ਹੁੰਦੇ ਹਨ, ਜੋ ਮਨਚਾਹਿਆ ਕੰਮ ਨਾ ਮਿਲਣ ''ਤੇ ਮਜਬੂਰੀ ਵਿਚ ਦੂਜਾ ਕੰਮ ਨਿਰਾਸ਼ਾ ਦੀ ਭਾਵਨਾ ਨਾਲ ਕਰਦਿਆਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ।
ਕੁਝ ਦੂਜੇ ਮਜ਼ਦੂਰ ਵਰਗੇ ਹੁੰਦੇ ਹਨ, ਜੋ ਸਿਰਫ ਇਸ ਨੂੰ ਆਪਣੀ ਰੋਜ਼ੀ-ਰੋਟੀ ਨਾਲ ਜੋੜ ਕੇ ਇਕ ਮਸ਼ੀਨ ਵਾਂਗ ਕੰਮ ਕਰਦੇ ਹਨ। ਉਥੇ ਹੀ ਕੁਝ ਲੋਕ ਤੀਜੇ ਮਜ਼ਦੂਰ ਵਾਂਗ ਆਪਣੇ ਕੰਮ ਨੂੰ ਆਪਣੀ ਕਿਸਮਤ ਤੇ ਪੂਜਾ ਮੰਨ ਕੇ ਪੂਰੀ ਸਮਰਪਣ ਦੀ ਭਾਵਨਾ ਨਾਲ ਕਰਦਿਆਂ ਜ਼ਿੰਦਗੀ ਵਿਚ ਲਗਾਤਾਰ ਕਾਮਯਾਬੀ ਹਾਸਿਲ ਕਰਦੇ ਹਨ।