ਜਾਣੋ ਕੀ ਹੈ ਐੱਚ-1ਬੀ ਵੀਜ਼ਾ, ਅਮਰੀਕਾ ''ਚ ਕਿਉਂ ਹੋ ਰਿਹੈ ਇਸ ਦਾ ਵਿਰੋਧ

04/23/2017 8:25:20 AM

ਨਵੀਂ ਦਿੱਲੀ— ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀਆਂ ''ਚ ਪ੍ਰਸਿੱਧ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਵਾਲੇ ਹਨ। ਇਸ ਦਾ ਪ੍ਰਭਾਵ ਉੱਥੇ ਕੰਮ ਰਹੀਆਂ ਭਾਰਤੀਆਂ ਕੰਪਨੀਆਂ ਅਤੇ ਇੱਥੋਂ ਜਾਣ ਵਾਲੇ ਪੇਸ਼ੇਵਰਾਂ ''ਤੇ ਪਵੇਗਾ। ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਫੈਸਲੇ ਨੂੰ ਵੀ ਪਲਟਿਆ ਜਾ ਸਕਦਾ ਹੈ, ਜਿਸ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ''ਚ ਰੁਕਣ ਦੀ ਛੋਟ ਮਿਲ ਜਾਂਦੀ ਹੈ। ਆਓ ਜਾਣਦੇ ਹਾਂ ਐੱਚ.-1ਬੀ ਵੀਜ਼ਾ ਬਾਰੇ।

ਕੀ ਹੈ ਐੱਚ-1ਬੀ ਵੀਜ਼ਾ?

ਐੱਚ-1ਬੀ ਵੀਜ਼ਾ ਇਕ ''ਨਾਨ-ਇਮੀਗ੍ਰੇਸ਼ਨ'' ਵੀਜ਼ਾ ਹੈ। ਇਹ ਕਿਸੇ ਕਰਮਚਾਰੀ ਨੂੰ ਅਮਰੀਕਾ ''ਚ ਵਧ ਤੋਂ ਵਧ 6 ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ''ਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਹੁਨਰਮੰਦ ਕਰਮਚਾਰੀਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ''ਚ ਕਮੀ ਹੋਵੇ। ਇਸ ਵੀਜ਼ਾ ਲਈ ਕੁਝ ਸ਼ਰਤਾਂ ਵੀ ਹਨ। ਜਿਵੇਂ ਕਿ ਇਸ ਨੂੰ ਹਾਸਲ ਕਰਨ ਵਾਲਾ ਵਿਅਕਤੀ ਗਰੈਜ਼ੂਏਟ ਹੋਣ ਦੇ ਨਾਲ ਕਿਸੇ ਇਕ ਖੇਤਰ ''ਚ ਵਿਸ਼ੇਸ਼ ਯੋਗਤਾ ਰੱਖਣ ਵਾਲਾ ਹੋਣਾ ਚਾਹੀਦਾ ਹੈ। ਐੱਚ-1ਬੀ ''ਚ ਖਾਸ ਅਜਿਹੇ ਖੇਤਰ ਸ਼ਾਮਲ ਹਨ, ਜਿਵੇਂ ਕਿ ਸਾਇੰਸ, ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ (ਆਈ. ਟੀ.)। ਇਸ ਵੀਜ਼ਾ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਹਰ ਸਾਲ ਲਾਟਰੀ ਜ਼ਰੀਏ ਜਾਰੀ ਕੀਤਾ ਜਾਂਦਾ ਹੈ। ਐੱਚ-1ਬੀ ਵੀਜ਼ਾ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਟੀ. ਸੀ. ਐੱਸ., ਵਿਪਰੋ, ਇੰਫੋਸਿਸ ਅਤੇ ਟੈੱਕ ਮਹਿੰਦਰਾ ਵਰਗੀਆਂ 50 ਤੋਂ ਵਧ ਭਾਰਤੀ ਆਈ. ਟੀ. ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਵੀ ਕਰਦੀਆਂ ਹਨ। ਐੱਚ-1ਬੀ ਵੀਜ਼ਾ ਤਹਿਤ ਤਕਨਾਲੋਜੀ ਕੰਪਨੀਆਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਦੀਆਂ ਹਨ। 

ਵੀਜ਼ਾ ਦੇ ਵਿਰੋਧ ਦਾ ਕਾਰਨ?

