ਨਵੇਂ ਸਾਲ ''ਚ ਆਨਲਾਈਨ ਮਿਲੇਗਾ ਡੀਜ਼ਲ, ਕਿਸਾਨਾਂ ਨੂੰ ਹੋਵੇਗਾ ਫਾਇਦਾ

10/18/2017 12:34:26 PM

ਨਵੀਂ ਦਿੱਲੀ— ਨਵੇਂ ਸਾਲ 'ਚ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਡੀਜ਼ਲ ਦੀ ਆਨਲਾਈਨ ਡਲਿਵਰੀ ਦੀ ਸੁਵਿਧਾ ਸ਼ੁਰੂ ਕਰਨ ਜਾ ਰਹੀਆਂ ਹਨ। ਆਨਲਾਈਨ ਅਤੇ ਈ-ਕਾਮਰਸ ਕੰਪਨੀਆਂ ਦੇ ਵਧ ਰਹੇ ਬਾਜ਼ਾਰ ਦੀ ਤਰ੍ਹਾਂ ਤੇਲ ਕੰਪਨੀਆਂ ਵੀ ਇਸੇ ਤਰ੍ਹਾਂ ਦੀ ਯੋਜਨਾ ਬਣਾ ਰਹੀਆਂ ਹਨ। ਖਬਰਾਂ ਮੁਤਾਬਕ, ਸੁਰੱਖਿਆ ਮਨਜ਼ੂਰੀ ਮਿਲਣ ਤੋਂ ਬਾਅਦ ਦਸੰਬਰ 'ਚ ਇਸ ਸੇਵਾ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਤੇਲ ਕੰਪਨੀਆਂ ਦੀ ਇਸ ਨਵੀਂ ਸਰਵਿਸ ਦਾ ਲਾਭ ਸਭ ਤੋਂ ਵਧ ਕਿਸਾਨਾਂ ਅਤੇ ਵਪਾਰਕ ਗਾਹਕਾਂ ਨੂੰ ਹੋਵੇਗਾ, ਜਿਨ੍ਹਾਂ ਦੇ ਡੀਜ਼ਲ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣਾ ਕੰਮ ਛੱਡ ਕੇ ਸ਼ਹਿਰ ਨਹੀਂ ਜਾਣਾ ਪਵੇਗਾ।

ਤੇਲ ਕੰਪਨੀਆਂ ਡੀਜ਼ਲ ਦੀ ਡਲਿਵਰੀ ਐੱਲ. ਪੀ. ਜੀ. ਸਿਲੰਡਰ ਦੀ ਤਰ੍ਹਾਂ ਕਰਨਗੀਆਂ। ਖਬਰਾਂ ਮੁਤਾਬਕ, ਇਸ ਲਈ ਨਵੇਂ ਤਰ੍ਹਾਂ ਦੇ ਟੈਂਕਰ ਦੀ ਵਰਤੋਂ ਹੋਵੇਗੀ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਭੀੜ-ਭਾੜ ਅਤੇ ਰਿਹਾਇਸ਼ੀ ਇਲਾਕਿਆਂ 'ਚ ਡੀਜ਼ਲ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਪਿੰਡ-ਦਿਹਾਤ 'ਚ ਰਹਿਣ ਵਾਲੇ ਅਤੇ ਫੈਕਟਰੀ ਇਲਾਕੇ ਨੂੰ ਤਰਜੀਹ ਦਿੱਤੀ ਜਾਵੇਗੀ। ਮੰਤਰਾਲੇ ਦੇ ਹੀ ਇਕ ਅਧਿਕਾਰੀ ਮੁਤਾਬਕ, ਡੀਜ਼ਲ ਦੀ ਹੋਮ ਡਲਿਵਰੀ 'ਤੇ ਮੁੱਖ ਤੌਰ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇੱਥੇ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਸ 'ਚ ਸੁਰੱਖਿਆ ਕਿਵੇਂ ਪੱਕੀ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਪੈਟਰੋਲੀਅਮ ਪਦਾਰਥ ਜਲਣਸ਼ੀਲ ਹਨ, ਇਸ ਲਈ ਕਈ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਦੇ ਵਾਹਨ 'ਚ ਹੋਮ ਡਲਿਵਰੀ ਲਈ ਭੇਜਿਆ ਜਾਵੇ। ਉਨ੍ਹਾਂ ਮੁਤਾਬਕ, ਸ਼ੁਰੂਆਤ 'ਚ ਡੀਜ਼ਲ ਜਾਂ ਪੈਟਰੋਲ ਦੇ ਵੱਡੇ ਗਾਹਕਾਂ ਨੂੰ ਇਸ ਯੋਜਨਾ ਜ਼ਰੀਏ ਡਲਿਵਰੀ ਕੀਤੀ ਜਾਵੇਗੀ, ਜਿਵੇਂ ਕਿ ਕੋਈ ਵੱਡਾ ਕਿਸਾਨ ਹੈ ਅਤੇ ਖੇਤੀ ਦੇ ਮੌਸਮ 'ਚ ਹਰ ਹਫਤੇ 500 ਲੀਟਰ ਡੀਜ਼ਲ ਦੀ ਜ਼ਰੂਰਤ ਹੈ। ਉਹ ਇਸ ਲਈ ਸਭ ਕੰਮ ਛੱਡ ਕੇ ਸ਼ਹਿਰ ਜਾ ਕੇ ਡੀਜ਼ਲ ਲਿਆਉਂਦਾ ਹੈ। ਇਨ੍ਹਾਂ ਨੂੰ ਬੁਕਿੰਗ 'ਤੇ ਹੋਮ ਡਲਿਵਰੀ ਮਿਲੇਗੀ। ਇਸੇ ਤਰ੍ਹਾਂ ਸ਼ਹਿਰਾਂ ਦੇ ਉਦਯੋਗਿਕ ਖੇਤਰ 'ਚ ਵੱਡੇ ਗਾਹਕਾਂ ਨੂੰ ਵੀ ਹੋਮ ਡਲਿਵਰੀ ਦਿੱਤੀ ਜਾ ਸਕਦੀ ਹੈ। ਅਜਿਹਾ ਵੀ ਕੀਤਾ ਜਾ ਸਕਦਾ ਹੈ ਕਿ ਦੂਰ-ਦੁਰਾਡੇ ਇਲਾਕਿਆਂ 'ਚ ਹਫਤੇ ਦੇ ਕਿਸੇ ਦਿਨ ਇਕ ਪਿੰਡ 'ਚ ਮੋਬਾਇਲ ਡਿਸਪੈਂਸਰ ਆਵੇਗਾ, ਜੋ ਚਾਹੇ ਉੱਥੇ ਆ ਕੇ ਡੀਜ਼ਲ ਲੈ ਸਕੇਗਾ।


Related News