ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗੇਗਾ ਵੱਡਾ ਝਟਕਾ, ਮਹਿੰਗਾ ਹੋਵੇਗਾ 'ਜਾਮ'

06/27/2017 3:32:24 PM

ਨਵੀਂ ਦਿੱਲੀ— ਜੁਲਾਈ 'ਚ ਸ਼ਰਾਬ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। 1 ਜੁਲਾਈ ਤੋਂ ਹੀ ਸ਼ਰਾਬ ਜਾਂ ਸ਼ਰਾਬ ਤੋਂ ਬਣੀ ਕਿਸੇ ਵੀ ਚੀਜ਼ ਦੇ ਮੁੱਲ ਵਧ ਸਕਦੇ ਹਨ। ਹਾਲਾਂਕਿ ਸ਼ਰਾਬ ਜੀ. ਐੱਸ. ਟੀ. ਦੇ ਦਾਇਰੇ 'ਚੋਂ ਬਾਹਰ ਹੈ ਪਰ ਫਿਰ ਵੀ ਇਸ ਦੇ ਮੁੱਲ ਵਧ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਜਿਸ ਬੋਤਲ 'ਚ ਸ਼ਰਾਬ ਪੈਕ ਹੁੰਦੀ ਹੈ ਉਹ ਮਹਿੰਗੀ ਹੋਣ ਵਾਲੀ ਹੈ। ਜੀ. ਐੱਸ. ਟੀ. 'ਚ ਕੱਚ ਦੀਆਂ ਬੋਤਲਾਂ 'ਤੇ 18 ਫੀਸਦੀ ਟੈਕਸ ਹੋਵੇਗਾ, ਜੋ ਕਿ ਪਹਿਲਾਂ 15 ਫੀਸਦੀ ਸੀ। ਉੱਥੇ ਹੀ ਸ਼ੀਰੇ 'ਤੇ 28 ਫੀਸਦੀ ਟੈਕਸ ਲੱਗੇਗਾ, ਜੋ ਪਹਿਲਾਂ 12 ਤੋਂ 15 ਫੀਸਦੀ ਤਕ ਲੱਗਦਾ ਸੀ। ਇਸ ਤੋਂ ਇਲਾਵਾ ਟਰਾਂਸਪੋਰਟ ਟੈਕਸ 4.5 ਫੀਸਦੀ ਤੋਂ ਵਧਾ ਕੇ 5 ਫੀਸਦੀ ਤਕ ਕੀਤਾ ਗਿਆ ਹੈ। 
ਭਾਵੇਂ ਹੀ ਤੁਸੀਂ, ਵਿਸਕੀ, ਰਮ, ਵੋਡਕਾ ਜਾਂ ਕੋਈ ਹੋਰ ਸ਼ਰਾਬ ਲਓ, ਤੁਹਾਨੂੰ ਨਸ਼ੇ ਦਾ ਝਟਕਾ ਦੇਣ ਤੋਂ ਪਹਿਲਾਂ ਉਹ ਤੁਹਾਡੀ ਜੇਬ ਨੂੰ ਜ਼ੋਰ ਦਾ ਝਟਕਾ ਦੇ ਸਕਦੀ ਹੈ। ਸ਼ਰਾਬ ਇੰਡਸਟਰੀ ਦਾ ਮੰਨਣਾ ਹੈ ਕਿ ਲਾਗਤ ਵਧਣ ਨਾਲ ਕੰਪਨੀਆਂ ਦਾ ਲਾਭ ਦਬਾਅ 'ਚ ਆ ਸਕਦਾ ਹੈ। ਇਸ ਕਾਰਨ ਕੰਪਨੀਆਂ ਨੂੰ ਆਪਣਾ ਥੋੜ੍ਹਾ ਦਬਾਅ ਗਾਹਕਾਂ 'ਤੇ ਪਾਉਣਾ ਪੈ ਸਕਦਾ ਹੈ। ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਸ਼ਰਾਬ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਲਾਗਤ 12 ਤੋਂ 15 ਫੀਸਦੀ ਵਧ ਸਕਦੀ ਹੈ, ਜਿਸ ਦਾ ਸਿੱਧਾ ਅਸਰ ਸ਼ਰਾਬ ਦੇ ਸ਼ੌਕੀਨਾਂ ਦੀ ਜੇਬ 'ਤੇ ਪਵੇਗਾ।


Related News