ਪਿਆਜ਼, ਟਮਾਟਰ ਦੀਆਂ ਕੀਮਤਾਂ ''ਚ ਗਿਰਾਵਟ

12/12/2017 1:29:37 AM

ਨਵੀਂ ਦਿੱਲੀ  (ਭਾਸ਼ਾ)-ਰਾਸ਼ਟਰੀ ਰਾਜਧਾਨੀ ਦੇ ਥੋਕ ਅਤੇ ਪ੍ਰਚੂਨ ਦੋਵਾਂ ਹੀ ਬਾਜ਼ਾਰਾਂ 'ਚ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਵਪਾਰੀਆਂ ਅਨੁਸਾਰ ਆਮਦ 'ਚ ਸੁਧਾਰ ਨਾਲ ਇਨ੍ਹਾਂ ਦੇ ਭਾਅ ਨਰਮ ਹੋ ਰਹੇ ਹਨ।
ਵਪਾਰਕ ਅੰਕੜਿਆਂ ਅਨੁਸਾਰ ਪਿਆਜ਼ ਦੀ ਪ੍ਰਚੂਨ ਕੀਮਤ 80 ਰੁਪਏ ਪ੍ਰਤੀ ਕਿਲੋ ਤੋਂ ਘਟ ਕੇ 50-60 ਰੁਪਏ ਕਿਲੋ ਤੱਕ ਆ ਗਈ ਹੈ। ਇਸੇ ਤਰ੍ਹਾਂ ਟਮਾਟਰ 70-80 ਰੁਪਏ ਪ੍ਰਤੀ ਕਿਲੋ ਦੀ ਥਾਂ ਘਟ ਕੇ ਅੱਜ 45 ਰੁਪਏ ਕਿਲੋ ਦੇ ਭਾਅ ਵਿਕ ਰਿਹਾ ਸੀ। ਦੇਸ਼ ਦੇ ਹੋਰ ਹਿੱਸਿਆਂ 'ਚ ਟਮਾਟਰ ਅਤੇ ਪਿਆਜ਼ ਦੇ ਮੁੱਲ ਡਿਗਣ ਲੱਗੇ ਹਨ।
ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਟਮਾਟਰ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਨੇ ਕਿਹਾ, ''ਦੱਖਣ ਭਾਰਤ, ਉਤਰਾਖੰਡ, ਛੱਤੀਸ਼ਗੜ੍ਹ ਅਤੇ ਰਾਜਸਥਾਨ ਤੋਂ ਟਮਾਟਰ ਦੀ ਸਪਲਾਈ 'ਚ ਸੁਧਾਰ ਹੋਇਆ ਹੈ। ਇਸ ਨਾਲ ਇਸ ਦੀ ਥੋਕ ਵਿਕਰੀ ਕੀਮਤ 'ਚ ਗਿਰਾਵਟ ਆਈ ਹੈ।'' ਉਨ੍ਹਾਂ ਦੱਸਿਆ ਕਿ ਆਜ਼ਾਦਪੁਰ 'ਚ ਟਮਾਟਰ ਦੀ ਆਮਦ ਲਗਭਗ ਦੁੱਗਣੀ ਹੋ ਕੇ 500 ਟਨ ਤੱਕ ਪਹੁੰਚ ਗਈ ਹੈ। ਪਿਛਲੇ ਹਫ਼ਤੇ ਆਮਦ ਲਗਭਗ 200-250 ਟਨ ਸੀ। ਟਮਾਟਰ ਦਾ ਥੋਕ ਭਾਅ ਸਥਾਨਕ ਮੰਡੀ 'ਚ ਅੱਜ ਘਟ ਕੇ 20 ਤੋਂ 30 ਰੁਪਏ ਕਿਲੋ ਰਿਹਾ। ਇਕ ਹਫ਼ਤੇ ਪਹਿਲਾਂ ਇਹ 40 ਤੋਂ 60 ਰੁਪਏ ਦਰਮਿਆਨ ਸੀ। ਕੌਸ਼ਿਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਟਮਾਟਰ ਦੀ ਆਮਦ ਵਧਣ ਨਾਲ ਇਸ ਦੇ ਹੋਰ ਸਸਤਾ ਹੋਣ ਦੀ ਉਮੀਦ ਹੈ।


Related News