ਇਨ੍ਹਾਂ ਥਾਵਾਂ ''ਤੇ ਵਾਈ-ਫਾਈ ਵਰਤਣਾ ਪੈ ਸਕਦਾ ਹੈ ਮਹਿੰਗਾ, ਹੋ ਸਕਦੈ ਨੁਕਸਾਨ

10/20/2017 3:44:45 PM

ਨਵੀਂ ਦਿੱਲੀ— ਜੇਕਰ ਤੁਸੀਂ ਰੇਲਵੇ ਸਟੇਸ਼ਨ ਜਾਂ ਫਿਰ ਹਵਾਈ ਅੱਡੇ 'ਤੇ ਇੰਟਰਨੈੱਟ ਚਲਾਉਣ ਲਈ ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ। ਤੁਹਾਡਾ ਸਮਾਰਟ ਫੋਨ ਜਾਂ ਫਿਰ ਲੈਪਟਾਪ 'ਤੇ ਸਾਈਬਰ ਹਮਲਾ ਆਸਾਨੀ ਨਾਲ ਹੋ ਸਕਦਾ ਹੈ। ਅਜਿਹੇ 'ਚ ਤੁਹਾਡਾ ਡਾਟਾ ਚੋਰੀ ਹੋਣ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਸਰਕਾਰੀ ਏਜੰਸੀ 'ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ'  ਨੇ ਇਸ ਤਰ੍ਹਾਂ ਦੀ ਚਿਤਵਾਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਥਾਵਾਂ 'ਤੇ ਮੁਫਤ ਵਾਈ-ਫਾਈ ਵਰਤਣ ਵਾਲਿਆਂ 'ਤੇ ਸਾਈਬਰ ਹਮਲੇ ਦਾ ਖਤਰਾ ਜ਼ਿਆਦਾ ਹੈ। 

ਏਜੰਸੀ ਨੇ ਕਿਹਾ ਕਿ ਪਬਲਿਕ ਵਾਈ-ਫਾਈ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਨਿੱਜੀ ਜਾਣਕਾਰੀ ਹੈਕਰ ਆਸਾਨੀ ਨਾਲ ਹੈਕ ਕਰ ਸਕਦੇ ਹਨ। ਜਿਨ੍ਹਾਂ ਚੀਜ਼ਾਂ ਨੂੰ ਹੈਕਰ ਹੈਕ ਕਰਨ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ 'ਚ ਕ੍ਰੈਡਿਟ ਕਾਰਡ, ਪਾਸਵਰਡ, ਚੈਟਿੰਗ, ਈ-ਮੇਲ, ਪੈਨ, ਆਧਾਰ ਨੰਬਰ ਦੀ ਜਾਣਕਾਰੀ ਸਮੇਤ ਹੋਰ ਕੋਈ ਅਹਿਮ ਜਾਣਕਾਰੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਮੁਫਤ ਇੰਟਰਨੈੱਟ ਦੇ ਚੱਕਰਾਂ 'ਚ ਪਬਲਿਕ ਵਾਈ-ਫਾਈ ਵਰਤਣ ਨੂੰ ਪਹਿਲ ਦਿੰਦੇ ਹਨ, ਜਿਸ 'ਚ ਕੋਈ ਪਾਸਵਰਡ ਨਾ ਹੋਣ ਨਾਲ ਉਨ੍ਹਾਂ ਦੇ ਫੋਨ ਦੀ ਜਾਣਕਾਰੀ ਖਤਰੇ 'ਚ ਆ ਜਾਂਦੀ ਹੈ। ਏਜੰਸੀ ਨੇ ਇਸ ਸਮੱਸਿਆ ਤੋਂ ਬਚਣ ਲਈ ਲੋਕਾਂ ਨੂੰ ਪਬਲਿਕ ਵਾਈ-ਫਾਈ ਦੀ ਜਗ੍ਹਾ ਵੀ. ਪੀ. ਐੱਨ. (ਵਰਚੂਅਲ ਪ੍ਰਾਈਵੇਟ ਨੈੱਟਵਰਕ) ਅਤੇ ਵਾਇਰਡ ਨੈੱਟਵਰਕ ਵਰਤਣ ਦੀ ਸਲਾਹ ਦਿੱਤੀ ਹੈ।


Related News