ਜਿਓ ਦੀ ਦਸਤਕ ਨਾਲ ਟੈਲੀਕਾਮ ਇੰਡਸਟਰੀ ''ਚ ਹੜਕੰਪ

07/23/2017 2:01:44 AM

ਨਵੀਂ ਦਿੱਲੀ— ਜਿਓ ਵੱਲੋਂ 1500 ਰੁਪਏ ਸਕਿਓਰਿਟੀ ਲੈ ਕੇ ਮੁਫਤ 'ਚ ਲਾਂਚ ਕੀਤੇ ਗਏ ਫੋਨ ਦਾ ਸਭ ਤੋਂ ਜ਼ਿਆਦਾ ਨੁਕਸਾਨ ਮੋਬਾਇਲ ਫੋਨ ਨਿਰਮਾਤਾ ਕੰਪਨੀਆਂ ਮਾਈਕ੍ਰੋਮੈਕਸ, ਇੰਟੈਕਸ, ਲਾਵਾ, ਕਾਰਬਨ, ਸੈਮਸੰਗ ਤੋਂ ਇਲਾਵਾ ਵੀਵੋ ਤੇ ਓਪੋ ਨੂੰ ਵੀ ਹੋਣ ਦਾ ਅਨੁਮਾਨ ਹੈ। 
ਇੰਡਸਟਰੀ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜਿਓ ਵੱਲੋਂ ਪੇਸ਼ ਕੀਤੇ ਗਏ ਆਫਰ ਤੋਂ ਬਾਅਦ ਹੋਰ ਕੰਪਨੀਆਂ 'ਤੇ ਵੀ ਅਜਿਹਾ ਆਫਰ ਲੈ ਕੇ ਆਉਣ ਦਾ ਦਬਾਅ ਵਧੇਗਾ। 
ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਵਧੇਰੇ ਕੰਪਨੀਆਂ ਪਹਿਲਾਂ ਤੋਂ ਹੀ ਆਪਣੇ ਮੌਜੂਦਾ ਫੋਨ ਦੀ ਤਕਨੀਕ 'ਚ ਸੁਧਾਰ ਕਰ ਕੇ ਸਸਤਾ 4-ਜੀ ਫੋਨ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ ਅਤੇ ਇਨ੍ਹਾਂ ਫੋਨਾਂ 'ਚ ਹੋਰ ਫੀਚਰ ਜੋੜੇ ਜਾ ਰਹੇ ਹਨ ਪਰ ਇਨ੍ਹਾਂ ਕੰਪਨੀਆਂ ਨੂੰ ਹੁਣ ਆਪਣੇ ਮੋਬਾਇਲ ਵੇਚਣ ਲਈ ਕਿਸੇ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲੀ ਮੋਬਾਇਲ ਕੰਪਨੀ ਦੀ ਬਾਂਹ ਫੜਨੀ ਪੈ ਸਕਦੀ ਹੈ। 
ਹਾਲਾਂਕਿ ਇੰਡਸਟਰੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜਿਓ ਰਾਹੀਂ ਸਮਾਰਟਫੋਨ ਨਾਲ ਜੁੜਨ ਵਾਲੇ ਸਾਰੇ ਕਸਟਮਰ ਜਿਓ ਨਾਲ ਹੀ ਨਹੀਂ ਜੁੜੇ ਰਹਿਣਗੇ ਅਤੇ ਬਿਹਤਰ ਤਜਰਬੇ ਲਈ ਮਹਿੰਗੇ ਸਮਾਰਟਫੋਨਾਂ ਵੱਲ ਵੀ ਰੁਖ ਕਰਨਗੇ, ਜਿਸ ਨਾਲ ਇੰਡਸਟਰੀ ਨੂੰ ਲੰਬੇ ਦੌਰ 'ਚ ਇਸ ਦਾ ਫਾਇਦਾ ਹੋ ਸਕਦਾ ਹੈ। 
ਸਮਾਰਟਫੋਨ ਦੀ ਕੀਮਤ ਪਹੁੰਚ ਤੋਂ ਬਾਹਰ ਹੋਣ ਕਾਰਨ ਪਿਛਲੇ ਇਕ ਸਾਲ 'ਚ ਸਮਾਰਟਫੋਨ ਦੇ ਬਾਜ਼ਾਰ 'ਚ ਉਮੀਦ ਮੁਤਾਬਕ ਤੇਜ਼ੀ ਨਹੀਂ ਆਈ ਹੈ ਅਤੇ ਇਸ ਦੀ ਗ੍ਰੋਥ ਦੀ ਰਫਤਾਰ ਸੁਸਤ ਹੋ ਗਈ ਹੈ।


Related News