ਹੁਣ Paytm ''ਤੇ ਲੈ ਸਕਦੇ ਹੋ ਇੰਨਾ ਲੋਨ, ਨਹੀਂ ਦੇਣਾ ਹੋਵੇਗਾ ਕੋਈ ਵਿਆਜ

11/18/2017 7:38:26 AM

ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਮੂਵੀ ਟਿਕਟ ਬੁੱਕ ਕਰਾਉਣ, ਬਿੱਲ ਦਾ ਭੁਗਤਾਨ ਕਰਨ ਜਾਂ ਫਿਰ ਆਨਲਾਈਨ ਕੋਈ ਚੀਜ਼ ਖਰੀਦਣ ਲਈ ਇਸ ਵਕਤ ਪੈਸੇ ਨਹੀਂ ਹਨ ਪਰ ਅਗਲੇ ਮਹੀਨੇ ਤਕ ਪੈਸੇ ਮੋੜ ਸਕਦੇ ਹੋ ਤਾਂ ਹੁਣ ਪੇਟੀਐੱਮ 'ਤੇ ਇਹ ਸੇਵਾ ਸ਼ੁਰੂ ਹੋ ਗਈ ਹੈ। ਪੇਟੀਐੱਮ ਨੇ ਆਈ. ਸੀ. ਆਈ. ਸੀ. ਆਈ. ਬੈਂਕ ਨਾਲ ਕਰਾਰ ਕਰਕੇ 'ਪੇਟੀਐਮ ਪੋਸਟਪੇਡ' ਸੇਵਾ ਲਾਂਚ ਕਰ ਦਿੱਤੀ ਹੈ। ਇਹ ਬਦਲ ਤੁਹਾਨੂੰ ਪੇਟੀਐੱਮ 'ਚ ਆਪਣੀ ਪ੍ਰੋਫਾਇਲ 'ਤੇ ਕਲਿੱਕ ਕਰਨ 'ਤੇ ਮਿਲੇਗਾ, ਜਿਸ 'ਚ 'ਪੇਟੀਐੱਮ ਪੋਸਟਪੇਡ' ਲਿਖਿਆ ਹੋਵੇਗਾ। ਹਾਲਾਂਕਿ ਸ਼ੁਰੂਆਤ 'ਚ ਇਸ ਸਰਵਿਸ ਤਹਿਤ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਆਪਣੇ ਪੇਟੀਐੱਮ ਐਪ ਦੇ ਗਾਹਕਾਂ ਨੂੰ ਲੋਨ ਦਿੱਤਾ ਜਾਵੇਗਾ ਪਰ ਜਲਦ ਹੀ ਪੇਟੀਐੱਮ ਵਰਤਣ ਵਾਲੇ ਹੋਰ ਗਾਹਕਾਂ ਨੂੰ ਵੀ ਇਹ ਸੁਵਿਧਾ ਮਿਲੇਗੀ।
ਕਿੰਨਾ ਮਿਲ ਸਕਦੈ ਲੋਨ, ਕਿਵੇਂ ਕਰੇਗਾ ਕੰਮ
ਜੇਕਰ ਤੁਸੀਂ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕ ਹੋ ਤਾਂ ਤੁਹਾਨੂੰ ਪੇਟੀਐੱਮ ਪੋਸਟੇਡ 'ਤੇ 45 ਦਿਨਾਂ ਤਕ ਦੇ ਲੋਨ ਲਈ ਕੋਈ ਵਿਆਜ ਨਹੀਂ ਦੇਣਾ ਹੋਵੇਗਾ। ਹਾਲਾਂਕਿ ਆਖਰੀ ਤਰੀਕ ਤਕ ਜੇਕਰ ਤੁਸੀਂ ਬੈਂਕ ਨੂੰ ਰਕਮ ਵਾਪਸ ਨਹੀਂ ਕਰਦੇ ਤਾਂ 50 ਰੁਪਏ ਜੁਰਮਾਨੇ ਦੇ ਨਾਲ 3 ਫੀਸਦੀ ਪ੍ਰਤੀ ਮਹੀਨਾ ਵਿਆਜ ਵਸੂਲਿਆ ਜਾਵੇਗਾ। ਪੇਟੀਐੱਮ ਪੋਸਟਪੇਡ 'ਤੇ ਹੀ ਤੁਸੀਂ ਆਪਣੇ ਡੈਬਿਟ ਕਾਰਡ ਜਾਂ ਵਾਲਿਟ ਜ਼ਰੀਏ ਬੈਂਕ ਨੂੰ ਲੋਨ ਦੇ ਪੈਸੇ ਵਾਪਸ ਕਰ ਸਕਦੇ ਹੋ। ਪੇਟੀਐੱਮ ਪੋਸਟਪੇਡ 'ਤੇ ਮਿਲਣ ਵਾਲਾ ਲੋਨ ਡਿਜੀਟਲ ਤਰੀਕੇ ਨਾਲ ਹੀ ਮਿਲੇਗਾ ਅਤੇ ਇਸ ਨੂੰ ਕੈਸ਼ ਨਹੀਂ ਕਰਵਾ ਸਕਦੇ।
