ਹੁਣ ਪੰਪ ''ਤੇ ਚਾਰਜ ਹੋਵੇਗੀ ਗੱਡੀ, ਇੰਡੀਅਨ ਆਇਲ ਨੇ ਲਾਂਚ ਕੀਤਾ ਈ-ਸਟੇਸ਼ਨ

11/19/2017 3:47:51 PM

ਮੁੰਬਈ— ਹੁਣ ਜਲਦ ਹੀ ਪੰਪਾਂ 'ਤੇ ਤੁਹਾਨੂੰ ਪੈਟਰੋਲ-ਡੀਜ਼ਲ ਹੀ ਨਹੀਂ ਗੱਡੀ ਨੂੰ ਚਾਰਜ ਕਰਨ ਦੀ ਵੀ ਸੁਵਿਧਾ ਮਿਲੇਗੀ। ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੇ ਪ੍ਰਾਜੈਕਟ ਨੂੰ ਹੱਲਾਸ਼ੇਰੀ ਦੇਣ ਲਈ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਵੀ ਕੁੱਦ ਗਈ ਹੈ। ਐਤਵਾਰ ਨੂੰ ਇੰਡੀਅਨ ਆਇਲ ਨੇ ਆਪਣੇ ਪੰਪ 'ਤੇ ਪਹਿਲਾ ਚਾਰਜਿੰਗ ਸਟੇਸ਼ਨ ਖੋਲ੍ਹ ਕੇ ਦੇਸ਼ 'ਚ ਪੈਟਰੋਲ ਪੰਪਾਂ 'ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ (ਈ-ਸਟੇਸ਼ਨ) ਨਾਗਪੁਰ ਸ਼ਹਿਰ 'ਚ ਖੋਲ੍ਹਿਆ ਗਿਆ ਹੈ। ਇੰਡੀਅਨ ਆਇਲ ਕੰਪਨੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੰਡੀਅਨ ਆਇਲ ਨੇ ਪਹਿਲੀ ਵਾਰ ਭਾਰਤ 'ਚ ਇਲੈਕਟ੍ਰਿਕ ਚਾਰਜਿੰਗ ਸੁਵਿਧਾ ਸ਼ੁਰੂ ਕੀਤੀ ਹੈ। ਇਹ ਨਿਮਰ ਸ਼ੁਰੂਆਤ ਹੈ ਪਰ ਦੇਸ਼ 'ਚ ਗ੍ਰੀਨ ਊਰਜਾ ਨੂੰ ਵਾਧਾ ਦੇਣ ਲਈ ਵੱਡਾ ਕਦਮ ਹੈ। ਉਸ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਹੈ, ਜੋ ਕਿ ਕਿਸੇ ਪੈਟਰੋਲ ਪੰਪ 'ਤੇ ਹੋਵੇਗਾ। ਨਾਗਪੁਰ 'ਚ ਹੋਈ ਸ਼ੁਰੂਆਤ ਤੋਂ ਬਾਅਦ ਜਲਦ ਹੀ ਦੇਸ਼ 'ਚ ਹੋਰ ਪੈਟਰੋਲ ਪੰਪਾਂ 'ਤੇ ਵੀ ਚਾਰਜਿੰਗ ਸਟੇਸ਼ਨ ਖੁੱਲ੍ਹ ਸਕਦੇ ਹਨ।
ਸਰਕਾਰ ਦਾ ਮਕਸਦ 2030 ਤਕ ਦੇਸ਼ ਭਰ 'ਚ ਇਲੈਕਟ੍ਰਿਕ ਵਾਹਨਾਂ ਨੂੰ ਚਲਾਉਣ ਦਾ ਹੈ। ਇਸ ਦੇ ਮੱਦੇਨਜ਼ਰ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਹੈ, ਤਾਂ ਕਿ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਕੰਪਨੀਆਂ ਜਲਦ ਤੋਂ ਜਲਦ ਈ-ਵਾਹਨਾਂ ਲਈ ਤਿਆਰ ਹੋਣ। ਉੱਥੇ ਹੀ, ਸਰਕਾਰ ਦੇ ਮਕਸਦ ਤਹਿਤ ਦੇਸ਼ 'ਚ ਈ-ਵਾਹਨਾਂ ਨੂੰ ਵਾਧਾ ਦੇਣ ਲਈ ਕਾਰ ਕੰਪਨੀਆਂ ਵੀ ਤਿਆਰ ਹੋ ਰਹੀਆਂ ਹਨ। ਹਾਲ ਹੀ 'ਚ ਟੋਇਟਾ ਅਤੇ ਸੁਜ਼ੂਕੀ ਨੇ ਭਾਰਤ 'ਚ ਇਲੈਕਟ੍ਰਿਕ ਕਾਰਾਂ ਬਣਾਉਣ ਲਈ ਸਮਝੌਤਾ ਕੀਤਾ ਹੈ। ਉੱਥੇ ਹੀ, ਮਾਰੂਤੀ ਵੀ 2020 ਤੋਂ ਪਹਿਲਾਂ ਇਲੈਕਟ੍ਰਿਕ ਕਾਰ ਪੇਸ਼ ਕਰ ਸਕਦੀ ਹੈ।
ਕਿਉਂ ਦਿੱਤਾ ਜਾ ਰਿਹੈ ਈ-ਕਾਰਾਂ 'ਤੇ ਇੰਨਾ ਜ਼ੋਰ
ਪੈਰਿਸ ਸਮਝੌਤੇ ਤਹਿਤ 2030 ਤਕ ਕਾਰਬਨ ਨਿਕਾਸੀ ਘਟਾਉਣਾ ਜ਼ਰੂਰੀ ਹੈ, ਜਿਸ ਤਹਿਤ ਕਈ ਦੇਸ਼ਾਂ 'ਚ ਇਲੈਕਟ੍ਰਿਕ ਕਾਰਾਂ ਨੂੰ ਸ਼ੁਰੂ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ, ਭਾਰਤ ਤੇਲ ਮੰਗ ਘਟਾਉਣ ਲਈ ਇਲੈਕਟ੍ਰਿਕ ਕਾਰਾਂ 'ਤੇ ਤੇਜ਼ੀ ਨਾਲ ਵਧਣਾ ਚਾਹੁੰਦਾ ਹੈ। ਹੁਣ ਤਕ ਭਾਰਤ 82 ਫੀਸਦੀ ਤੇਲ ਦਰਾਮਦ ਕਰਦਾ ਹੈ।ਇਲੈਕਟ੍ਰਿਕ ਕਾਰਾਂ 'ਤੇ ਸ਼ਿਫਟ ਹੋਣ ਨਾਲ ਭਾਰਤ ਦੇ ਕਰੋੜਾਂ ਰੁਪਏ ਤੇਲ ਦੀ ਦਰਾਮਦ 'ਤੇ ਵੀ ਬਚਣਗੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਦਾ ਬਹੁਤ ਹੱਦ ਤਕ ਹੱਲ ਹੋ ਜਾਵੇਗਾ।


Related News