'ਹੀਰੋ' ਦਾ ਵਰਲਡ ਰਿਕਾਰਡ, ਇਕ ਦਿਨ 'ਚ ਹੀ ਲੋਕਾਂ ਨੇ ਬਰਸਾ ਦਿੱਤੇ ਕਰੋੜਾਂ ਰੁਪਏ

10/20/2017 6:45:07 PM

ਨਵੀਂ ਦਿੱਲੀ— ਦੋ-ਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟਰਸਾਈਕਲ ਨੇ ਧਨਤੇਰਸ ਦੇ ਸ਼ੁੱਭ ਮੌਕੇ 'ਤੇ 17 ਅਕਤੂਬਰ ਨੂੰ ਰਿਕਾਰਡ 3 ਲੱਖ ਵਾਹਨਾਂ ਦੀ ਵਿਕਰੀ ਕੀਤੀ ਹੈ। ਇਸ 'ਚ ਲੋਕਾਂ ਦੀ ਪਹਿਲੀ ਪਸੰਦ ਹੀਰੋ ਸਪਲੈਂਡਰ ਰਿਹਾ। ਹੁਣ ਵਿਕਰੀ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਲੋਕਾਂ ਨੇ ਕਰੋੜਾਂ ਦੀ ਖਰੀਦਦਾਰੀ ਕੀਤੀ ਹੈ, ਯਾਨੀ ਇਸ ਸ਼ੁੱਭ ਮੌਕੇ 'ਤੇ ਲੋਕਾਂ ਨੇ ਦੋ-ਪਹੀਆ ਵਾਹਨਾਂ 'ਚੋਂ ਸਭ ਤੋਂ ਵੱਧ ਹੀਰੋ ਮੋਟੋਕਾਰਪ ਨੂੰ ਪਸੰਦ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੌਮਾਂਤਰੀ ਪੱਧਰ 'ਤੇ ਇਕ ਦਿਨ 'ਚ ਵਿਕਰੀ ਦਾ ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਕੰਪਨੀ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਤਿਉਹਾਰੀ ਮੌਸਮ ਹੀਰੋ ਮੋਟੋਕਾਰਪ ਲਈ ਸ਼ਾਨਦਾਰ ਰਿਹਾ ਹੈ। ਧਨਤੇਰਸ ਦੇ ਦਿਨ 3 ਲੱਖ ਤੋਂ ਵੱਧ ਵਾਹਨਾਂ ਦੀ ਵਿਕਰੀ ਦਾ ਵਰਲਡ ਰਿਕਾਰਡ ਇਸ ਸ਼ਾਨਦਾਰ ਸੀਜ਼ਨ ਦੌਰਾਨ ਹਾਸਲ ਹੋਇਆ ਹੈ। 

ਉਨ੍ਹਾਂ ਨੇ ਕਿਹਾ ਕਿ ਹੀਰੋ ਮੋਟੋਕਾਰਪ ਨੇ ਸਤੰਬਰ 'ਚ 7 ਲੱਖ ਤੋਂ ਵੱਧ ਵਾਹਨਾਂ ਦੀ ਵਿਕਰੀ ਕੀਤੀ ਹੈ। ਇਹ ਕਿਸੇ ਵੀ ਕੰਪਨੀ ਦੀ ਸਭ ਤੋਂ ਵੱਧ ਮਹੀਨਾਵਰ ਵਿਕਰੀ ਹੈ। ਦੂਜੀ ਤਿਮਾਹੀ 'ਚ ਕੰਪਨੀ ਨੇ 20 ਲੱਖ 22 ਹਜ਼ਾਰ 805 ਤੋਂ ਵੱਧ ਵਾਹਨ ਵੇਚੇ ਹਨ। ਹੀਰੋ ਮੋਟੋਕਾਰਪ ਨੇ ਹਾਲ ਹੀ 'ਚ ਆਪਣੀ ਸ਼ੁਰੂਆਤ ਤੋਂ ਹੁਣ ਤਕ 7.5 ਕਰੋੜ ਵਾਹਨਾਂ ਦੀ ਵਿਕਰੀ ਦਾ ਅੰਕੜਾ ਪਾਰ ਕੀਤਾ ਹੈ।
 

ਹੀਰੋ ਸਪਲੈਂਡਰ ਬਣਿਆ ਪਹਿਲੀ ਪਸੰਦ

ਕੰਪਨੀ ਦੇ ਜਿਨ੍ਹਾਂ ਮਾਡਲਾਂ ਦੀ ਵਿਕਰੀ ਸਭ ਤੋਂ ਵੱਧ ਹੋਈ ਹੈ, ਉਨ੍ਹਾਂ 'ਚ ਹੀਰੋ ਸਪਲੈਂਡਰ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਗਲੈਮਰ, ਪੈਸ਼ਨ, ਐੱਚ. ਐੱਪ. ਡੀਲਕਸ, ਡਿਊਟ, ਮੈਸਟਰੋ ਐਜ਼ ਅਤੇ ਪਲੇਜ਼ਰ ਸਕੂਟਰ ਸ਼ਾਮਲ ਹਨ। ਹੀਰੋ ਮੋਟੋਕਾਰਪ 'ਚ ਸੇਲਸ ਮਾਰਕੀਟਿੰਗ ਅਤੇ ਕਸਟਮਰ ਕੇਅਰ ਦੇ ਮੁਖੀ ਅਸ਼ੋਕ ਭਸੀਨ ਨੇ ਕਿਹਾ ਕਿ 20 ਲੱਖ ਦੀ ਵਿਕਰੀ ਦਾ ਅੰਕੜਾ ਉਨ੍ਹਾਂ ਲਈ ਮਾਣ ਦਾ ਅੰਕੜਾ ਹੈ।


Related News