ਉੱਥੇ ਹੀ, ਪੇਟੀਐੱਮ ਅਤੇ ਆਈ. ਸੀ. ਆਈ. ਸੀ. ਆਈ ਬੈਂਕ ਵੱਲੋਂ ਲਾਂਚ ਕੀਤੇ ਗਏ ਪੇਟੀਐੱਮ ਪੋਸਟਪੇਡ ਖਾਤੇ ਲਈ ਕਿਸੇ ਵੀ ਦਸਤਾਵੇਜ਼ ਜਾਂ ਬਰਾਂਚ 'ਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਇਕ ਪ੍ਰਾਈਵੇਟ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੈ। ਇਸ ਸਰਵਿਸ ਤਹਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਗਾਹਕਾਂ ਨੂੰ 3000 ਰੁਪਏ ਤੋਂ 20,000 ਰੁਪਏ ਤਕ ਦਾ ਛੋਟਾ ਲੋਨ ਮਿਲ ਸਕਦਾ ਹੈ। ਹਾਲਾਂਕਿ, ਇਹ ਲਿਮਟ ਗਾਹਕ ਦੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰੇਗੀ, ਯਾਨੀ ਜਿੰਨਾ ਵਧੀਆ ਕ੍ਰੈਡਿਟ ਸਕੋਰ ਹੋਵੇਗਾ ਓਨਾ ਜ਼ਿਆਦਾ ਲੋਨ ਮਿਲੇਗਾ।
ਕੀ ਕਰਨਾ ਹੋਵੇਗਾ- ਪ੍ਰੋਫਾਇਲ ਸੈਕਸ਼ਨ 'ਚ ਜਾ ਕੇ ਪੇਟੀਐੱਮ ਪੋਸਟਪੇਡ 'ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਪੇਟੀਐੱਮ ਪੋਸਟਪੇਡ ਖਾਤਾ ਬਣਾਉਣ ਲਈ ਆਪਣੀ ਜਾਣਕਾਰੀ ਭਰੋ ਜਿਵੇਂ ਕਿ ਆਧਾਰ ਅਤੇ ਪੈਨ ਨੰਬਰ। 2 ਮਿੰਟ 'ਚ ਤੁਹਾਡਾ ਖਾਤਾ ਬਣ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਇਸ ਸੁਵਿਧਾ ਨੂੰ ਵਰਤ ਸਕੋਗੇ। ਇਕ ਵਾਰ ਤੁਹਾਡੀ ਲੋਨ ਲਿਮਟ ਤੈਅ ਹੋਣ 'ਤੇ ਤੁਸੀਂ ਵਿਆਜ ਮੁਕਤ ਡਿਜੀਟਲ ਲੋਨ 'ਤੇ ਖਰੀਦਦਾਰੀ ਕਰ ਸਕੋਗੇ ਅਤੇ ਤੁਹਾਡਾ ਬਿੱਲ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਰਨੇਟ ਹੋ ਜਾਵੇਗਾ।


Related News