ਸਰਕਾਰ ਦੇ ਇਸ ਨਵੇਂ ਫੈਸਲੇ ਨਾਲ NRI ਘਬਰਾਏ, ਵਕੀਲਾਂ ਨੂੰ ਕਰਨ ਲੱਗੇ ਫੋਨ!

07/25/2017 7:25:50 AM

ਮੁੰਬਈ— ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਨੇੜੇ ਆ ਗਈ ਹੈ। ਅਜਿਹੇ 'ਚ ਬਾਹਰਲੇ ਮੁਲਕਾਂ 'ਚ ਬੈਠੇ ਭਾਰਤੀਆਂ ਦੀ ਪ੍ਰੇਸ਼ਾਨੀ ਵਧ ਗਈ ਹੈ। ਦਰਅਸਲ ਸਰਕਾਰ ਵੱਲੋਂ ਇਸ ਵਾਰ ਰਿਟਰਨ ਭਰਨ ਸਮੇਂ ਜ਼ਰੂਰੀ ਕੀਤਾ ਗਿਆ ਹੈ ਕਿ ਵਿਦੇਸ਼ਾਂ 'ਚ ਬੈਠੇ ਭਾਰਤੀਆਂ ਨੂੰ ਆਪਣੇ ਬਾਹਰਲੇ ਮੁਲਕਾਂ 'ਚ ਖੋਲ੍ਹੇ ਗਏ ਸਾਰੇ ਤਰ੍ਹਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨਾਲ ਸਾਂਝੀ ਕਰਨੀ ਹੋਵੇਗੀ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦਾ ਖਾਤਾ ਕਿਹੜੇ ਦੇਸ਼ 'ਚ ਹੈ ਅਤੇ ਕਿਹੜੀ ਬੈਂਕ 'ਚ ਹੈ? ਬਹੁਤ ਸਾਰੇ ਐੱਨ. ਆਰ. ਆਈ., ਪ੍ਰਵਾਸੀ ਅਤੇ ਵਿਦੇਸ਼ੀ ਜਿਨ੍ਹਾਂ ਦਾ ਇੱਥੇ ਪ੍ਰਾਈਵੇਟ ਇਕੁਇਟੀ ਤੇ ਹੈੱਜ ਫੰਡ 'ਚ ਨਿਵੇਸ਼ ਹੈ, ਉਹ ਭਾਰਤੀ ਟੈਕਸ ਵਿਭਾਗ ਵੱਲੋਂ ਮੰਗੀ ਗਈ ਨਵੀਂ ਜਾਣਕਾਰੀ ਕਾਰਨ ਪ੍ਰੇਸ਼ਾਨ ਹਨ। 
ਐੱਨ. ਆਰ. ਆਈ. ਹੋਏ ਪ੍ਰੇਸ਼ਾਨ
ਸਰਾਕਰ ਵੱਲੋਂ ਕਿਸੇ ਤਰ੍ਹਾਂ ਦੀ ਸਖਤ ਕਾਰਵਾਈ ਦੇ ਡਰ ਕਾਰਨ ਬਹੁਤ ਸਾਰੇ ਟੈਕਸ ਮਾਹਰਾਂ ਅਤੇ ਵਕੀਲਾਂ ਨੂੰ ਅਜਿਹੇ ਭਾਰੀ ਗਿਣਤੀ 'ਚ ਫੋਨ ਆ ਰਹੇ ਹਨ। ਇਸ ਵਿਚਕਾਰ ਐੱਨ. ਆਰ. ਆਈ. ਅਤੇ ਵਿਦੇਸ਼ੀ ਜੋ ਭਾਰਤ 'ਚ ਟੈਕਸ ਭਰਦੇ ਹਨ, ਉਹ ਟੈਕਸ ਰਿਟਰਨ ਭਰਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਨਾਲ ਦੱਸ ਰਹੇ ਹਨ। ਕੁਝ ਟੈਕਸ ਦੇ ਰਹੇ ਹਨ ਪਰ ਰਿਟਰਨ ਨਹੀਂ ਭਰ ਰਹੇ ਹਨ, ਉਹ ਉਮੀਦ ਕਰ ਰਹੇ ਹਨ ਕਿ ਸਰਕਾਰ ਜਲਦੀ ਹੀ ਇਸ 'ਤੇ ਸਥਿਤੀ ਸਪੱਸ਼ਟ ਕਰੇਗੀ। ਬਹੁਤ ਸਾਰੇ ਬਿਨਾਂ ਵਿਦੇਸ਼ੀ ਖਾਤਿਆਂ ਦਾ ਵੇਰਵਾ ਦਿੱਤੇ ਰਿਟਰਨ ਭਰ ਰਹੇ ਹਨ ਅਤੇ ਸੋਚ ਰਹੇ ਹਨ ਕਿ ਜੇਕਰ ਸਰਕਾਰ ਸਖਤੀ ਨਾਲ ਕਹੇਗੀ ਤਾਂ ਬਾਅਦ 'ਚ ਦੱਸ ਦੇਵਾਂਗੇ। ਇਸ ਦੇ ਇਲਾਵਾ ਟੈਕਸ ਰਿਫੰਡ ਹਾਸਲ ਕਰਨ ਲਈ ਕੁਝ ਵਿਅਕਤੀ ਆਪਣੇ ਇਕ ਵਿਦੇਸ਼ੀ ਜਾਂ ਭਾਰਤੀ ਖਾਤੇ ਦਾ ਵੇਰਵਾ ਦੇ ਰਹੇ ਹਨ ਅਤੇ ਕਈ ਲੋਕਾਂ ਨੇ ਆਖਰੀ ਤਰੀਕ ਤਕ ਆਪਣੀ ਰਿਟਰਨ ਦਾਖਲ ਨਾ ਕਰਨ ਦਾ ਫੈਸਲਾ ਕੀਤਾ ਹੈ। 
ਕੀ ਹੈ ਨਵਾਂ ਨਿਯਮ?
ਹਾਲ ਹੀ 'ਚ ਇਨਕਮ ਟੈਕਸ ਵਿਭਾਗ ਨੇ ਰਿਟਰਨ ਫਾਰਮ ਆਈ. ਟੀ. ਆਰ.-2 'ਚ ਇਕ ਨਵਾਂ ਪ੍ਰਬੰਧ ਜੋੜਿਆ ਹੈ। ਇਸ ਨਵੇਂ ਪ੍ਰਬੰਧ ਤਹਿਤ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਦੇ ਬਾਹਰ ਬੈਂਕ ਖਾਤਿਆਂ ਦਾ ਵੇਰਵਾ ਦੇਣਾ ਹੀ ਹੋਵੇਗਾ। ਬਹੁਤ ਸਾਰੇ ਐੱਨ. ਆਰ. ਆਈ. ਜੋ ਕਈ ਸਾਲਾਂ ਤੋਂ ਬਾਹਰ ਹਨ ਉਹ ਵੀ ਭਾਰਤ 'ਚ ਇਨਕਮ ਟੈਕਸ ਰਿਟਰਨ ਭਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਟਾਕ, ਜਾਇਦਾਦ ਅਤੇ ਫਿਕਸਡ ਇਨਕਮ ਵਾਲੇ ਸਰੋਤ ਜਿਵੇਂ ਕਿ ਬਾਂਡ ਅਤੇ ਬੈਂਕ ਜਮ੍ਹਾ ਤੋਂ ਆਮਦਨ ਪ੍ਰਾਪਤ ਹੁੰਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਟੈਕਸ ਤੋਂ ਬਚਣ ਲਈ ਆਪਣੇ ਪਰਿਵਾਰ ਦੇ ਇਕ ਮੈਂਬਰ ਨੂੰ ਐੱਨ. ਆਰ. ਆਈ. ਬਣਾ ਦਿੰਦੇ ਹਨ। ਅਜਿਹੇ 'ਚ ਕਾਲੇ ਧਨ ਨੂੰ ਸਾਫ ਕਰਨ ਲਈ ਵਿਦੇਸ਼ਾਂ ਦੇ ਟੈਕਸ ਹੈਵਨ ਬੈਂਕਾਂ 'ਚ ਪੈਸੇ ਨੂੰ ਜਮ੍ਹਾ ਕੀਤਾ ਜਾ ਰਿਹਾ ਹੈ। ਇਸ ਪੈਸੇ ਨੂੰ ਭਾਰਤ 'ਚ ਟੈਕਸ ਤੋਂ ਬਚਾਉਣ ਲਈ ਵੱਖ-ਵੱਖ ਮਾਧਿਅਮਾਂ ਜ਼ਰੀਏ ਪੈਸਾ ਵਿਦੇਸ਼ ਭੇਜਿਆ ਜਾਂਦਾ ਹੈ।


Related News