ਜੀ. ਐੱਸ. ਟੀ. ਮਾਲੀਆ ਦੀ ਤਸਵੀਰ 3-4 ਮਹੀਨਿਆਂ ਬਾਅਦ ਸਪੱਸ਼ਟ ਹੋਵੇਗੀ : ਆਧਿਆ

10/19/2017 12:55:16 AM

ਨਵੀਂ ਦਿੱਲੀ (ਮੇ.)-ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਪਾਲਣਾ ਅਜੇ ਵੀ ਘੱਟ ਹੋ ਰਹੀ ਹੈ। ਇਹ ਸਵੀਕਾਰ ਕਰਦੇ ਹੋਏ ਮਾਲੀਆ ਸਕੱਤਰ ਹਸਮੁੱਖ ਆਧਿਆ ਨੇ ਕਿਹਾ ਕਿ ਨਵੇਂ ਸਿੱਧੇ ਸ਼ਾਸਨ ਤਹਿਤ ਮਾਲੀਆ ਦੀ ਸਪੱਸ਼ਟ ਤਸਵੀਰ 3-4 ਮਹੀਨਿਆਂ ਬਾਅਦ ਹੀ ਉੱਭਰ ਕੇ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਲੀਆ ਉਗਰਾਹੀ ਜੀ. ਐੱਸ. ਟੀ. ਦੇ ਰੂਪ ਵਿਚ ਹੋ ਰਹੀ ਹੈ। ਮੈਂ ਆਈ. ਜੀ.  ਐੱਸ. ਟੀ. ਦੇ ਅੰਕੜਿਆਂ ਤੋਂ ਜੀ. ਐੱਸ. ਟੀ. ਮਾਲੀਏ ਦਾ ਅੰਦਾਜ਼ਾ ਲਾਉਣ ਦੀ ਤੁੱਕ ਨਹੀਂ ਦੇਖਦਾ। ਇਸ 'ਚੋਂ ਕੇਂਦਰ ਅਤੇ ਰਾਜਾਂ ਦਾ ਮਾਲੀਆ ਵੱਖ-ਵੱਖ ਕਰਨ ਤੋਂ ਬਾਅਦ ਹੀ ਸਹੀ ਤਸਵੀਰ ਸਾਹਮਣੇ ਆਵੇਗੀ। ਉਦਯੋਗ ਬਾਡੀ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟ੍ਰੀਜ਼ (ਸੀ. ਆਈ. ਆਈ.) ਵੱਲੋਂ ਕੀਤੇ ਗਏ ਇਕ ਪ੍ਰੋਗਰਾਮ ਵਿਚ ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦੀ ਪਾਲਣਾ ਦਰ ਅਜੇ ਵੀ ਘੱਟ ਹੈ। ਜੇ ਰਿਟਰਨ ਦਾਖਲ ਕਰਨ ਵਿਚ ਦੇਰੀ ਉਪਰ ਲਾਇਆ ਜਾਣ ਵਾਲਾ ਜੁਰਮਾਨਾ ਰੱਦ ਕੀਤਾ ਜਾਂਦਾ ਹੈ ਤਾਂ ਪਾਲਣਾ ਹੋਰ ਘੱਟ ਸਕਦੀ ਹੈ। 
ਮਾਲੀਆ ਸਕੱਤਰ ਨੇ ਕਿਹਾ ਕਿ 16 ਅਕਤੂਬਰ ਤੱਕ ਸਤੰਬਰ ਲਈ 10 ਲੱਖ ਰਿਟਰਨਾਂ ਦਾਖਲ ਕੀਤੀਆਂ ਗਈਆਂ ਸਨ। ਪਿਛਲੇ 40-45 ਦਿਨਾਂ ਵਿਚ ਜੀ. ਐੱਸ. ਟੀ. ਐੱਨ. ਨਾਲ ਜੁੜੀਆਂ ਸਮੱਸਿਆਵਾਂ ਘੱਟ ਗਈਆਂ ਹਨ। ਸਾਡੇ ਕੋਲ ਅਜਿਹੀ ਪ੍ਰਣਾਲੀ ਹੋਣੀ ਚਾਹੀਦੀ ਹੈ ਜਿਸ ਵਿਚ ਕੋਈ ਤਰੁੱਟੀ ਨਾ ਹੋਵੇ। ਪਿਛਲੇ ਕੁਝ ਹਫਤਿਆਂ ਵਿਚ ਕੋਈ ਸਮੱਸਿਆ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਤਹਿਤ ਵਪਾਰ ਵਿਚ ਆਸਾਨੀ ਲਈ ਸੁਧਾਰ ਦੀ ਕੋਸ਼ਿਸ਼ ਜਾਰੀ ਹੈ। 
ਆਧਿਆ ਨੇ ਕਿਹਾ ਕਿ ਅਸੀਂ ਉਹ ਸਾਰੇ ਪਹਿਲੂਆਂ ਦਾ ਅਧਿਐਨ ਕਰ ਰਹੇ ਹਾਂ, ਜਿਸ ਨਾਲ ਵਪਾਰ ਕਰਨ ਵਿਚ ਆਸਾਨੀ ਨਾਲ ਸੁਧਾਰ ਕੀਤਾ ਜਾ ਸਕੇ। ਮੰਤਰੀਆਂ ਦਾ ਗਰੁੱਪ ਅਜੇ ਵੀ ਬੁਨਿਆਦੀ ਯੋਜਨਾ ਨਾਲ ਸਬੰਧਤ ਮਾਮਲਿਆਂ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਫੀਸਦੀ ਦੀ ਟੈਕਸ ਸਲੈਬ ਤਹਿਤ ਚੀਜ਼ਾਂ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ, ਜਿਸ ਨੂੰ ਸਮੇਂ ਦੇ ਨਾਲ ਕਰ ਲਿਆ ਜਾਵੇਗਾ।


Related News