ਤੁਸੀਂ ਵੀ ਕਿਰਾਏ ''ਤੇ ਦਿੱਤਾ ਹੈ ਘਰ ਜਾਂ ਜ਼ਮੀਨ, ਤਾਂ ਜ਼ਰੂਰ ਪੜ੍ਹੋ ਇਹ ਖਬਰ!

03/29/2017 8:00:29 PM

ਨਵੀਂ ਦਿੱਲੀ— ਕੀ ਤੁਸੀਂ ਆਪਣੀ ਜ਼ਮੀਨ ਲੀਜ਼ ''ਤੇ ਦਿੱਤੀ ਹੈ ਜਾਂ ਇਮਾਰਤ ਕਿਰਾਏ ''ਤੇ ਦਿੱਤੀ ਹੈ? ਜੇਕਰ ਅਜਿਹਾ ਹੈ ਤਾਂ 1 ਜੁਲਾਈ ਤੋਂ ਇਸ ''ਤੇ ਮਿਲਣ ਵਾਲੀ ਰਕਮ ''ਤੇ ਹੁਣ ਟੈਕਸ ਦੇਣ ਲਈ ਤਿਆਰ ਰਹੋ। ਇਹੀ ਨਹੀਂ ਨਿਰਮਾਣ ਅਧੀਨ ਇਮਾਰਤ ਦੀ ਕਿਸ਼ਤ ''ਤੇ ਵੀ ਜੀ. ਐੱਸ. ਟੀ. ਲਾਗੂ ਹੋਵੇਗਾ। ਮਤਲਬ ਕਿ ਲੀਜ਼ ''ਤੇ ਦਿੱਤੀ ਗਈ ਜ਼ਮੀਨ, ਕਿਰਾਏ ''ਤੇ ਦਿੱਤੀ ਗਈ ਇਮਾਰਤ ਅਤੇ ਨਿਰਮਾਣ ਅਧੀਨ ਖਰੀਦੇ ਗਏ ਘਰਾਂ ਦੀ ਕਿਸ਼ਤ ''ਤੇ 1 ਜੁਲਾਈ ਤੋਂ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲੱਗੇਗਾ। 

ਹੁਣ ਤਕ ਇਨ੍ਹਾਂ ''ਤੇ ਸਰਵਿਸ ਟੈਕਸ ਲਾਗੂ ਹੁੰਦਾ ਸੀ ਪਰ ਇਨ੍ਹਾਂ ਸਭ ''ਚ ਛੋਟ ਵੀ ਹੁੰਦੀ ਸੀ। ਫਿਲਹਾਲ ਟੈਕਸ ਕਿੰਨਾ ਲੱਗੇਗਾ ਇਸ ''ਤੇ ਫੈਸਲਾ ਅਗਲੇ ਮਹੀਨੇ ਤਕ ਹੋ ਸਕਦਾ ਹੈ। ਸਰਕਾਰ 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਕਰਨ ਦੀ ਤਿਆਰੀ ''ਚ ਹੈ। ਹਾਲਾਂਕਿ ਜ਼ਮੀਨ ਅਤੇ ਇਮਾਰਤ ਦੀ ਵਿਕਰੀ ਨੂੰ ਜੀ. ਐੱਸ. ਟੀ. ਦੇ ਦਾਇਰੇ ''ਚੋਂ ਬਾਹਰ ਰੱਖਿਆ ਜਾਵੇਗਾ ਪਰ ਪਹਿਲਾਂ ਦੀ ਤਰ੍ਹਾਂ ਅਸ਼ਟਾਮ ਡਿਊਟੀ ਲੱਗਦੀ ਰਹੇਗੀ। ਇਸ ਤੋਂ ਇਲਾਵਾ ਬਿਜਲੀ ਨੂੰ ਵੀ ਜੀ. ਐੱਸ. ਟੀ. ਦੇ ਦਾਇਰੇ ''ਚੋਂ ਬਾਹਰ ਰੱਖਿਆ ਗਿਆ ਹੈ।

ਕੇਂਦਰੀ ਜੀ. ਐੱਸ. ਟੀ. ਮੁਤਾਬਕ ਕਿਸੀ ਵੀ ਤਰ੍ਹਾਂ ਦੀ ਲੀਜ਼, ਕਿਰਾਏਦਾਰੀ, ਜ਼ਮੀਨ ''ਤੇ ਕਬਜ਼ੇ ਲਈ ਲਾਈਸੈਂਸ ''ਤੇ ਜੀ. ਐੱਸ. ਟੀ. ਲਾਗੂ ਹੋਵੇਗਾ।

ਇਸ ਤੋਂ ਇਲਾਵਾ ਕਿਸੇ ਵੀ ਇਮਾਰਤ ਦੇ ਪੂਰੇ ਜਾਂ ਅੱਧੇ ਹਿੱਸੇ ਨੂੰ ਲੀਜ਼ ਜਾਂ ਕਿਰਾਏ ''ਤੇ ਦੇਣ ''ਤੇ ਵੀ ਜੀ. ਐੱਸ. ਟੀ. ਲੱਗੇਗਾ। ਇਨ੍ਹਾਂ ਇਮਾਰਤਾਂ ''ਚ ਵਪਾਰਕ, ਉਦਯੋਗਿਕ ਅਤੇ ਰਿਹਾਇਸ਼ੀ ਕੰਪਲੈਕਸ ਸ਼ਾਮਲ ਹਨ।


Related News