ICICI ਤੇ Paytm ਨੇ ਕੀਤਾ ਕਰਾਰ, ਤੁਹਾਨੂੰ ਹੋਵੇਗਾ ਇਹ ਵੱਡਾ ਫਾਇਦਾ

11/16/2017 3:51:22 PM

ਨਵੀਂ ਦਿੱਲੀ— ਜੇਕਰ ਤੁਹਾਡੇ ਕੋਲ ਇਸ ਵਕਤ ਪੈਸੇ ਨਹੀਂ ਹਨ ਪਰ ਤੁਸੀਂ ਅਗਲੇ 15 ਦਿਨਾਂ ਤਕ ਉਸ ਦੀ ਪੇਮੈਂਟ ਕਰ ਸਕਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਪੇਟੀਐੱਮ ਨੇ ਆਪਣੇ ਗਾਹਕਾਂ ਨੂੰ ਇਕ ਖਾਸ ਸੁਵਿਧਾ ਦੇਣ ਲਈ ਪ੍ਰਾਈਵੇਟ ਖੇਤਰ ਦੇ ICICI ਬੈਂਕ ਨਾਲ ਕਰਾਰ ਕੀਤਾ ਹੈ। ਇਸ ਤਹਿਤ ਪੇਟੀਐੱਮ ਅਤੇ ICICI ਬੈਂਕ ਦੋਵੇਂ ਮਿਲ ਕੇ 'ਪੇਟੀਐੱਮ-ICICI ਬੈਂਕ ਪੋਸਟਪੇਡ' ਸਰਵਿਸ ਲਾਂਚ ਕਰਨਗੇ, ਜਿਸ ਜ਼ਰੀਏ ਤੁਸੀਂ ਡਿਜੀਟਲ ਲੋਨ ਆਸਾਨੀ ਨਾਲ ਲੈ ਸਕੋਗੇ। ਇਸ ਸੁਵਿਧਾ ਜ਼ਰੀਏ ਲੱਖਾਂ ਲੋਕਾਂ ਨੂੰ ਰੋਜ਼ਾਨਾ ਖਰਚ ਦੇ ਭੁਗਤਾਨ ਲਈ 20,000 ਰੁਪਏ ਤਕ ਦਾ ਡਿਜੀਟਲ ਲੋਨ ਮਿਲੇਗਾ, ਜਿਸ ਦਾ ਇਸਤੇਮਾਲ ਬਿੱਲਾਂ ਦੇ ਭੁਗਤਾਨ, ਉਡਾਣ ਅਤੇ ਰੇਲ ਟਿਕਟ ਆਦਿ ਲਈ ਕੀਤਾ ਜਾ ਸਕੇਗਾ। ਉੱਥੇ ਹੀ, ਇਸ ਸੁਵਿਧਾ ਤਹਿਤ ਬੈਂਕ ਵੱਲੋਂ ਇਸ ਪੈਸੇ 'ਤੇ 45 ਦਿਨ ਤਕ ਕੋਈ ਵਿਆਜ ਨਹੀਂ ਵਸੂਲਿਆ ਜਾਵੇਗਾ। 45 ਦਿਨਾਂ ਤੋਂ ਬਾਅਦ ਬੈਂਕ ਲਗਭਗ 50 ਰੁਪਏ ਜੁਰਮਾਨਾ ਅਤੇ ਪ੍ਰਤੀ ਮਹੀਨਾ 3 ਫੀਸਦੀ ਵਿਆਜ ਚਾਰਜ ਕਰੇਗਾ।


ਹਾਲਾਂਕਿ ਸ਼ੁਰੂਆਤ 'ਚ ਇਕ ਗਾਹਕ 10,000 ਰੁਪਏ ਤਕ ਦਾ ਲੋਨ ਲੈ ਸਕੇਗਾ ਪਰ ਜੇਕਰ ਤੁਸੀਂ ਇਸ ਪੈਸੇ ਨੂੰ ਸਹੀ ਸਮੇਂ 'ਤੇ ਮੋੜ ਦਿੰਦੇ ਹੋਏ ਤਾਂ ਤੁਹਾਡੀ ਲਿਮਟ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਜਾਵੇਗੀ। ਹਾਲਾਂਕਿ ਸ਼ੁਰੂਆਤ 'ਚ ਇਹ ਸਰਵਿਸ ਪੇਟੀਐਮ ਵਰਤਣ ਵਾਲੇ ICICI ਬੈਂਕ ਦੇ ਗਾਹਕਾਂ ਨੂੰ ਮਿਲੇਗੀ ਪਰ ਜਲਦ ਹੀ ਇਹ ਸੇਵਾ ਨਾਨ-ਆਈ. ਸੀ. ਆਈ. ਸੀ. ਆਈ. ਬੈਂਕਾਂ ਦੇ ਗਾਹਕਾਂ ਨੂੰ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਗਾਹਕ ਨੂੰ ਦਿੱਤੇ ਜਾਣ ਵਾਲੇ ਲੋਨ ਦੀ ਲਿਮਟ 3000 ਰੁਪਏ ਤੋਂ ਲੈ ਕੇ 20,000 ਰੁਪਏ ਤਕ ਹੋਵੇਗੀ, ਇਹ ਲਿਮਟ ਗਾਹਕ ਦੇ ਕ੍ਰੈਡਿਟ ਸਕੋਰ 'ਤੇ ਨਿਰਭਰ ਕਰੇਗੀ। 'ਪੇਟੀਐੱਮ-ICICI ਬੈਂਕ ਪੋਸਟਪੇਡ' ਸੇਵਾ ਇਕ ਡਿਜੀਟਲ ਕ੍ਰੈਡਿਟ ਖਾਤਾ ਹੋਵੇਗਾ ਜੋ ਤੁਰੰਤ ਚਾਲੂ ਹੋ ਜਾਵੇਗਾ ਅਤੇ ਇਸ ਨੂੰ ਸ਼ੁਰੂ ਕਰਨ ਲਈ ਕਿਸੇ ਕਾਗਜ਼ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਨਾ ਹੀ ਬੈਂਕ ਦੀ ਕਿਸੇ ਬਰਾਂਚ 'ਚ ਜਾਣਾ ਪਵੇਗਾ। ਗਾਹਕ ਦੀ ਕ੍ਰੈਡਿਟ ਲਿਮਟ ਤੈਅ ਹੋਣ 'ਤੇ ਜਦੋਂ ਉਹ ਇਸ ਜ਼ਰੀਏ ਕੋਈ ਭੁਗਤਾਨ ਕਰੇਗਾ ਤਾਂ ਜਿਸ ਮਹੀਨੇ ਭੁਗਤਾਨ ਕੀਤਾ ਹੋਵੇਗਾ ਉਸ ਦੇ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਗਾਹਕ ਕੋਲ ਬਿੱਲ ਆ ਜਾਵੇਗਾ ਅਤੇ ਉਸ ਨੂੰ 15 ਦਿਨ ਅੰਦਰ ਪੈਸੇ ਜਮ੍ਹਾ ਕਰਾਉਣੇ ਹੋਣਗੇ। ਗਾਹਕ ਉਸ ਬਿੱਲ ਦਾ ਭੁਗਤਾਨ ਆਪਣੇ ਡਿਜੀਟਲ ਵਾਲਿਟ ਜਾਂ ਕਿਸੇ ਵੀ ਬੈਂਕ ਦੇ ਡੈਬਿਟ ਜਾਂ ਨੈੱਟ ਬੈਂਕਿੰਗ ਜ਼ਰੀਏ ਕਰ ਸਕੇਗਾ।


Related News