ਸੱਜਣ ਨੇ ਪੰਜਾਬੀਆਂ ਲਈ ਖੋਲ੍ਹੇ ਕੈਨੇਡਾ ਦੇ ਦਰਵਾਜ਼ੇ, ਚੰਡੀਗੜ੍ਹ ''ਚ ਮੁੱਖ ਦਫਤਰ ਦਾ ਕੀਤਾ ਉਦਘਾਟਨ

04/21/2017 10:34:21 AM

ਟੋਰਾਂਟੋ/ਚੰਡੀਗੜ੍ਹ—ਭਾਰਤ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ''ਚ ''ਕਾਊਂਸਲੇਟ ਜਨਰਲ ਆਫ ਕੈਨੇਡਾ'' ਦਾ ਉਦਘਾਟਨ ਕੀਤਾ। ਉਨ੍ਹਾਂ ਵੱਲੋਂ ਪੰਜਾਬੀਆਂ ਦੀ ਸਹੂਲਤ ਲਈ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਏ ''ਚ ਸਥਿਤ ਐਲਾਟੇਂ ਮਾਲ ''ਚ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ। 
ਇਸ ਦਫਤਰ ''ਚ ਵੀਜ਼ਾ ਸਹੂਲਤਾਂ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ। ਜਿਨ੍ਹਾਂ ''ਚ ਕੈਨੇਡੀਅਨਜ਼ ਦੀ ਸਹਾਇਤਾ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੰਪਨੀਆਂ ਨੂੰ ਕੈਨੇਡਾ ''ਚ ਕਾਰੋਬਾਰ ਕਰਨ ਲਈ ਮਦਦ ਅਤੇ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਇਹ ਕੈਨੇਡੀਅਨ ਕੰਪਨੀਆਂ ਨੂੰ ਭਾਰਤ ''ਚ ਸੇਵਾਵਾਂ ਦੇਣ ਲਈ ਵੀ ਮਦਦ ਕਰੇਗਾ। ਉੱਥੇ ਹੀ ਭਾਰਤ ਜਾਂ ਭੂਟਾਨ ਜਾਣ ਵਾਲੇ ਕੈਨੇਡੀਅਨਜ਼ ਨੂੰ ਵੀ ਕਈ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਗਾਈਡ ਵੀ ਕਰੇਗਾ ਅਤੇ ਇਹ ਵੀ ਦੱਸੇਗਾ ਕਿ ਵੱਖ-ਵੱਖ ਸੇਵਾਵਾਂ ਲਈ ਵੀਜ਼ਾ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਤੋਂ ਬਾਅਦ ਸੱਜਣ ਰਾਜਪਾਲ ਵੀ. ਪੀ. ਸਿੰਘ ਬਦਨੌਰ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਸੱਜਣ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ''ਚ ਮਜ਼ਬੂਤੀ ਲਿਆਉਣਾ ਹੈ। ਕੈਨੇਡਾ ਦੇ ਰੱਖਿਆ ਮੰਤਰੀ ਦੇ ਤੌਰ ''ਤੇ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।

Related News