ਅਮਰੀਕਾ ''ਚ ਪਿਛਲੇ ਕਈ ਸਾਲਾਂ ਤੋਂ ਇਸ ਵੀਜ਼ਾ ਨੂੰ ਲੈ ਕੇ ਲੋਕ ਸਖਤ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀਆਂ ਇਸ ਵੀਜ਼ਾ ਨੂੰ ਗਲਤ ਤਰੀਕੇ ਨਾਲ ਵਰਤਦੀਆਂ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਇਹ ਵੀਜ਼ਾ ਅਜਿਹੇ ਹੁਨਰਮੰਦ ਕਰਮਚਾਰੀਆਂ ਨੂੰ ਜਾਰੀ ਕੀਤਾ ਜਾਣਾ ਚਾਹੀਦਾ ਹੈ ਜੋ ਅਮਰੀਕਾ ''ਚ ਮੌਜੂਦ ਨਹੀਂ ਹਨ ਪਰ ਕੰਪਨੀਆਂ ਇਸ ਦੀ ਵਰਤੋਂ ਆਮ ਕਰਮਚਾਰੀਆਂ ਨੂੰ ਰੱਖਣ ਲਈ ਕਰ ਰਹੀਆਂ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਕੰਪਨੀਆਂ ਐੱਚ-1ਬੀ ਵੀਜ਼ਾ ਦੀ ਵਰਤੋਂ ਕਰਕੇ ਅਮਰੀਕੀਆਂ ਦੀ ਜਗ੍ਹਾ ਘੱਟ ਤਨਖਾਹ ''ਤੇ ਵਿਦੇਸ਼ੀ ਕਰਮਚਾਰੀਆਂ ਨੂੰ ਰੱਖ ਲੈਂਦੀਆਂ ਹਨ। ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਉਹ ਸੱਤਾ ''ਚ ਆਉਣ ਤੋਂ ਬਾਅਦ ਇਸ ''ਚ ਸੁਧਾਰ ਕਰਨਗੇ। ਜਿਸ ਤਹਿਤ ਇਨ੍ਹਾਂ ਨਿਯਮਾਂ ਨੂੰ ਸਖਤ ਕੀਤਾ ਜਾ ਰਿਹਾ ਹੈ, ਤਾਂ ਕਿ ਸਿਰਫ ਉਹੀ ਪੇਸ਼ੇਵਰ ਉੱਥੇ ਕੰਮ ਲਈ ਆ ਸਕਣ ਜਿਨ੍ਹਾਂ ਦੀ ਲੋੜ ਹੈ, ਨਾ ਕਿ ਕੋਈ ਵੀ ਆ ਕੇ ਅਮਰੀਕੀ ਕਾਮਿਆਂ ਦੀ ਜਗ੍ਹਾ ਲੈ ਲਵੇ। ਰਾਸ਼ਟਰਪਤੀ ਡੋਨਾਲਟ ਟਰੰਪ ਦਾ ਕਹਿਣਾ ਹੈ ਕਿ ਕੰਪਨੀਆਂ ਘੱਟ ਤਨਖਾਹ ਦੇ ਕੇ ਵਿਦੇਸ਼ੀਆਂ ਨੂੰ ਨੌਕਰੀ ''ਤੇ ਰੱਖ ਲੈਂਦੀਆਂ ਹਨ, ਜਿਸ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਮਾਰੀਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਹੁਣ ਖਤਮ ਹੋਵੇਗਾ ਅਤੇ ਕੰਪਨੀਆਂ ਨੂੰ ਅਮਰੀਕੀਆਂ ਨੂੰ ਰੁਜ਼ਗਾਰ ''ਚ ਪਹਿਲ ਦੇਣੀ ਹੋਵੇਗੀ।


Related News