ਕੈਨੇਡੀਅਨ ਰੱਖਿਆ ਮੰਤਰੀ ਅੱਜ ਆਉਣਗੇ ਜਲੰਧਰ, ਕਰਨਗੇ ਇਸ ਸਥਾਨ ਦਾ ਦੌਰਾ

04/20/2017 3:40:26 PM

ਜਲੰਧਰ/ਟੋਰਾਂਟੋ— ਭਾਰਤ ਦੌਰੇ ''ਤੇ ਆਏ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀਰਵਾਰ ਨੂੰ ਜਲੰਧਰ ''ਚ ਬਣੇ ਯੂਨੀਕ ਹੋਮ ''ਚ ਜਾਣਗੇ। ਯੂਨੀਕ ਹੋਮ ''ਚ ਤਕਰੀਬਨ 60 ਅਨਾਥ ਬੱਚੀਆਂ ਦਾ ਪਾਲਣ ਪੋਸ਼ਣ ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤਾ ਜਾ ਰਿਹਾ ਹੈ। ਨਕੋਦਰ ਰੋਡ ''ਤੇ ਬਣੇ ਯੂਨੀਕ ਹੋਮ ''ਚ ਸੱਜਣ ਦੁਪਹਿਰ ਤਕ ਪਹੁੰਚਣਗੇ, ਜਿਥੇ ਉਹ ਬੱਚਿਆਂ ਨਾਲ ਸਿੱਧੇ ਤੌਰ ''ਤੇ ਗੱਲਬਾਤ ਕਰਨਗੇ ਅਤੇ ਜਥੇਬੰਦੀ ਵੱਲੋਂ 24 ਸਾਲਾਂ ਤੋਂ ਚਲਾਏ ਜਾ ਰਹੇ ਯੂਨੀਕ ਹੋਮ ਬਾਰੇ ਜਾਣਕਾਰੀ ਲੈਣਗੇ।
ਜ਼ਿਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੇ ਸਾਰੇ ਇੰਤਜ਼ਾਮ ਕੀਤੇ ਗਏ ਹਨ। ਕੈਨੇਡਾ ਵੱਸਦੇ ਪ੍ਰਵਾਸੀ ਪੰਜਾਬੀ ਇਨ੍ਹਾਂ ਅਨਾਥ ਬੱਚੀਆਂ ਦੇ ਪਾਲਣ ਪੋਸ਼ਣ ਲਈ ਲੰਮੇ ਸਮੇਂ ਤੋਂ ਆਰਥਿਕ ਮਦਦ ਕਰਦੇ ਆ ਰਹੇ ਹਨ। 
ਉਨ੍ਹਾਂ ਦੇ ਕਹਿਣ ''ਤੇ ਹੀ ਹਰਜੀਤ ਸਿੰਘ ਸੱਜਣ ਨੇ ਯੂਨੀਕ ਹੋਮ ਆਉਣ ਦਾ ਪ੍ਰੋਗਰਾਮ ਬਣਾਇਆ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਦੋਆਬੇ ਦੇ ਕੀਤੇ ਜਾ ਰਹੇ ਦੌਰੇ ਦੌਰਾਨ ਹੁਸ਼ਿਆਰਪੁਰ ਤੇ ਜਲੰਧਰ ਲੋਕ ਸਭਾ ਹਲਕਿਆਂ ਤੋਂ ਮੈਂਬਰ ਪਾਰਲੀਮੈਂਟ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਹੋ ਰਹੇ। ਜਲੰਧਰ ''ਚ ਕੋਈ ਵੀ ਕਾਂਗਰਸੀ ਵਿਧਾਇਕ ਜਾਂ ਐਮ.ਪੀ. ਸੱਜਣ ਸਿੰਘ ਦੇ ਦੌਰੇ ''ਚ ਸ਼ਾਮਲ ਨਹੀਂ ਹੋ ਰਿਹਾ। ਕੈਪਟਨ ਵੱਲੋਂ ਲਏ ਗਏ ਸਟੈਂਡ ਕਾਰਨ ਹੀ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਹੋਰ ਕਾਂਗਰਸੀ ਆਗੂ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਨਹੀਂ ਹੋ ਰਹੇ।
 

Related News