ਵਿਦੇਸ਼ ਦੀ ਸੈਰ ਹੋਵੇਗੀ ਸਸਤੀ, ਸਿਰਫ ਇੰਨੇ ਰੁਪਏ ''ਚ ਭਰ ਸਕੋਗੇ ਉਡਾਣ!

05/23/2017 3:36:45 PM

ਨਵੀਂ ਦਿੱਲੀ— ਸਸਤੀਆਂ ਜਹਾਜ਼ ਸੇਵਾਵਾਂ ਲਈ ਜਾਣੀ ਜਾਂਦੀ ਸਪਾਈਸ ਜੈੱਟ ਭਾਰਤ ''ਚ ਲੰਮੀ ਦੂਰੀ ਦੀ ਹਵਾਈ ਸੇਵਾ ''ਚ ਅਹਿਮ ਬਦਲਾਅ ਦੀ ਯੋਜਨਾ ਬਣਾ ਰਹੀ ਹੈ। ਸਪਾਈਸ ਜੈੱਟ ਹੁਣ 30,000 ਰੁਪਏ ਕਿਰਾਏ ''ਚ ਦਿੱਲੀ ਤੋਂ ਲੰਡਨ ਲਈ ਆਉਣ ਅਤੇ ਜਾਣ ਦੀ ਸਹੂਲਤ ਸ਼ੁਰੂ ਕਰਨ ਦੀ ਤਿਆਰੀ ''ਚ ਹੈ। ਯਾਨੀ ਸਿਰਫ 15000 ਰੁਪਏ ''ਚ ਦਿੱਲੀ ਤੋਂ ਲੰਡਨ ਜਾਇਆ ਜਾ ਸਕੇਗਾ।

ਅਜੇ ਦਿੱਲੀ ਤੋਂ ਲੰਡਨ ਦੀ ਸਿੱਧੀ ਉਡਾਣ ''ਚ ਆਉਣ-ਜਾਣ ਦਾ ਕਿਰਾਇਆ ਤਕਰੀਬਨ 45,000 ਰੁਪਏ ਲੱਗਦਾ ਹੈ ਅਤੇ ਜ਼ਿਆਦਾ ਮੰਗ ਦੌਰਾਨ ਕਿਰਾਇਆ ਵਧ ਵੀ ਜਾਂਦਾ ਹੈ। ਹੁਣ ਕੰਪਨੀ ਸਸਤੀ ਕੌਮਾਂਤਰੀ ਸੇਵਾ ਦੇਣ ਦੀ ਯੋਜਨਾ ਬਣਾ ਰਹੀ ਹੈ ਅਤੇ ਜੇਕਰ ਸਭ ਕੁਝ ਠੀਕ-ਠਾਕ ਰਿਹਾ ਤਾਂ ਅਗਲੇ ਸਾਲ ਦੀ ਸ਼ੁਰੂਆਤ ਤੋਂ ਇਹ ਉਡਾਣ ਸ਼ੁਰੂ ਹੋ ਜਾਵੇਗੀ।

ਕੀ ਕਿਹਾ ਕੰਪਨੀ ਦੇ ਸੀ. ਐੱਮ. ਡੀ. ਨੇ..

ਸਪਾਈਸ ਜੈੱਟ ਦੇ ਸੀ. ਐੱਮ. ਡੀ. ਅਜੈ ਸਿੰਘ ਨੇ ਕਿਹਾ, ''ਸਾਨੂੰ ਲੱਗਦਾ ਹੈ ਕਿ ਇਸ ਦੀ ਬਹੁਤ ਜ਼ਿਆਦਾ ਮੰਗ ਹੈ। ਦੇਸ਼ ''ਚ ਖੁਸ਼ਹਾਲੀ ਅਤੇ ਨਿੱਜੀ ਕਮਾਈ ਵਧਣ ਨਾਲ ਲੋਕ ਸਸਤਾ ਕਿਰਾਇਆ ਹੋਣ ''ਤੇ ਯਾਤਰਾ ਕਰਨਾ ਚਾਹੁੰਦੇ ਹਨ। ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਆਉਣ ਵਾਲੇ ਸਮੇਂ ''ਚ ਦਿੱਲੀ ਤੋਂ ਲੰਡਨ ਜਾਣ ਦਾ ਕਿਰਾਇਆ (ਇਕ ਪਾਸੇ ਦਾ) 15,000 ਰੁਪਏ ਹੋ ਜਾਵੇਗਾ। ਏਅਰਲਾਈਨ ਇਸ ਸਮੇਂ ਸੰਚਾਲਨ ਲਾਗਤ ਘਟਾਉਣ ਦੇ ਸੰਭਾਵੀ ਕਦਮਾਂ ''ਤੇ ਕੰਮ ਕਰ ਰਹੀ ਹੈ, ਜਿਸ ਦੇ ਨਾਲ ਟਿਕਟ ਦੇ ਮੁੱਲ ਘੱਟ ਰਹਿ ਸਕਣ। ਕੰਪਨੀ ਸਾਰੇ ਇਕਨਾਮੀ ਕਲਾਸ ਕੈਬਨ ਰੱਖੇਗੀ, ਜਿਸ ''ਚ ਲੈੱਗ ਸਪੇਸ (ਸੀਟਾਂ ਦੀ ਦੂਰੀ) ਘੱਟ ਹੋਵੇਗੀ। ਨਾਲ ਹੀ ਖਾਣ-ਪੀਣ ਵਰਗੀਆਂ ਵਾਧੂ ਸੇਵਾਵਾਂ ਅਤੇ ਯਾਤਰਾ ਸ਼ੁਰੂ ਕਰਨ ਵੇਲੇ ਵਾਈ-ਫਾਈ ਸਹੂਲਤ, ਸੀਟਾਂ ਦੀ ਚੋਣ ਅਤੇ ਚੈੱਕ-ਇਨ ਵਰਗੀਆਂ ਸਹੂਲਤਾਂ ਘਟਾਉਣ ਨਾਲ ਖਰਚੇ ''ਚ ਕਟੌਤੀ ਕਰਨਾ ਸ਼ਾਮਲ ਹੈ।'' 

