ਮਾਰਚ ਤਕ 11,000 ਤਕ ਪਹੁੰਚ ਸਕਦੈ ਨਿਫਟੀ : ਰਿਪੋਰਟ

10/20/2017 11:16:14 AM

ਮੁੰਬਈ— ਭਾਵੇਂ ਹੀ ਕੁਝ ਆਰਥਿਕ ਵਿਸ਼ਲੇਸ਼ਕ ਦੇਸ਼ ਦੀ ਅਰਥਵਿਵਸਥਾ 'ਚ ਕਮਜ਼ੋਰੀ ਦੀ ਗੱਲ ਕਰ ਰਹੇ ਹੋਣ ਪਰ ਅਗਲੇ 6 ਮਹੀਨਿਆਂ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਹੈ। ਇਕ ਰਿਪੋਰਟ ਦੇ ਸਰਵੇ ਮੁਤਾਬਕ ਮਾਰਚ 2018 ਤਕ ਨਿਫਟੀ 11,000 ਤਕ ਪਹੁੰਚ ਸਕਦਾ ਹੈ। 20 ਦਲਾਲ ਫਰਮਾਂ ਦੇ ਸਰਵੇ 'ਚ 50 ਫੀਸਦੀ ਦਾ ਮੰਨਣਾ ਸੀ ਕਿ ਮੌਜੂਦਾ ਵਿੱਤੀ ਸਾਲ ਦੇ ਖਤਮ ਹੋਣ ਤਕ ਨਿਫਟੀ ਇਸ ਟੀਚੇ ਨੂੰ ਹਾਸਲ ਕਰ ਲਵੇਗਾ, ਜਦੋਂ ਕਿ 46 ਫੀਸਦੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਲ ਦਸੰਬਰ ਤਕ ਹੀ ਨਿਫਟੀ 3 ਫੀਸਦੀ ਜਾਂ ਕਰੀਬ 300 ਅੰਕਾਂ ਤਕ ਉਛਲ ਜਾਵੇਗਾ।

ਸਰਵੇ ਦੌਰਾਨ ਜ਼ਿਆਦਾਤਰ ਲੋਕਾਂ ਨੇ ਕਮਾਈ 'ਚ ਗ੍ਰੋਥ ਘੱਟ ਹੋਣ ਦੀ ਗੱਲ ਕਹੀ। ਹਾਲਾਂਕਿ ਘਰੇਲੂ ਮਿਊਚਅਲ ਫੰਡਸ ਅਤੇ ਬੀਮਾ ਕੰਪਨੀਆਂ ਦੇ ਚੱਲਦੇ ਬਾਜ਼ਾਰ 'ਚ ਸਥਿਰਤਾ ਬਣੀ ਹੋਈ ਹੈ। ਕਈ ਦਲਾਲਾਂ ਨੇ ਕਮਾਈ 'ਚ ਕਮੀ ਹੋਣ ਦਾ ਖਦਸ਼ਾ ਪ੍ਰਗਟ ਕੀਤਾ, ਉੱਥੇ ਹੀ ਤਕਰੀਬਨ 33 ਫੀਸਦੀ ਦਾ ਕਹਿਣਾ ਸੀ ਕਿ ਵਿੱਤੀ ਸਾਲ 2019 'ਚ ਕਮਾਈ 'ਚ 13 ਤੋਂ 15 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਇੰਨੇ ਹੀ ਲੋਕਾਂ ਦਾ ਕਹਿਣਾ ਸੀ ਕਿ ਨਿਫਟੀ ਨਾਲ ਕਮਾਈ 'ਚ 30 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। 
ਰਿਪੋਰਟ ਮੁਤਾਬਕ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਫਸੇ ਕਰਜ਼ੇ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਘੱਟ ਦਿਸਿਆ ਹੈ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਨਾਲ ਕਮਾਈ 'ਚ ਕੋਈ ਅਸਰ ਨਹੀਂ ਦਿਸੇਗਾ।


Related News