ਕੰਪਨੀ ਇੰਝ ਕਰੇਗੀ ਖਰਚਿਆਂ ''ਚ ਕਟੌਤੀ

- ਕੰਪਨੀ ਇਕਨਾਮੀ ਕਲਾਸ ''ਚ ਸੀਟਾਂ ਦੀ ਗਿਣਤੀ ਵਧਾਏਗੀ। 

- ਕੰਪਨੀ ਉਸ ਹਵਾਈ ਅੱਡੇ ਤੋਂ ਸੰਚਾਲਨ ਕਰੇਗੀ ਜਿੱਥੇ ਫੀਸ ਘੱਟ ਹੋਵੇਗੀ।

- ਖਾਣਾ, ਬੇਵਰਿਜਿਜ਼, ਵਾਈ-ਫਾਈ ਆਦਿ ਸੇਵਾਵਾਂ ਨੂੰ ਬੰਦ ਕਰ ਕੇ ਜਾਂ ਯਾਤਰੀ ਤੋਂ ਵੱਖਰੇ ਤੌਰ ''ਤੇ ਪੈਸੇ ਲੈ ਕੇ। 

- ਹਵਾਈ ਜਹਾਜ਼ ਪਟੇ ''ਤੇ ਲੈਣ ਲਈ ਮੁੱਲ ''ਚ ਸੌਦੇਬਾਜ਼ੀ ਕਰ ਕੇ।

ਲੰਡਨ ਦੇ ਇਸ ਹਵਾਈ ਅੱਡੇ ਤੋਂ ਸੰਚਾਲਨ ਕਰੇਗੀ ਕੰਪਨੀ

ਆਪਣੇ ਖਰਚਿਆਂ ''ਚ ਕਟੌਤੀ ਕਰਨ ਲਈ ਸਪਾਈਸ ਜੈੱਟ ਲੰਡਨ ਦੇ ਹੀਥਰੋ ਹਵਾਈ ਅੱਡੇ ਦੀ ਬਜਾਏ ਗੇਟਵਿਕ ਹਵਾਈ ਅੱਡੇ ਤੋਂ ਸੰਚਾਲਨ ਕਰੇਗੀ, ਜਿੱਥੇ ਫੀਸ ਘੱਟ ਹੈ। ਸਿੰਘ ਨੇ ਕਿਹਾ ਕਿ ਅਸੀਂ ਕਈ ਕਦਮਾਂ ''ਤੇ ਇਕੱਠੇ ਵਿਚਾਰ ਕਰ ਰਹੇ ਹਾਂ, ਜਿਸ ਨਾਲ ਸੰਚਾਲਨ ਲਾਗਤ ਘੱਟ ਹੋ ਸਕੇ ਅਤੇ ਮਾਲੀਏ ''ਚ ਵਾਧਾ ਹੋਵੇ। ਸਾਰੇ ਜਹਾਜ਼ਾਂ ''ਚ ਖਾਣਾ, ਬੇਵਰਿਜਿਜ਼, ਵਾਈ-ਫਾਈ ਆਦਿ ਸ਼ਾਮਲ ਹੁੰਦਾ ਹੈ। ਕੀ ਅਸੀਂ ਇਨ੍ਹਾਂ ਸੇਵਾਵਾਂ ਨੂੰ ਬੰਦ ਕਰ ਸਕਦੇ ਹਾਂ ਜਾਂ ਇਸ ਲਈ ਯਾਤਰੀ ਨੂੰ ਵੱਖਰਾ ਭੁਗਤਾਨ ਕਰਨ ਲਈ ਕਹਿ ਸਕਦੇ ਹਾਂ? ਮੈਨੂੰ ਲੱਗਦਾ ਹੈ ਕਿ ਲੋਕ ਅਜਿਹਾ ਚਾਹੁੰਦੇ ਹਨ ਕਿ ਉਹ ਖੁਦ ਫੈਸਲਾ ਕਰਨ ਕਿ ਕਿਹੜੀ ਸਹੂਲਤ ਉਹ ਚਾਹੁੰਦੇ ਹਨ ਅਤੇ ਕਿਹੜੀ ਸੁਵਿਧਾ ਲਈ ਭੁਗਤਾਨ ਕਰਨਾ ਚਾਹੁੰਦੇ ਹਨ। ਆਪਣੀ ਯੋਜਨਾ ਮੁਤਾਬਕ ਜੇਕਰ ਸਪਾਈਸ ਜੈੱਟ ਬੋਇੰਗ 787.8 ਡਰੀਮਲਾਈਨਰ ''ਚ ਪੂਰੀਆਂ ਸੀਟਾਂ ਇਕਨਾਮੀ ਕਲਾਸ ਦੀਆਂ ਰੱਖੇਗੀ ਤਾਂ ਸੀਟਾਂ ਦੀ ਗਿਣਤੀ ਵਧ ਕੇ ਤਕਰੀਬਨ 350 ਹੋ ਜਾਵੇਗੀ।


Related News